- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਬਾ ਆਇਆ ਸਿੰਘ ਰਿਆੜਕੀ ਸਕੂਲ ਤੁਗਲਵਾਲਾ ਵਿਖੇ ਦੋ ਰੋਜ਼ਾ ਸ਼ੂਟਿੰਗ ਮੁਕਾਬਲੇ ਸ਼ੁਰੂ

ਕਸ਼ਮੀਰ ਸਿੰਘ ਸੰਧੂ, ਪੰਜਾਬੀ ਜਾਗਰਣ
ਕਾਦੀਆਂ/ਸ੍ਰੀ ਹਰਗੋਬਿੰਦਪੁਰ ਸਾਹਿਬ: ਬਾਬਾ ਆਇਆ ਸਿੰਘ ਰਿਆੜਕੀ ਪਬਲਿਕ ਸਕੂਲ ਤੁਗਲਵਾਲਾ ਵਿਖੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਨੌਜਵਾਨ ਨਿਸ਼ਾਨੇਬਾਜ਼ਾਂ ਦੇ ਦੋ-ਰੋਜ਼ਾ ਸ਼ੂਟਿੰਗ ਮੁਕਾਬਲੇ ਸ਼ੁਰੂ ਹੋ ਗਏ ਹਨ। ਪੰਜਾਬ ਰਾਈਫਲ ਸ਼ੂਟਿੰਗ ਐਸੋਸੀਏਸ਼ਨ ਦੇ ਸਹਿਯੋਗ ਨਾਲ ਜ਼ਿਲ੍ਹਾ ਰਾਈਫਲ ਐਸੋਸੀਏਸ਼ਨ ਅੰਮ੍ਰਿਤਸਰ ਅਤੇ ਗੁਰਦਾਸਪੁਰ ਵੱਲੋਂ ਕਰਵਾਏ ਜਾ ਰਹੇ ਇਨ੍ਹਾਂ 10-ਮੀਟਰ ਰਾਈਫਲ ਅਤੇ ਪਿਸਟਲ ਸ਼ੂਟਿੰਗ ਮੁਕਾਬਲਿਆਂ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਖਾਲਸਾ ਕਾਲਜ ਅੰਮ੍ਰਿਤਸਰ, ਸਪਰਿੰਗ ਡੇਲ ਸੀਨੀਅਰ ਸਕੂਲ ਅੰਮ੍ਰਿਤਸਰ, ਬੀਬੀਕੇ ਡੀਏਵੀ ਕਾਲਜ ਲਾਰੈਂਸ ਰੋਡ ਅੰਮ੍ਰਿਤਸਰ, ਡੂਨ ਸਕੂਲ ਗੁਰਦਾਸਪੁਰ, ਸ਼ਿਵ ਸ਼ਕਤੀ ਸ਼ੂਟਿੰਗ ਸਪੋਰਟਸ ਅਕੈਡਮੀ, ਨਾਰਾਇਣਾ ਈ ਟੈਕਨੋ, ਅਕਾਲ ਅਕੈਡਮੀ, ਸ਼ੂਟਿੰਗ ਕਲੱਬ ਪੰਜਾਬ, ਸਟਾਲ ਵਰਟ ਸਕੂਲ, ਵੀਜ਼ਨ ਸ਼ੂਟਿੰਗ ਅਕੈਡਮੀ, ਵਾਰੀਅਰ ਸ਼ੂਟਿੰਗ ਅਕੈਡਮੀ, ਸ਼ੂਟ ਟੂ ਵਿਨ ਅਕੈਡਮੀ, ਬਾਬਾ ਆਇਆ ਸਿੰਘ ਰਿਆੜਕੀ ਪਬਲਿਕ ਸਕੂਲ ਅਤੇ ਦੋਵਾਂ ਜ਼ਿਲ੍ਹਿਆਂ ਦੇ ਹੋਰ ਵੀ ਵੱਖ-ਵੱਖ ਸਕੂਲਾਂ, ਅਕੈਡਮੀਆਂ ਅਤੇ ਨਿੱਜੀ ਤੌਰ ’ਤੇ ਖੇਡਣ ਵਾਲੇ ਤਕਰੀਬਨ 200 ਵਿਦਿਆਰਥੀਆਂ ਨੇ ਆਪਣੀ ਰਜਿਸਟ੍ਰੇਸ਼ਨ ਕਰਵਾਈ ਹੈ।
