- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਥਾਨਕ ਵਸਨੀਕ ਨਰਿੰਦਰ ਕੁਮਾਰ ਵਿਜ, ਗਗਨਦੀਪ ਸਿੰਘ, ਗੁਲਜ਼ਾਰ ਸਿੰਘ ਅਤੇ ਵਿਪਲ ਗੁਪਤਾ ਨੇ ਦੱਸਿਆ ਕਿ ਪਿਛਲੀ ਕਾਂਗਰਸ ਸਰਕਾਰ ਦੇ ਸਮੇਂ ਸੜਕ ਹਾਦਸਿਆਂ ਅਤੇ ਹੋਰ ਐਮਰਜੈਂਸੀ ਮਰੀਜ਼ਾਂ ਦੇ ਇਲਾਜ ਲਈ ਇਹ ਟਰੌਮਾ ਵਾਰਡ ਬਣਾਇਆ ਗਿਆ ਸੀ, ਪਰ ਸਰਕਾਰ ਬਦਲਣ ਤੋਂ ਬਾਅਦ ਵੀ ਇਸ ਨੂੰ ਚਾਲੂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਬੰਦ ਪਈ ਇਮਾਰਤ ਦੀ ਸੰਭਾਲ ਨਾ ਹੋਣ ਕਾਰਨ ਇਸ ਦੀ ਹਾਲਤ ਲਗਾਤਾਰ ਖਰਾਬ ਹੋ ਰਹੀ ਹੈ।

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ ਕਲਾਨੌਰ : ਬਾਰਡਰ ਖੇਤਰ ਦੇ ਲੋਕਾਂ ਨੂੰ ਬਿਹਤਰ ਐਮਰਜੈਂਸੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਦੇ ਸਾਹਮਣੇ ਕਰੀਬ 1 ਕਰੋੜ 90 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਦੋ ਮੰਜ਼ਿਲਾ ਟਰੌਮਾ ਵਾਰਡ ਉਦਘਾਟਨ ਤੋਂ ਪਹਿਲਾਂ ਹੀ ਬਦਹਾਲੀ ਦਾ ਸ਼ਿਕਾਰ ਹੋ ਗਿਆ ਹੈ। ਅਜੇ ਤੱਕ ਇਸ ਇਮਾਰਤ ਨੂੰ ਲੋਕ ਨਿਰਮਾਣ ਵਿਭਾਗ ਵੱਲੋਂ ਸਿਹਤ ਵਿਭਾਗ ਦੇ ਹਵਾਲੇ ਨਾ ਕੀਤੇ ਜਾਣ ਕਾਰਨ ਇਸ ਦੇ ਆਲੇ-ਦੁਆਲੇ ਸਰਕੰਡਾ ਅਤੇ ਜੰਗਲੀ ਬੂਟੀ ਉੱਗ ਚੁੱਕੀ ਹੈ, ਜਿਸ ਨਾਲ ਇਹ ਸੱਪਾਂ ਅਤੇ ਹੋਰ ਜ਼ਹਿਰੀਲੇ ਜੀਵਾਂ ਦਾ ਟਿਕਾਣਾ ਬਣਦਾ ਜਾ ਰਿਹਾ ਹੈ।
ਬਾਰਡਰ ਖੇਤਰ ਦੇ ਲੋਕਾਂ ਲਈ ਸੀ ਵੱਡੀ ਉਮੀਦ
ਸਥਾਨਕ ਵਸਨੀਕ ਨਰਿੰਦਰ ਕੁਮਾਰ ਵਿਜ, ਗਗਨਦੀਪ ਸਿੰਘ, ਗੁਲਜ਼ਾਰ ਸਿੰਘ ਅਤੇ ਵਿਪਲ ਗੁਪਤਾ ਨੇ ਦੱਸਿਆ ਕਿ ਪਿਛਲੀ ਕਾਂਗਰਸ ਸਰਕਾਰ ਦੇ ਸਮੇਂ ਸੜਕ ਹਾਦਸਿਆਂ ਅਤੇ ਹੋਰ ਐਮਰਜੈਂਸੀ ਮਰੀਜ਼ਾਂ ਦੇ ਇਲਾਜ ਲਈ ਇਹ ਟਰੌਮਾ ਵਾਰਡ ਬਣਾਇਆ ਗਿਆ ਸੀ, ਪਰ ਸਰਕਾਰ ਬਦਲਣ ਤੋਂ ਬਾਅਦ ਵੀ ਇਸ ਨੂੰ ਚਾਲੂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਬੰਦ ਪਈ ਇਮਾਰਤ ਦੀ ਸੰਭਾਲ ਨਾ ਹੋਣ ਕਾਰਨ ਇਸ ਦੀ ਹਾਲਤ ਲਗਾਤਾਰ ਖਰਾਬ ਹੋ ਰਹੀ ਹੈ।
