ਨਸ਼ਾ ਛੱਡਣ ਦੀ ਖ਼ੁਸ਼ੀ ’ਚ ਮਨਾ ਰਹੇ ਨੌਜਵਾਨਾਂ 'ਤੇ ਜਾਨਲੇਵਾ ਹਮਲਾ: ਘਰ ਬਾਹਰੋਂ ਸੁੱਟਿਆ ਪੈਟਰੋਲ ਬੰਬ, ਪੁਲਿਸ ਨੇ ਕੀਤਾ ਮਾਮਲਾ ਦਰਜ
ਬਲਵਿੰਦਰ ਸਿੰਘ ਢਿੱਲੋਂ ਪੁੱਤਰ ਸੁਰਜੀਤ ਸਿੰਘ ਵਾਸੀ ਭਰੋਵਾਲ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 30 ਜੁਲਾਈ ਦੀ ਰਾਤ ਉਹ ਆਪਣੇ ਨਿਊ ਕਰਮਾ ਸੋਸ਼ਲ ਵੈਲਫੇਅਰ ਸੁਸਾਇਟੀ ਸਮੁੰਦੜਾ ਵਿਖੇ ਨਸ਼ਾ ਛੱਡਣ ਵਾਲੇ ਇੱਕ ਨੌਜਵਾਨ ਦੇ ਦੋ ਸਾਲ ਪੂਰੇ ਹੋਣ ’ਤੇ ਰਾਤ ਸਮੇਂ ਪਾਰਟੀ ਕਰ ਰਹੇ ਸਨ।
Publish Date: Sun, 02 Aug 2026 08:43 AM (IST)
Updated Date: Sun, 02 Aug 2026 08:48 AM (IST)
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ। ਥਾਣਾ ਗੜ੍ਹਸ਼ੰਕਰ ਦੀ ਪੁਲਿਸ ਨੇ ਇੱਕ ਅਜਿਹੇ ਵਿਅਕਤੀ ਨੂੰ ਕਾਬੂ ਕੀਤਾ ਹੈ ਜਿਸ ਨੇ ਨਸ਼ਾ ਛੁਡਾਊ ਕੇਂਦਰ ’ਚ ਨਸ਼ਾ ਛੱਡਣ ਦੇ ਦੋ ਸਾਲ ਪੂਰੇ ਕਰਨ ਵਾਲੇ ਨੌਜਵਾਨ ਦੀ ਰਿਕਵਰੀ ਪਾਰਟੀ ਕਰ ਰਹੇ ਦੋ ਦਰਜਨ ਨੌਜਵਾਨਾਂ ’ਚ ਪੈਟਰੋਲ ਬੰਬ ਸੁੱਟ ਦਿੱਤਾ। ਪਾਰਟੀ ਕਰ ਰਹੇ ਨੌਜਵਾਨਾਂ ਦਾ ਵਾਲ-ਵਾਲ ਬਚਾਅ ਹੋ ਗਿਆ।
ਬਲਵਿੰਦਰ ਸਿੰਘ ਢਿੱਲੋਂ ਪੁੱਤਰ ਸੁਰਜੀਤ ਸਿੰਘ ਵਾਸੀ ਭਰੋਵਾਲ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 30 ਜੁਲਾਈ ਦੀ ਰਾਤ ਉਹ ਆਪਣੇ ਨਿਊ ਕਰਮਾ ਸੋਸ਼ਲ ਵੈਲਫੇਅਰ ਸੁਸਾਇਟੀ ਸਮੁੰਦੜਾ ਵਿਖੇ ਨਸ਼ਾ ਛੱਡਣ ਵਾਲੇ ਇੱਕ ਨੌਜਵਾਨ ਦੇ ਦੋ ਸਾਲ ਪੂਰੇ ਹੋਣ ’ਤੇ ਰਾਤ ਸਮੇਂ ਪਾਰਟੀ ਕਰ ਰਹੇ ਸਨ।
ਉਸ ਨੇ ਦੱਸਿਆ ਕਿ ਅਚਾਨਕ ਬਾਹਰੋਂ ਸਕੂਟਰੀ ’ਤੇ ਆਏ ਇੱਕ ਨੌਜਵਾਨ ਨੇ ਪੈਟਰੋਲ ਵਾਲੀ ਬੋਤਲ ਦਾ ਬੰਬ ਬਣਾ ਕੇ ਉਸ ਨੂੰ ਅੱਗ ਲਗਾ ਕੇ ਉਨ੍ਹਾਂ ਦੇ ਨਜ਼ਦੀਕ ਸੁੱਟ ਦਿੱਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਵਾਲ-ਵਾਲ ਬਚਾਅ ਹੋ ਗਿਆ। ਉਨ੍ਹਾਂ ਦੱਸਿਆ ਕਿ ਬੰਬ ਸੁੱਟਣ ਵਾਲਾ ਉੱਥੇ ਆਪਣੀ ਸਕੂਟੀ ’ਤੇ ਭੱਜ ਪਿਆ ਤਾਂ ਜਦੋਂ ਉਨ੍ਹਾਂ ਨੇ ਪਿੱਛਾ ਕੀਤਾ ਤਾਂ ਉਹ ਸਕੂਟਰੀ ਸੁੱਟ ਕੇ ਫ਼ਰਾਰ ਹੋ ਗਿਆ।
ਉਨ੍ਹਾਂ ਦੱਸਿਆ ਕਿ ਉਹ ਆਪਣੇ ਘਰ ਪਿੰਡ ਪਨਿਆਲੀ ਕਲਾਂ ਥਾਣਾ ਕਾਠਗੜ੍ਹ ਜਾ ਪਹੁੰਚਾ। ਉਹ ਵੀ ਪਿੱਛੇ ਚਲੇ ਗਏ ਤਾਂ ਉਹ ਘਰ ਅੰਦਰ ਦਾਖ਼ਲ ਹੋ ਗਿਆ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਘਰ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਘਰ ਦੇ ਬਾਹਰ ਤਾਰਾਂ ’ਚ ਉਸ ਨੇ ਕਰੰਟ ਛੱਡਿਆ ਹੋਇਆ ਸੀ।
ਪੁਲਿਸ ਨੇ ਉਸ ਨੂੰ ਕਾਬੂ ਕਰਕੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਥਿਤ ਦੋਸ਼ੀ ਦੀ ਪਛਾਣ ਕੁਲਦੀਪ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਪਨਿਆਲੀ ਕਲਾਂ ਵਜੋਂ ਹੋਈ ਹੈ।