ਦਰਦਨਾਕ ਸੜਕ ਹਾਦਸੇ ਨੇ ਖੋਹਿਆ ਘਰ ਦਾ ਚਿਰਾਗ, 16 ਸਾਲਾ ਸਕੂਲੀ ਵਿਦਿਆਰਥੀ ਦੀ ਮੌਤ
ਇੱਥੇ ਜਲੰਧਰ-ਪਠਾਨਕੋਟ ਕੌਮੀ ਰਾਜ ਮਾਰਗ ’ਤੇ ਸਥਿਤ ਗੰਨਾ ਮਿੱਲ ਦੇ ਸਾਹਮਣੇ ਬਣੇ ਪੈਟਰੋਲ ਪੰਪ ਨੇੜੇ ਸ਼ਨੀਵਾਰ ਸਵੇਰੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ’ਚ 16 ਸਾਲਾ ਵਿਦਿਆਰਥੀ ਦਿਵਿਆਂਸ਼ ਪੁੱਤਰ ਸੁਰਿੰਦਰ ਸਿੰਘ ਵਾਸੀ ਚੱਕ ਅੱਲਾ ਬਖ਼ਸ਼ ਦੀ ਮੌਤ ਹੋ ਜਾਣ ਦੀ ਦੁੱਖਦ ਖ਼ਬਰ ਹੈ।
Publish Date: Sat, 13 Jun 2026 06:12 PM (IST)
Updated Date: Sat, 13 Jun 2026 06:15 PM (IST)
ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ। ਇੱਥੇ ਜਲੰਧਰ-ਪਠਾਨਕੋਟ ਕੌਮੀ ਰਾਜ ਮਾਰਗ ’ਤੇ ਸਥਿਤ ਗੰਨਾ ਮਿੱਲ ਦੇ ਸਾਹਮਣੇ ਬਣੇ ਪੈਟਰੋਲ ਪੰਪ ਨੇੜੇ ਸ਼ਨੀਵਾਰ ਸਵੇਰੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ’ਚ 16 ਸਾਲਾ ਵਿਦਿਆਰਥੀ ਦਿਵਿਆਂਸ਼ ਪੁੱਤਰ ਸੁਰਿੰਦਰ ਸਿੰਘ ਵਾਸੀ ਚੱਕ ਅੱਲਾ ਬਖ਼ਸ਼ ਦੀ ਮੌਤ ਹੋ ਜਾਣ ਦੀ ਦੁੱਖਦ ਖ਼ਬਰ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਦਿਵਿਆਂਸ਼ ਸਵੇਰੇ ਆਪਣੀ ਈ-ਸਕੂਟੀ ਨੰਬਰ ਪੀਬੀ 07 ਸੀਜੀ 7027 ’ਤੇ ਟਿਊਸ਼ਨ ਤੋਂ ਘਰ ਵਾਪਸ ਪਰਤ ਰਿਹਾ ਸੀ। ਜਦੋਂ ਉਹ ਗੰਨਾ ਮਿੱਲ ਦੇ ਸਾਹਮਣੇ ਸਰਵਿਸ ਰੋਡ ’ਤੇ ਪੁੱਜਿਆ ਤਾਂ ਉਸ ਦੀ ਈ-ਸਕੂਟੀ ਦੀ ਟੱਕਰ ਇੱਕ ਟੈਂਪੋ ਟ੍ਰੈਵਲਰ ਐੱਚ.ਆਰ. 38 ਏਜੀ 5715 ਨਾਲ ਹੋ ਗਈ। ਸਿੱਟੇ ਵਜੋਂ ਦਿਵਿਆਂਸ਼ ਹਾਦਸੇ ਵਿੱਚ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਐੱਸ.ਐੱਸ.ਐੱਫ. ਦੀ ਟੀਮ ਮੌਕੇ ’ਤੇ ਪੁੱਜੀ ਅਤੇ ਜ਼ਖ਼ਮੀ ਦਿਵਿਆਂਸ਼ ਨੂੰ ਇਲਾਜ ਲਈ ਮੁਕੇਰੀਆਂ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਉੱਥੇ ਡਾਕਟਰਾਂ ਨੇ ਉਸ ਦੀ ਹਾਲਤ ਨਾਜ਼ੁਕ ਦੇਖਦਿਆਂ ਅਗਲੇਰੇ ਇਲਾਜ ਲਈ ਜਲੰਧਰ ਲਈ ਰੈਫਰ ਕਰ ਦਿੱਤਾ ਪਰ ਜਲੰਧਰ ਲਿਜਾਂਦੇ ਸਮੇਂ ਰਸਤੇ ’ਚ ਹੀ ਦਿਵਿਆਂਸ਼ ਨੇ ਦਮ ਤੋੜ ਦਿੱਤਾ।
ਦਿਵਿਆਂਸ਼ ਦੀ ਮੌਤ ਦੀ ਸੂਚਨਾ ਮਿਲਣ ਤੋਂ ਬਾਅਦ ਪਰਿਵਾਰ ਅਤੇ ਰਿਸ਼ਤੇਦਾਰਾਂ ’ਚ ਸੋਗ ਦੀ ਲਹਿਰ ਦੌੜ ਗਈ, ਜਦਕਿ ਪੂਰੇ ਇਲਾਕੇ ’ਚ ਵੀ ਗਮ ਦਾ ਮਾਹੌਲ ਬਣਿਆ ਹੋਇਆ ਹੈ। ਗਮਗੀਨ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਾਦਸੇ ਵਾਲੇ ਦਿਨ ਦਿਵਿਆਂਸ਼ ਦੇ ਛੋਟੇ ਭਰਾ ਦਾ ਜਨਮਦਿਨ ਸੀ।
ਸਵੇਰੇ ਉਹ ਟਿਊਸ਼ਨ ਜਾਣ ਲਈ ਇੱਛੁਕ ਨਹੀਂ ਸੀ ਪਰ ਪਰਿਵਾਰ ਵੱਲੋਂ ਇਹ ਕਹਿ ਕੇ ਭੇਜ ਦਿੱਤਾ ਗਿਆ ਕਿ ਜਨਮਦਿਨ ਦਾ ਪ੍ਰੋਗਰਾਮ ਸ਼ਾਮ ਨੂੰ ਮਨਾਇਆ ਜਾਵੇਗਾ। ਮ੍ਰਿਤਕ ਦਿਵਿਆਂਸ਼ ਦੇ ਪਿਤਾ ਸੁਰਿੰਦਰ ਸਿੰਘ ਵਿਦੇਸ਼ ਵਿੱਚ ਰਹਿੰਦੇ ਹਨ।
ਦੂਜੇ ਪਾਸੇ ਥਾਣਾ ਮੁਕੇਰੀਆਂ ਪੁਲਿਸ ਨੇ ਦੋਵੇਂ ਵਾਹਨਾਂ ਨੂੰ ਆਪਣੇ ਕਬਜ਼ੇ ’ਚ ਲੈ ਕੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਮੁਕੇਰੀਆਂ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ। ਪੁਲਿਸ ਵੱਲੋਂ ਟੈਂਪੂ ਟ੍ਰੈਵਲਰ ਚਾਲਕ ਕਬੀਰ ਅਹਿਮਦ ਪੁੱਤਰ ਨਜ਼ੀਰ ਅਹਿਮਦ ਵਾਸੀ ਰਜੌਰੀ, ਜੰਮੂ ਦੇ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।