‘ਜਲਦੂਤ’ ਤੇ ‘ਰੌਲਿਆਂ ਵੇਲੇ’ ਨਾਵਲਾਂ ’ਤੇ ਵਿਚਾਰ-ਚਰਚਾ 6 ਨੂੰ ‘ਜਲਦੂਤ’ ਅਤੇ ‘ਰੌਲਿਆਂ ਵੇਲੇ’ ਨਾਵਲਾਂ ’ਤੇ 6 ਨਵੰਬਰ ਨੂੰ ਹੋਵੇਗੀ ਵਿਚਾਰ-ਚਰਚਾ
Publish Date: Sat, 24 Oct 2026 04:43 PM (IST)
Updated Date: Sat, 24 Oct 2026 04:46 PM (IST)
ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ ਮੁਕੇਰੀਆਂ : ਪੰਜਾਬੀ ਸਾਹਿਤ ਸਭਾ ਮੁਕੇਰੀਆਂ ਦੀ ਵਿਸ਼ੇਸ਼ ਬੈਠਕ ਬੀਐੱਸਪੀਐੱਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਮੱਖਣ ਕੁਹਾੜ, ਪੰਮੀ ਦਵੇਦੀ, ਅਮਰਜੀਤ ਸਿੰਘ ਅਤੇ ਡਾ. ਸਰਬਜੋਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਬੈਠਕ ਦੌਰਾਨ ਤਿੰਨ ਰੋਜ਼ਾ ਕੰਢੀ-ਬਿਆਸ ਸਾਹਿਤ ਉਤਸਵ ਦੀਆਂ ਤਿਆਰੀਆਂ ਅਤੇ ਸਾਹਿਤਕ ਗਤੀਵਿਧੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਵਿੱਚ ਵੱਖ-ਵੱਖ ਸਾਹਿਤਕ ਸੰਸਥਾਵਾਂ ਦੇ ਅਹੁਦੇਦਾਰਾਂ ਨੇ ਵੀ ਸ਼ਿਰਕਤ ਕੀਤੀ। ਪੰਜਾਬੀ ਵਿਭਾਗ ਦੀ ਮੁਖੀ ਪ੍ਰੋ. ਕਿਰਨਜੀਤ ਕੌਰ ਨੇ ਦੱਸਿਆ ਕਿ ਇਹ ਉਤਸਵ 4, 5 ਅਤੇ 6 ਨਵੰਬਰ ਨੂੰ ਪੰਜਾਬੀ ਸਾਹਿਤ ਸਭਾ ਮੁਕੇਰੀਆਂ, ਐੱਸਪੀਐੱਨ ਕਾਲਜ ਮੁਕੇਰੀਆਂ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਂਝੇ ਉੱਦਮ ਨਾਲ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ 6 ਨਵੰਬਰ ਨੂੰ ਡਾ. ਧਰਮਪਾਲ ਸਾਹਿਲ ਦੇ ਆਂਚਲਿਕ ਨਾਵਲ ‘ਜਲਦੂਤ’ ਅਤੇ ਬਲਬੀਰ ਪਰਵਾਨਾ ਦੇ ਇਨਾਮ ਜੇਤੂ ਨਾਵਲ ‘ਰੌਲਿਆਂ ਵੇਲੇ’ ਉੱਤੇ ਵਿਸ਼ੇਸ਼ ਵਿਚਾਰ-ਚਰਚਾ ਹੋਵੇਗੀ। ‘ਜਲਦੂਤ’ ਵਿੱਚ ਕੰਢੀ ਖੇਤਰ ਦੇ ਲੋਕ-ਜੀਵਨ ਅਤੇ ਸੱਭਿਆਚਾਰ, ਜਦਕਿ ‘ਰੌਲਿਆਂ ਵੇਲੇ’ ਵਿੱਚ 1947 ਦੀ ਦੇਸ਼-ਵੰਡ ਦੇ ਦਰਦ ਨੂੰ ਪੇਸ਼ ਕੀਤਾ ਗਿਆ ਹੈ। ਚਰਚਾ ਵਿੱਚ ਪ੍ਰੋ. ਜਗਦੀਸ਼ ਸਿੰਘ, ਡਾ. ਗੁਰਪਾਲ ਸਿੰਘ ਸੰਧੂ, ਡਾ. ਨਰੇਸ਼, ਡਾ. ਸਰਬਜੀਤ ਸਿੰਘ, ਡਾ. ਜਸਵੰਤ ਰਾਏ ਅਤੇ ਡਾ. ਅਨੁਰਾਗ ਸ਼ਰਮਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਗੁਰਨਾਮ ਸਿੰਘ, ਨਵਤੇਜ ਗੜ੍ਹਦੀਵਾਲਾ, ਸੋਨੀਆ ਦੇਵੀ, ਡਾ. ਸਰਬਜੋਤ ਸਿੰਘ ਅਤੇ ਜਸਵੰਤ ਸਿੰਘ ਖਾਨਪੁਰੀ ਬਹਿਸ ਵਿੱਚ ਹਿੱਸਾ ਲੈਣਗੇ। ਬੈਠਕ ਵਿੱਚ ਵੱਡੀ ਗਿਣਤੀ ਵਿੱਚ ਲੇਖਕ ਅਤੇ ਸਾਹਿਤ ਪ੍ਰੇਮੀ ਮੌਜੂਦ ਸਨ।