ਮੁਲਤਾਨੀ ਵੱਲੋਂ ‘ਆਪ’ ਨੂੰ ਅਲਵਿਦਾ, ਆਜ਼ਾਦ ਚੋਣ ਲੜਨ ਦਾ ਐਲਾਨ ਪ੍ਰੋ. ਜੀਐੱਸ ਮੁਲਤਾਨੀ ਵੱਲੋਂ ‘ਆਪ’ ਨੂੰ ਅਲਵਿਦਾ, ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ
Publish Date: Mon, 16 Nov 2026 05:53 PM (IST)
Updated Date: Mon, 16 Nov 2026 05:54 PM (IST)
ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ ਮੁਕੇਰੀਆਂ : ਆਮ ਆਦਮੀ ਪਾਰਟੀ ਵੱਲੋਂ ਪਹਿਲਾਂ ਹਲਕਾ ਇੰਚਾਰਜ ਦੇ ਅਹੁਦੇ ਤੋਂ ਹਟਾਏ ਜਾਣ ਅਤੇ ਇਸ ਤੋਂ ਬਾਅਦ ਵਿਧਾਨ ਸਭਾ ਚੋਣਾਂ-2027 ਲਈ ਉਮੀਦਵਾਰੀ ਤੋਂ ਵਾਂਝੇ ਕੀਤੇ ਜਾਣ ਮਗਰੋਂ ਪ੍ਰੋ. ਜੀਐੱਸ ਮੁਲਤਾਨੀ ਨੇ ਪਾਰਟੀ ਨਾਲੋਂ ਆਪਣਾ ਨਾਤਾ ਤੋੜਨ ਦਾ ਐਲਾਨ ਕਰ ਦਿੱਤਾ ਹੈ। ਪ੍ਰੋ. ਮੁਲਤਾਨੀ ਦੀ ਅਗਵਾਈ ਹੇਠ ਹੋਈ ਵਿਸ਼ਾਲ ਇਕੱਤਰਤਾ ਦੌਰਾਨ ਉਨ੍ਹਾਂ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦਿੰਦਿਆਂ ਆਗਾਮੀ ਵਿਧਾਨ ਸਭਾ ਚੋਣਾਂ ਆਜ਼ਾਦ ਉਮੀਦਵਾਰ ਵਜੋਂ ਲੜਨ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਇਕੱਤਰਤਾ ਵਿੱਚ ਮੌਜੂਦ ਪਾਰਟੀ ਦੇ ਕਈ ਅਹੁਦੇਦਾਰਾਂ ਅਤੇ ਆਗੂਆਂ ਨੇ ਵੀ ਆਪਣੇ ਅਹੁਦਿਆਂ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ੇ ਦੇ ਕੇ ਪ੍ਰੋ. ਮੁਲਤਾਨੀ ਦੀ ਹਮਾਇਤ ਕਰਨ ਦਾ ਐਲਾਨ ਕੀਤਾ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪ੍ਰੋ. ਜੀਐੱਸ ਮੁਲਤਾਨੀ ਅਤੇ ਹੋਰਨਾਂ ਬੁਲਾਰਿਆਂ ਨੇ ਕਿਹਾ ਕਿ ਉਨ੍ਹਾਂ ਪਿਛਲੇ 11 ਸਾਲਾਂ ਦੌਰਾਨ ਪੂਰੀ ਲਗਨ, ਮਿਹਨਤ ਅਤੇ ਇਮਾਨਦਾਰੀ ਨਾਲ ਦਿਨ-ਰਾਤ ਇੱਕ ਕਰਕੇ ਹਲਕਾ ਮੁਕੇਰੀਆਂ ਵਿੱਚ ਆਮ ਆਦਮੀ ਪਾਰਟੀ ਦੇ ਸਥਾਨਕ ਸੰਗਠਨ ਦੀ ਉਸਾਰੀ ਕੀਤੀ। ਉਨ੍ਹਾਂ ਕਿਹਾ ਕਿ ਪਾਰਟੀ ਲਈ ਲੰਮਾ ਸਮਾਂ ਸਮਰਪਿਤ ਰਹਿਣ ਦੇ ਨਾਲ-ਨਾਲ ਸੂਬੇ ਵਿੱਚ ‘ਆਪ’ ਸਰਕਾਰ ਦੇ ਕਾਰਜਕਾਲ ਦੌਰਾਨ ਵੀ ਉਨ੍ਹਾਂ ਨੇ ਬੇਦਾਗ ਸਿਆਸਤ ਅਤੇ ਹਲਕੇ ਦੇ ਸਰਬਪੱਖੀ ਵਿਕਾਸ ਨੂੰ ਤਰਜੀਹ ਦਿੱਤੀ। ਉਨ੍ਹਾਂ ਪਾਰਟੀ ਦੀ ਮੌਜੂਦਾ ਕਾਰਜਪ੍ਰਣਾਲੀ ’ਤੇ ਸਵਾਲ ਉਠਾਉਂਦਿਆਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਇਮਾਨਦਾਰੀ ਦੀ ਰਾਜਨੀਤੀ ਕਰਨ ਦਾ ਦਾਅਵਾ ਤਾਂ ਕਰਦੀ ਹੈ, ਪਰ ਹੁਣ ਪਾਰਟੀ ਅੰਦਰ ਇਮਾਨਦਾਰ ਅਤੇ ਪੁਰਾਣੇ ਵਰਕਰਾਂ ਦੀ ਕੋਈ ਕਦਰ ਨਹੀਂ ਰਹਿ ਗਈ। ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਪਾਰਟੀ ਹੁਣ ਦਲ-ਬਦਲੂਆਂ ਅਤੇ ਭ੍ਰਿਸ਼ਟ ਲੋਕਾਂ ਦਾ ਅੱਡਾ ਬਣਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਲਈ ਲੰਮਾ ਸਮਾਂ ਕੰਮ ਕਰਨ ਵਾਲੇ ਆਗੂਆਂ ਅਤੇ ਵਰਕਰਾਂ ਦੀ ਅਣਦੇਖੀ ਕਾਰਨ ਉਨ੍ਹਾਂ ਨੂੰ ਇਹ ਫੈਸਲਾ ਲੈਣ ਲਈ ਮਜਬੂਰ ਹੋਣਾ ਪਿਆ ਹੈ। ਪ੍ਰੋ. ਮੁਲਤਾਨੀ ਨੇ ਕਿਹਾ ਕਿ ਉਹ ਆਪਣੇ ਸਮਰਥਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਅਤੇ ਹਲਕੇ ਦੇ ਲੋਕਾਂ ਦੀ ਆਵਾਜ਼ ਨੂੰ ਸਮਰਥਨ ਦਿੰਦਿਆਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਕਿਸੇ ਪਾਰਟੀ ਦੀ ਟਿਕਟ ਦੀ ਬਜਾਏ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਰਨਗੇ। ਇਸ ਤੋਂ ਇਲਾਵਾ ਬਲਾਕ ਪ੍ਰਧਾਨ ਮੁਕੇਰੀਆਂ ਗੁਰਵਿੰਦਰ ਸਿੰਘ, ਸ਼ੋਸ਼ਲ ਮੀਡੀਆ ਪ੍ਰਧਾਨ ਲਖਵਿੰਦਰ ਸਿੰਘ, ਬੀਸੀ ਵਿੰਗ ਪ੍ਰਧਾਨ ਸੁਭਾਸ਼ ਸਿੰਘ, ਯੂਥ ਕੋਆਰਡੀਨੇਟਰ ਕੁਲਦੀਪ ਸਿੰਘ ਸਾਬੀ, ਬਲਾਕ ਪ੍ਰਧਾਨ ਮਾਸਟਰ ਸੇਵਾ ਸਿੰਘ, ਬਖਸ਼ੀਸ਼ ਸਿੰਘ ਸਰਪੰਚ ਕੁੱਲੀਆਂ, ਜ਼ਿਲ੍ਹਾ ਪ੍ਰਧਾਨ ਘੱਟ ਗਿਣਤੀ ਵਿੰਗ ਜੌਨਸ ਮਸੀਹ, ਬਲਾਕ ਪ੍ਰਧਾਨ ਰਾਮੇਸ਼ ਕੁਮਾਰ, ਬਖ਼ਤਾਵਰ ਸਿੰਘ, ਐੱਸਸੀ ਵਿੰਗ ਬਲਾਕ ਪ੍ਰਧਾਨ ਸਤਪਾਲ ਸਿੰਘ, ਭੰਗਾਲਾ ਬਲਾਕ ਪ੍ਰਧਾਨ ਮਲਕੀਤ ਸਿੰਘ, ਸ਼ੋਸ਼ਲ ਮੀਡੀਆ ਪ੍ਰਧਾਨ ਪਵਨ ਕੁਮਾਰ, ਸ਼ੋਸ਼ਲ ਮੀਡੀਆ ਇੰਚਾਰਜ ਹਰਮਿੰਦਰ ਚਿੱਬ, ਹਲਕਾ ਕੋਆਰਡੀਨੇਟਰ ਨਸ਼ਾ ਮੁਕਤੀ ਗੁਰਜੀਤ ਸਿੰਘ, ਹਾਜੀਪੁਰ ਬਲਾਕ ਪ੍ਰਧਾਨ ਬਾਲ ਕ੍ਰਿਸ਼ਨ, ਮੁਕੇਰੀਆਂ ਬਲਾਕ ਪ੍ਰਧਾਨ ਕੁਲਦੀਪ ਸਿੰਘ, ਕ੍ਰਿਸ਼ਚਨ ਵੈੱਲਫੇਅਰ ਬੋਰਡ ਦੇ ਚੇਅਰਮੈਨ ਲਖਵਿੰਦਰ ਮਸੀਹ, ਯੁੱਧ ਨਸ਼ਿਆਂ ਵਿਰੁੱਧ ਦੇ ਕੋਆਰਡੀਨੇਟਰ ਸੁਮਿਤ ਕੁਮਾਰ, ਬਲਾਕ ਪ੍ਰਧਾਨ ਅਮਿਤ ਕੁਮਾਰ, ਬੀਸੀ ਵਿੰਗ ਬਲਾਕ ਪ੍ਰਧਾਨ ਕਰਨੈਲ ਸਿੰਘ, ਪ੍ਰਿੰਟ ਮੀਡੀਆ ਇੰਚਾਰਜ ਸੁਰਿੰਦਰ ਸਿੰਘ ਠਾਕੁਰ ਅਤੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਝੜਿੰਗ ਸਮੇਤ ਹੋਰਨਾਂ ਨੇ ਵੀ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿੰਦਿਆਂ ਪ੍ਰੋ. ਜੀਐੱਸ ਮੁਲਤਾਨੀ ਦੀ ਹਮਾਇਤ ਦਾ ਐਲਾਨ ਕੀਤਾ। ਬਾਕਸ ਅਸਤੀਫ਼ਾ ਦੇਣ ਵਾਲੇ ਅਹੁਦੇਦਾਰ ਇਸ ਮੌਕੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮੁਕੇਰੀਆਂ ਹਰਜੀਤ ਸਿੰਘ ਸਹੋਤਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪਵਨਦੀਪ ਕੌਰ, ਚੇਅਰਪਰਸਨ ਚੰਚਲਾ ਦੇਵੀ, ਵਾਈਸ ਚੇਅਰਪਰਸਨ ਸੁਰਿੰਦਰ ਕੌਰ, ਸੰਮਤੀ ਮੈਂਬਰ ਮਸਜਿੰਦਰ ਸਿੰਘ, ਸੁਖਦੇਵ ਸਿੰਘ, ਹੀਰਾ ਲਾਲ, ਕੇਸਰ ਸਿੰਘ ਮੰਝਪੁਰ, ਕੁਲਦੀਪ ਕੌਰ, ਰਾਣੋ ਕੁਮਾਰੀ ਹਾਜੀਪੁਰ, ਰਵਿੰਦਰ ਸਿੰਘ, ਨੀਲਮ ਦੇਵੀ, ਹਰਪ੍ਰੀਤ ਸਿੰਘ, ਵਰਿੰਦਰ ਰਾਣਾ ਅਤੇ ਗੁਰਜੀਤ ਸਿੰਘ ਨੇ ਵੀ ਪਾਰਟੀ ਛੱਡਣ ਦਾ ਐਲਾਨ ਕੀਤਾ।