ਜੱਖੇਵਾਲ ਬੀਟਣ ਵਿਖੇ 37ਵਾਂ ਵਿਸ਼ਾਲ ਛਿੰਝ ਮੇਲਾ ਸ਼ਾਨੋ-ਸ਼ੌਕਤ ਨਾਲ ਸੰਪੰਨ ਜੱਖੇਵਾਲ ਬੀਟਣ ਵਿਖੇ 37ਵਾਂ ਵਿਸ਼ਾਲ ਛਿੰਝ ਮੇਲਾ ਸ਼ਾਨੋ-ਸ਼ੌਕਤ ਨਾਲ ਸੰਪੰਨ
Publish Date: Sat, 14 Nov 2026 04:11 PM (IST)
Updated Date: Sat, 14 Nov 2026 04:12 PM (IST)
ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ ਬੀਣੇਵਾਲ ਬੀਤ : ਸਤਿਗੁਰੂ ਢਾਂਗੂ ਵਾਲੇ ਮਹਾਰਾਜ ਸੰਤ ਬਾਬਾ ਅਨੂਪ ਮਹਾਰਾਜ ਦੀ ਅਗਵਾਈ ਹੇਠ ਪਿੰਡ ਜੱਖੇਵਾਲ ਬੀਟਣ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ 37ਵਾਂ ਵਿਸ਼ਾਲ ਸਾਲਾਨਾ ਛਿੰਝ ਮੇਲਾ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਮੇਲੇ ਦੇ ਅੰਤਿਮ ਦਿਨ ਹਿਮਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਜੇਤੂ ਪਹਿਲਵਾਨਾਂ ਨੂੰ ਇਨਾਮ ਵੰਡੇ। ਮੇਲੇ ਦਾ ਉਦਘਾਟਨ ਪਹਿਲੇ ਦਿਨ ਚੌਧਰੀ ਬਲੀ ਰਾਮ ਲੁਧਿਆਣਾ ਨਿਵਾਸੀ ਹਾਜੀਪੁਰ ਵਾਲਿਆਂ ਵੱਲੋਂ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਮੁਕੇਸ਼ ਅਗਨੀਹੋਤਰੀ ਨੇ ਕਿਹਾ ਕਿ ਬਾਬਾ ਜੀ ਦੇ ਆਸ਼ੀਰਵਾਦ ਸਦਕਾ ਉਨ੍ਹਾਂ ਨੂੰ ਲਗਾਤਾਰ 21 ਸਾਲਾਂ ਤੋਂ ਇਸ ਕੁਸ਼ਤੀ ਦੰਗਲ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪਣੇ ਅਮੀਰ ਵਿਰਸੇ ਅਤੇ ਸੱਭਿਆਚਾਰ ਨੂੰ ਸੰਭਾਲਣ ਲਈ ਪਿੰਡਾਂ ਵਿੱਚ ਪੇਂਡੂ ਖੇਡ ਮੇਲੇ ਅਤੇ ਛਿੰਝ ਮੇਲੇ ਕਰਵਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਪਿੰਡ ਦੀਆਂ ਮੰਗਾਂ ਨੂੰ ਧਿਆਨ ਵਿੱਚ ਰੱਖਦਿਆਂ ਖੇਡ ਮੈਦਾਨ ਲਈ 30 ਲੱਖ ਰੁਪਏ ਦਾ ਚੈੱਕ ਭੇਟ ਕੀਤਾ। ਇਸ ਦੌਰਾਨ ਪ੍ਰਬੰਧਕ ਕਮੇਟੀ ਵੱਲੋਂ ਉਪ ਮੁੱਖ ਮੰਤਰੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਕੁਸ਼ਤੀ ਮੁਕਾਬਲਿਆਂ ਵਿੱਚ ਮਹਾਰਾਸ਼ਟਰ ਦੇ ਮਹਿੰਦਰ ਗਾਇਕਵਾਲ ਬਾਹੂਬਲੀ ਨੇ ਕਲਵਾਂ ਗੁੱਜਰ ਵਰਣ ਅਖਾੜੇ ਦੇ ਪਹਿਲਵਾਨ ਨੂੰ ਹਰਾ ਕੇ ਮਾਲੀ ਦੀ ਕੁਸ਼ਤੀ ਜਿੱਤੀ। ਦੂਜੇ ਮੁਕਾਬਲੇ ਵਿੱਚ ਜੋਟੀ ਗੁੱਜਰ ਅਖਾੜਾ ਗੁਰੂ ਹਨੂਮਾਨ ਦਿੱਲੀ ਨੇ ਮੋਲੀ ਘੋਘਾਟੇ ਮਹਾਰਾਸ਼ਟਰ ਨੂੰ ਹਰਾਇਆ, ਜਦਕਿ ਤੀਜੇ ਮੁਕਾਬਲੇ ਵਿੱਚ ਪ੍ਰਿੰਸ ਕੋਹਲੀ ਨੇ ਸੱਦਵੀਰ ਨੂੰ ਮਾਤ ਦਿੱਤੀ। ਮੇਲੇ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਅਤੇ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਪਹਿਲਵਾਨਾਂ ਨੇ ਭਾਗ ਲਿਆ। ਆਮ ਆਦਮੀ ਪਾਰਟੀ ਦੀ ਵਿਧਾਇਕ ਸੰਤੋਸ਼ ਕਟਾਰੀਆ ਨੇ ਦਰਬਾਰ ਲਈ 31 ਹਜ਼ਾਰ ਰੁਪਏ ਅਤੇ ਮਾਰਕੀਟ ਕਮੇਟੀ ਸਾਹਨੇਵਾਲ ਦੇ ਚੇਅਰਮੈਨ ਹੇਮਰਾਜ ਰਾਜ਼ੀ ਨੇ ਦੰਗਲ ਲਈ 51 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ, ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਲਵ ਕੁਮਾਰ ਗੋਲਡੀ, ਅਮਰਪ੍ਰੀਤ ਲਾਲੀ, ਰਿੰਕੂ ਚਾਂਦਪੁਰੀ, ਤਰਲੋਕ ਸਿੰਘ ਨਾਗਪਾਲ, ਰਾਮਪਾਲ ਸੇਵਾ ਨਾਥ ਸਮੇਤ ਹੋਰ ਪਤਵੰਤੇ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।