ਉਨ੍ਹਾਂ ਦੱਸਿਆ ਕਿ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਵਿੱਚ ਕਲਾਨੌਰ ਤੋਂ ਇਲਾਵਾ ਡੇਰਾ ਬਾਬਾ ਨਾਨਕ, ਬਟਾਲਾ ਅਤੇ ਧਾਰੀਵਾਲ ਬਲਾਕਾਂ ਦੇ ਪਿੰਡਾਂ ਸਮੇਤ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਸੈਂਕੜੇ ਪਿੰਡਾਂ ਦੇ ਲੋਕ ਇਲਾਜ ਲਈ ਆਉਂਦੇ ਹਨ। ਬੀਐੱਸਐੱਫ ਦੇ ਜਵਾਨ ਵੀ ਇਸ ਹਸਪਤਾਲ ਦੀਆਂ ਸੇਵਾਵਾਂ ਲੈਂਦੇ ਹਨ। ਇਸ ਤੋਂ ਇਲਾਵਾ ਸੱਪ ਡੱਸਣ ਦੇ ਮਰੀਜ਼ਾਂ ਲਈ ਵੀ ਇਹ ਮੁੱਖ ਇਲਾਜ ਕੇਂਦਰ ਹੈ। ਅਜਿਹੇ ਹਾਲਾਤ ਵਿੱਚ ਟਰੌਮਾ ਵਾਰਡ ਦੇ ਬੰਦ ਰਹਿਣ ਨਾਲ ਸਰਹੱਦੀ ਖੇਤਰ ਦੇ ਲੋਕਾਂ ਨੂੰ ਲੋੜੀਂਦੀਆਂ ਐਮਰਜੈਂਸੀ ਸਿਹਤ ਸਹੂਲਤਾਂ ਨਹੀਂ ਮਿਲ ਰਹੀਆਂ।
ਹੈਂਡਓਵਰ ਨਾ ਹੋਣ ਕਾਰਨ ਅਟਕਿਆ ਮਾਮਲਾ
ਸਥਾਨਕ ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਟਰੌਮਾ ਵਾਰਡ ਦੀ ਤੁਰੰਤ ਸਾਫ਼-ਸਫ਼ਾਈ ਕਰਵਾ ਕੇ ਇਸ ਨੂੰ ਚਾਲੂ ਕੀਤਾ ਜਾਵੇ, ਤਾਂ ਜੋ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀ ਇਮਾਰਤ ਲੋਕਾਂ ਦੇ ਕੰਮ ਆ ਸਕੇ।
ਇਸ ਸਬੰਧੀ ਸਿਵਲ ਸਰਜਨ ਡਾ. ਮਹੇਸ਼ ਕੁਮਾਰ ਪ੍ਰਭਾਕਰ ਨੇ ਦੱਸਿਆ ਕਿ ਟਰੌਮਾ ਵਾਰਡ ਅਜੇ ਤੱਕ ਲੋਕ ਨਿਰਮਾਣ ਵਿਭਾਗ ਵੱਲੋਂ ਸਿਹਤ ਵਿਭਾਗ ਨੂੰ ਹੈਂਡਓਵਰ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਬੰਧਤ ਐੱਸਐੱਮਓ ਨਾਲ ਗੱਲਬਾਤ ਕਰਕੇ ਪੂਰੀ ਜਾਣਕਾਰੀ ਹਾਸਲ ਕੀਤੀ ਜਾਵੇਗੀ।
ਦੂਜੇ ਪਾਸੇ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਜਸਪ੍ਰੀਤ ਸਿੰਘ ਨੇ ਕਿਹਾ ਕਿ ਟਰੌਮਾ ਵਾਰਡ ਦੇ ਬਾਕੀ ਰਹਿੰਦੇ ਕੰਮ ