ਗਦਰੀ ਬਾਬਿਆਂ ਦੇ ਮੇਲੇ ’ਚ ਵੱਡੀ ਗਿਣਤੀ ਲੋਕ ਕਰਨਗੇ ਸ਼ਿਰਕਤ
ਗਦਰੀ ਬਾਬਿਆਂ ਦੇ 35ਵੇਂ ਮੇਲੇ ਵਿੱਚ ਸੈਲਾ ਖੁਰਦ ਇਲਾਕੇ ਤੋਂ ਵੱਡੀ ਗਿਣਤੀ ਵਿੱਚ ਲੋਕ ਕਰਨਗੇ ਸ਼ਿਰਕਤ
Publish Date: Wed, 28 Oct 2026 03:26 PM (IST)
Updated Date: Wed, 28 Oct 2026 03:28 PM (IST)
ਨਿਰਮਲ ਮੁੱਗੋਵਾਲ, ਪੰਜਾਬੀ ਜਾਗਰਣ ਸੈਲਾ ਖੁਰਦ : ਬੱਬਰ ਅਕਾਲੀਆਂ ਦੀਆਂ ਸ਼ਹਾਦਤਾਂ ਦੀ ਸ਼ਤਾਬਦੀ ਨੂੰ ਸਮਰਪਿਤ ਗਦਰੀ ਬਾਬਿਆਂ ਦੇ 35ਵੇਂ ਮੇਲੇ ਵਿੱਚ ਸੈਲਾ ਖੁਰਦ ਅਤੇ ਆਸ-ਪਾਸ ਦੇ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਸਾਥੀ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਖੇ ਸ਼ਿਰਕਤ ਕਰਨਗੇ। ਇਹ ਮੇਲਾ 30 ਅਤੇ 31 ਅਕਤੂਬਰ ਅਤੇ 1 ਨਵੰਬਰ ਨੂੰ ਕਰਵਾਇਆ ਜਾਵੇਗਾ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਆਗੂ ਅਤੇ ਸਮਾਜ ਸੇਵਕ ਤਲਵਿੰਦਰ ਹੀਰ ਨੇ ਦੱਸਿਆ ਕਿ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਕਰਵਾਏ ਜਾ ਰਹੇ ਇਸ ਮੇਲੇ ਦੌਰਾਨ 30 ਅਕਤੂਬਰ ਨੂੰ ਸ਼ਾਮ ਰੋਸ਼ਨ ਕਰਨ ਦੀ ਰਸਮ, ਫੋਟੋ ਕਲਾ ਅਤੇ ਪੁਸਤਕ ਪ੍ਰਦਰਸ਼ਨੀ ਦੇ ਨਾਲ ਮੌਜੂਦਾ ਹਾਲਾਤਾਂ ਬਾਰੇ ਵਿਚਾਰ-ਚਰਚਾ ਹੋਵੇਗੀ। 31 ਅਕਤੂਬਰ ਨੂੰ ਕੁਇਜ਼ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਜਾਣਗੇ ਅਤੇ ਮੁੱਖ ਬੁਲਾਰੇ ਵੱਖ-ਵੱਖ ਖੇਤਰਾਂ ਦੀਆਂ ਸਰਗਰਮੀਆਂ ਬਾਰੇ ਵਿਚਾਰ ਸਾਂਝੇ ਕਰਨਗੇ। 1 ਨਵੰਬਰ ਨੂੰ ਝੰਡਾ ਲਹਿਰਾਉਣ ਦੀ ਰਸਮ ਹੋਵੇਗੀ, ਜਦਕਿ ਰਾਤ ਨੂੰ ਨਾਟਕ, ਕੋਰੀਓਗ੍ਰਾਫੀਆਂ ਅਤੇ ਗੀਤ-ਸੰਗੀਤ ਪੇਸ਼ ਕੀਤੇ ਜਾਣਗੇ। ਤਲਵਿੰਦਰ ਹੀਰ ਅਨੁਸਾਰ ਸੈਲਾ ਖੁਰਦ, ਜੱਸੋਵਾਲ, ਮੁੱਗੋਵਾਲ, ਫਤਿਹਪੁਰ, ਬੱਡੋਆਣ, ਲੰਗੇਰੀ ਅਤੇ ਹੋਰ ਪਿੰਡਾਂ ਵਿੱਚ ਲੋਕਾਂ ਨੂੰ ਮੇਲੇ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨ ਵਾਸਤੇ ਮੀਟਿੰਗਾਂ ਕੀਤੀਆਂ ਗਈਆਂ ਹਨ।