ਸੇਫ ਸਕੂਲ ਵਾਹਨ ਪਾਲਿਸੀ ਤਹਿਤ 40 ਸਕੂਲ ਬੱਸਾਂ ਦੀ ਜਾਂਚ ਸੇਫ ਸਕੂਲ ਵਾਹਨ ਪਾਲਿਸੀ ਤਹਿਤ 40 ਸਕੂਲ ਬੱਸਾਂ ਦੀ ਜਾਂਚ, 11 ਦੇ ਚਲਾਨ ਕੱਟੇ
Publish Date: Mon, 23 Nov 2026 05:35 PM (IST)
Updated Date: Mon, 23 Nov 2026 05:37 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸਕੂਲੀ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਤਹਿਤ ਤਲਵਾੜਾ ਅਤੇ ਮੁਕੇਰੀਆਂ ਬਲਾਕਾਂ ਵਿੱਚ ਕੁੱਲ 40 ਸਕੂਲ ਬੱਸਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ 11 ਬੱਸਾਂ ਦੇ ਚਲਾਨ ਕੱਟੇ ਗਏ। ਚੈਕਿੰਗ ਦੌਰਾਨ ਤਲਵਾੜਾ ਦੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਡਰੀਮ ਪਬਲਿਕ ਸਕੂਲ ਰਾਮਗੜ੍ਹ ਸੀਕਰੀ, ਵਸ਼ਿਸ਼ਟ ਭਾਰਤੀ ਪਬਲਿਕ ਹਾਈ ਸਕੂਲ ਅਤੇ ਮੁਕੇਰੀਆਂ ਦੇ ਸੇਂਟ ਜੋਸਫ ਕਾਨਵੈਂਟ ਸਕੂਲ ਤੇ ਕੈਂਬਰਿਜ ਓਵਰਸੀਜ਼ ਸਕੂਲ ਦੀਆਂ ਬੱਸਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਕਈ ਬੱਸਾਂ ਵਿੱਚ ਮਿਆਦ ਪੁੱਗੀਆਂ ਫਸਟ ਏਡ ਕਿੱਟਾਂ, ਮਹਿਲਾ ਅਟੈਂਡੈਂਟ ਦੀ ਗੈਰ-ਮੌਜੂਦਗੀ, ਅੱਗ ਬੁਝਾਊ ਯੰਤਰਾਂ ਦੀ ਘਾਟ ਅਤੇ ਡਰਾਈਵਰਾਂ ਤੇ ਅਟੈਂਡੈਂਟਾਂ ਵੱਲੋਂ ਵਰਦੀ ਨਾ ਪਹਿਨਣ ਵਰਗੀਆਂ ਕਮੀਆਂ ਸਾਹਮਣੇ ਆਈਆਂ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ ਨੇ ਸਕੂਲ ਪ੍ਰਬੰਧਕਾਂ ਨੂੰ ਪਾਲਿਸੀ ਦੇ ਸਾਰੇ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਟਾਸਕ ਫੋਰਸ ਨੇ ਬੱਸ ਚਾਲਕਾਂ ਦਾ ਸਮੇਂ-ਸਮੇਂ ’ਤੇ ਮੈਡੀਕਲ ਚੈੱਕਅੱਪ ਕਰਵਾਉਣ, ਵਰਦੀ ਪਹਿਨਣ ਅਤੇ ਬੱਚਿਆਂ ਨੂੰ ਚੜ੍ਹਾਉਣ-ਉਤਾਰਨ ਸਮੇਂ ਵਿਸ਼ੇਸ਼ ਸਾਵਧਾਨੀ ਵਰਤਣ ਦੀਆਂ ਹਦਾਇਤਾਂ ਦਿੱਤੀਆਂ। ਟੀਮ ਨੇ ਸਪੱਸ਼ਟ ਕੀਤਾ ਕਿ ਇਹ ਚੈਕਿੰਗ ਮੁਹਿੰਮ ਪੂਰੇ ਜ਼ਿਲ੍ਹੇ ਵਿੱਚ ਲਗਾਤਾਰ ਜਾਰੀ ਰਹੇਗੀ। ਇਸ ਮੌਕੇ ਬਾਲ ਸੁਰੱਖਿਆ ਯੂਨਿਟ, ਪੁਲਿਸ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।