ਤਮਗੇ ਜਿੱਤਣ ਵਾਲੇ ਜਗਜੋਤ ਸਿੰਘ ਦਾ ਕੀਤਾ ਸਨਮਾਨ
ਗਤਕਾ ਚੈਂਪੀਅਨਸ਼ਿਪਾਂ ਵਿੱਚ ਤਮਗੇ ਜਿੱਤਣ ਵਾਲੇ ਜਗਜੋਤ ਸਿੰਘ ਦਾ ਕੀਤਾ ਸਨਮਾਨ
Publish Date: Tue, 03 Nov 2026 03:22 PM (IST)
Updated Date: Tue, 03 Nov 2026 03:23 PM (IST)
ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ ਮੁਕੇਰੀਆਂ : ਗਤਕਾ ਖੇਡ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਵੱਖ-ਵੱਖ ਮੁਕਾਬਲਿਆਂ ਵਿੱਚ ਤਮਗੇ ਜਿੱਤਣ ਵਾਲੇ 15 ਸਾਲਾ ਖਿਡਾਰੀ ਜਗਜੋਤ ਸਿੰਘ ਨੂੰ ਐੱਸਐੱਸ ਮੈਡੀਸਿਟੀ ਹਸਪਤਾਲ ਮੁਕੇਰੀਆਂ ਵਿਖੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਸਪਤਾਲ ਦੇ ਐੱਮਡੀ ਡਾ. ਹਰਜੀਤ ਸਿੰਘ ਅਤੇ ਭੁਪਿੰਦਰ ਸਿੰਘ ਪਿੰਕੀ ਨੇ ਉਸ ਨੂੰ ਸਿਰੋਪਾਓ ਅਤੇ ਨਕਦ ਰਾਸ਼ੀ ਭੇਟ ਕਰਕੇ ਹੌਸਲਾ ਅਫ਼ਜ਼ਾਈ ਕੀਤੀ। ਭੁਪਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਜਗਜੋਤ ਸਿੰਘ ਪੁੱਤਰ ਜਗਦੀਸ਼ ਸਿੰਘ ਨੇ ਹਰਿਆਣਾ ਦੇ ਰਤੀਆ ਵਿਖੇ ਹੋਈ ਕੌਮੀ ਗਤਕਾ ਚੈਂਪੀਅਨਸ਼ਿਪ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਮਗਾ ਜਿੱਤਿਆ। ਇਸ ਤੋਂ ਇਲਾਵਾ ਉਸ ਨੇ ਪੰਜਾਬ ਸਟੇਟ ਗਤਕਾ ਚੈਂਪੀਅਨਸ਼ਿਪ ਅਤੇ ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਵੀ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਬੁਲਾਰਿਆਂ ਨੇ ਗਤਕੇ ਨੂੰ ਸਿੱਖ ਵਿਰਾਸਤ ਦੀ ਮਾਣਮੱਤੀ ਖੇਡ ਦੱਸਦਿਆਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ ਦੀ ਅਪੀਲ ਕੀਤੀ। ਜ਼ਿਲ੍ਹਾ ਗਤਕਾ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਪ੍ਰਤਾਪ ਸਿੰਘ ਨੇ ਸਨਮਾਨ ਲਈ ਧੰਨਵਾਦ ਕੀਤਾ। ਸਮਾਗਮ ਵਿੱਚ ਕਈ ਪਤਵੰਤੇ ਹਾਜ਼ਰ ਸਨ।