ਇਸ ਦੇ ਨਾਲ ਹੀ ਪਠਾਨਕੋਟ ਜ਼ਿਲ੍ਹੇ ਦੇ ਸਕੂਲਾਂ ਨੇ ਵੀ ਉਚੇਚੇ ਤੌਰ ’ਤੇ ਇਸ ਵਿੱਚ ਸ਼ਿਰਕਤ ਕੀਤੀ ਹੈ। ਇਹ ਮੁਕਾਬਲੇ ਲਗਾਤਾਰ ਦੋ ਦਿਨ ਚੱਲਣਗੇ ਅਤੇ ਪਹਿਲੇ ਦਿਨ ਦੇ ਮੁਕਾਬਲੇ ਸਕੂਲ ਵਿੱਚ ਵਿਸ਼ੇਸ਼ ਤੌਰ ’ਤੇ ਤਿਆਰ ਕੀਤੀਆਂ ਗਈਆਂ ਸਕੂਲ ਦੀਆਂ ਦੋ ਆਧੁਨਿਕ ਸ਼ੂਟਿੰਗ ਰੇਂਜਾਂ ਵਿੱਚ ਕਰਵਾਏ ਗਏ। ਇਹ ਮੁਕਾਬਲੇ ਐੱਨਆਰ ਅਤੇ ਆਈਐੱਸਐੱਸਐੱਫ ਸ਼੍ਰੇਣੀਆਂ ਅਧੀਨ ਵੱਖ-ਵੱਖ ਉਮਰ ਵਰਗਾਂ ਵਿੱਚ ਖੇਡੇ ਜਾ ਰਹੇ ਹਨ ਅਤੇ ਸ਼ੂਟਿੰਗ ਵਿਭਾਗ ਵੱਲੋਂ ਨਿਯੁਕਤ ਅਧਿਕਾਰੀਆਂ ਦੀ ਨਿਗਰਾਨੀ ਹੇਠ ਨੇਪਰੇ ਚਾੜ੍ਹੇ ਜਾ ਰਹੇ ਹਨ। ਇਸ ਮੌਕੇ ਸੰਸਥਾ ਦੇ ਸੰਚਾਲਕ ਗਗਨਦੀਪ ਸਿੰਘ ਵਿਰਕ ਨੇ ਕਿਹਾ ਕਿ ਨਿਸ਼ਾਨੇਬਾਜ਼ੀ ਵਰਗੀ ਖੇਡ ਨੌਜਵਾਨਾਂ ਵਿੱਚ ਇਕਾਗਰਤਾ, ਧੀਰਜ ਅਤੇ ਆਤਮ-ਵਿਸ਼ਵਾਸ ਪੈਦਾ ਕਰਦੀ ਹੈ, ਜੋ ਉਨ੍ਹਾਂ ਨੂੰ ਜ਼ਿੰਦਗੀ ਦੇ ਹਰ ਖੇਤਰ ਵਿੱਚ ਅੱਗੇ ਵਧਣ ਵਿੱਚ ਸਹਾਈ ਹੁੰਦੀ ਹੈ। ਮੁਕਾਬਲਿਆਂ ਦੇ ਪਹਿਲੇ ਦਿਨ ਨੌਜਵਾਨ ਨਿਸ਼ਾਨੇਬਾਜ਼ਾਂ ਦੇ ਉਤਸ਼ਾਹ ਨੇ ਇਹ ਸਾਬਤ ਕਰ ਦਿੱਤਾ ਕਿ ਪੇਂਡੂ ਧਰਤੀ ਉੱਤੇ ਖੜ੍ਹੀ ਇਹ ਸੰਸਥਾ ਖੇਡ ਪ੍ਰਤਿਭਾ ਨੂੰ ਨਿਖਾਰਨ ਦਾ ਇੱਕ ਵੱਡਾ ਕੇਂਦਰ ਬਣ ਕੇ ਉੱਭਰ ਰਹੀ ਹੈ। ਆਉਣ ਵਾਲੇ ਕੱਲ੍ਹ ਇਨ੍ਹਾਂ ਮੁਕਾਬਲਿਆਂ ਦਾ ਅੰਤਿਮ ਦੌਰ ਖੇਡਿਆ ਜਾਵੇਗਾ, ਜਿਸ ਉਪਰੰਤ ਜੇਤੂ ਖਿਡਾਰੀਆਂ ਅਤੇ ਟੀਮਾਂ ਨੂੰ ਇਨਾਮ ਵੰਡ ਸਮਾਰੋਹ ਦੌਰਾਨ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਡੀਆਰਐੱਸ ਮੈਂਬਰ ਸਤਿੰਦਰ ਸਿੰਘ, ਓਫਿਸ਼ੀਅਲ ਮਨਦੀਪ ਸਿੰਘ, ਕੋਚ ਗੁਰਪ੍ਰੀਤ ਸਿੰਘ, ਕੋਚ ਸ਼ਿਲਪਾ ਜਸਵਾਲ, ਕੋਚ ਰਾਜਵਿੰਦਰ ਕੌਰ, ਡੀਪੀਈ ਜਤਿੰਦਰ ਕੁਮਾਰ ਸਮੇਤ ਵੱਖ-ਵੱਖ ਸਕੂਲਾਂ, ਰਿਆੜਕੀ ਸਕੂਲ ਦਾ ਸਮੂਹ ਸਟਾਫ ਅਤੇ ਖੇਡਣ ਆਏ ਸਕੂਲਾਂ ਦੇ ਅਧਿਆਪਕ ਅਤੇ ਮਾਪੇ ਹਾਜ਼ਰ ਸਨ।