ਘਰ ਦੇ ਵਿਹੜੇ ’ਚ ਸੈਰ ਕਰ ਰਹੇ ਸਾਬਕਾ ਸਰਪੰਚ ’ਤੇ ਅਣਪਛਾਤਿਆਂ ਚਲਾਈਆਂ ਗੋਲੀਆਂ
ਘਰ ਦੇ ਵਿਹੜੇ ’ਚ ਸੈਰ ਕਰ ਰਹੇ ਸਾਬਕਾ ਸਰਪੰਚ ’ਤੇ ਅਣਪਛਾਤਿਆਂ ਚਲਾਈਆਂ ਗੋਲੀਆਂ,
Publish Date: Sat, 20 Jun 2026 07:06 PM (IST)
Updated Date: Sat, 20 Jun 2026 07:09 PM (IST)

ਕੁਲਦੀਪ ਸਿੰਘ ਸਲਗਾਨੀਆ, ਪੰਜਾਬੀ ਜਾਗਰਣ ਕਿਲਾ ਲਾਲ ਸਿੰਘ : ਸ਼ਨਿਚਰਵਾਰ ਸਵੇਰੇ ਬਟਾਲਾ-ਡੇਰਾ ਬਾਬਾ ਨਾਨਕ ਰੋਡ ਤੇ ਸਥਿਤ ਪਿੰਡ ਕਿਲਾ ਲਾਲ ਸਿੰਘ ਵਿਖੇ ਆਪਣੇ ਘਰ ਦੇ ਵਿਹੜੇ ’ਚ ਸੈਰ ਕਰ ਰਹੇ ਸਾਬਕਾ ਸਰਪੰਚ ਉਪਰ ਅਣਪਛਾਤਿਆਂ ਵੱਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਪਰ ਇਸ ਗੋਲੀਬਾਰੀ ਵਿਚ ਸਾਬਕਾ ਸਰਪੰਚ ਵਾਲ ਵਾਲ ਬੱਚ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਜਸਬੀਰ ਸਿੰਘ ਗਿੱਲ ਨੇ ਦੱਸਿਆ ਕਿ ਉਹ ਸ਼ਨੀਵਾਰ ਤੜਕਸਾਰ ਸਵੇਰੇ 5:30 ਵਜੇ ਆਪਣੇ ਘਰ ਦੇ ਅੰਦਰ ਵਿਹੜੇ ਵਿਚ ਸੈਰ ਕਰ ਰਹੇ ਸੀ ਤੇ ਉਨ੍ਹਾਂ ਦਾ ਮੇਨ ਗੇਟ ਜੋ ਕਿ ਲੋਹੇ ਦੀ ਜਾਲੀ ਵਾਲਾ ਹੈ। ਉਨ੍ਹਾਂ ਦੱਸਿਆ ਕਿ ਸੈਰ ਕਰਦੇ ਹੋਏ ਉਨ੍ਹਾਂ ਦੇਖਿਆ ਕਿ ਦੋ ਵਿਅਕਤੀ ਮੋਟਰਸਾਈਕਲ ਤੇ ਆਏ ਜਿੰਨ੍ਹਾਂ ਨੇ ਆਪਣੇ ਮੂੰਹ ਢੱਕੇ ਹੋਏ ਸਨ ਤੇ ਉਹ ਉਨ੍ਹਾਂ ਦੇ ਗੇਟ ਦੇ ਬਿਲਕੁਲ ਸਾਹਮਣੇ ਆ ਗਏ ਅਤੇ ਆਪਣੀ ਕਮਰ ਵਿਚੋਂ ਕੁਝ ਕੱਢਣ ਲੱਗੇ। ਸ਼ੱਕ ਪੈਣ ’ਤੇ ਉਹ ਘਰ ਦੇ ਅੰਦਰ ਵੱਲ ਨੂੰ ਭੱਜੇ। ਇਸੇ ਦੌਰਾਨ ਇਕ ਹਮਲਾਵਰ ਵੱਲੋਂ ਗੇਟ ਦੇ ਅੰਦਰ ਨੂੰ ਹੱਥ ਪਾ ਕੇ ਉਨ੍ਹਾਂ ਉਪਰ ਲਗਾਤਾਰ ਚਾਰ ਫਾਇਰ ਕੀਤੇ ਗਏ, ਜੋ ਕਿ ਇਕ ਗੋਲੀ ਉਨ੍ਹਾਂ ਦੇ ਕਮਰੇ ਦੇ ਦਰਵਾਜ਼ੇ ਨੂੰ ਚੀਰਦੀ ਹੋਈ ਸਾਹਮਣੇ ਕੰਧ ’ਤੇ ਲੱਗੀ ਤੇ ਇਸੇ ਤਰ੍ਹਾਂ ਬਾਕੀ ਦੇ ਫਾਇਰ ਵੀ ਨਜ਼ਦੀਕੀ ਦੂਸਰੀਆਂ ਦੀਵਾਰਾਂ ’ਤੇ ਜਾ ਲੱਗੇ, ਪਰ ਉਸ ਵਾਹਿਗੁਰੂ ਦੀ ਕਿਰਪਾ ਨਾਲ ਉਹ ਬਾਲ ਬਾਲ ਬੱਚ ਗਏ। ਉਨ੍ਹਾਂ ਦੱਸਿਆ ਕਿ ਦੋਵਾਂ ਹਮਲਾਵਰਾਂ ਕੋਲ ਹਥਿਆਰ ਸਨ, ਪਰ ਦੂਸਰੇ ਹਮਲਾਵਰ ਪਾਸੋਂ ਫਾਇਰ ਨਹੀਂ ਹੋ ਸਕੇ। ਫਿਰ ਉਨ੍ਹਾਂ ਵੱਲੋਂ ਵੀ ਜਵਾਬੀ ਫਾਇਰਿੰਗ ਕੀਤੀ ਗਈ, ਜਿਸ ’ਤੇ ਹਮਲਾਵਰ ਪਿੰਡ ਵੱਲ ਦੀ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਉਹ ਅਕਾਲੀ ਦਲ ਪਾਰਟੀ ਨਾਲ ਸੰਬੰਧਿਤ ਹਨ ਤੇ 1998 ਤੋਂ ਲੈ ਕੇ 2013 ਤਕ ਲਗਾਤਾਰ ਪਿੰਡ ਦੇ ਸਰਪੰਚ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਭਤੀਜੇ ਦੇ ਫੋਨ ’ਤੇ ਕੁਝ ਸਮਾਂ ਪਹਿਲਾਂ ਧਮਕੀ ਭਰੀ ਕਾਲ ਆਈ ਸੀ ਤੇ ਕਰੀਬ ਇਕ ਸਾਲ ਪਹਿਲਾਂ ਵੀ ਉਨ੍ਹਾਂ ਦੇ ਫਾਰਮ ਹਾਊਸ ’ਤੇ ਵੀ ਫਾਇਰਿੰਗ ਕੀਤੀ ਗਈ ਸੀ, ਜਿਸ ਸੰਬੰਧੀ ਉਨ੍ਹਾਂ ਵੱਲੋਂ ਮਾਮਲਾ ਵੀ ਦਰਜ ਕਰਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਵਿੱਚ ਕੋਈ ਵੀ ਸੁਰੱਖਿਅਤ ਨਹੀਂ ਹੈ। ਰੋਜ਼ ਹੀ ਅਪਰਾਧੀਆਂ ਵੱਲੋਂ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਉਧਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐੱਸਪੀ ਫਤਿਹਗੜ੍ਹ ਚੂੜੀਆਂ ਲਲਿਤ ਕੁਮਾਰ ਅਤੇ ਥਾਣਾ ਕਿਲਾ ਲਾਲ ਸਿੰਘ ਦੇ ਐੱਸਐੱਚਓ ਇੰਸਪੈਕਟਰ ਪ੍ਰਭਜੋਤ ਸਿੰਘ ਮੌਕੇ ’ਤੇ ਪਹੁੰਚ ਗਏ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀਐੱਸਪੀ ਲਲਿਤ ਕੁਮਾਰ ਅਤੇ ਥਾਣਾ ਮੁਖੀ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਲੱਗੇ ਹੋਏ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਤੇ ਗੋਲੀਬਾਰੀ ਸੰਬੰਧੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਬਹੁਤ ਹੀ ਜਲਦ ਇਸ ਘਟਨਾ ਦੇ ਅਪਰਾਧੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਉਧਰ ਇਸ ਘਟਨਾ ਦੇ ਨਾਲ ਸਾਬਕਾ ਸਰਪੰਚ ਦੇ ਪਰਿਵਾਰ ਸਮੇਤ ਪੂਰੇ ਪਿੰਡ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਲਾਕੇ ਵਿੱਚ ਲਗਾਤਾਰ ਹੋ ਰਹੀ ਗੋਲੀਬਾਰੀ ਅਤੇ ਅਪਰਾਧਿਕ ਘਟਨਾਵਾਂ ਦੀ ਵਜਾ ਨਾਲ ਪੂਰੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਬਣ ਚੁੱਕਾ ਹੈ। ਕਰੀਬ 15 ਦਿਨ ਪਹਿਲਾਂ ਵੀ 4 ਜੂਨ ਨੂੰ ਥਾਣਾ ਕੋਟਲੀ ਸੂਰਤ ਮੱਲ੍ਹੀ ਦੇ ਅਧੀਨ ਆਉਂਦੇ ਭਗਵਾਨਪੁਰ ਮੋੜ ’ਤੇ ਸਥਿਤ ਸੋਨੀ ਪੈਟਰੋਲ ਪੰਪ ਉੱਤੇ ਪੰਪ ਦੇ ਮਾਲਿਕ ਅਤੇ ਸੀਨੀਅਰ ਭਾਜਪਾ ਆਗੂ ਵਿਜੇ ਕੁਮਾਰ ਸੋਨੀ ਮੋਹਲੋਵਾਲੀ ’ਤੇ ਜਾਨਲੇਵਾ ਹਮਲਾ ਕੀਤਾ ਜਾਂਦਾ ਹੈ ਤੇ ਵਿਜੇ ਸੋਨੀ ਵੱਲੋਂ ਜਵਾਬੀ ਕਾਰਵਾਈ ਕਰਨ ਤੇ ਹਮਲਾਵਰ ਫਰਾਰ ਹੋ ਜਾਂਦੇ ਹਨ। ਅਜੇ ਇਸ ਹਮਲੇ ਦਾ ਖੌਫ ਆਮ ਲੋਕਾਂ ਦੇ ਦਿਲਾਂ ਵਿਚੋਂ ਨਿਕਲਿਆ ਹੀ ਨਹੀਂ ਸੀ ਕਿ ਅੱਜ ਫਿਰ ਤੋਂ ਕਿਲਾ ਲਾਲ ਸਿੰਘ ਵਿਖੇ ਸਾਬਕਾ ਸਰਪੰਚ ਉਪਰ ਜਾਨਲੇਵਾ ਹਮਲਾ ਕੀਤਾ ਜਾਂਦਾ ਹੈ।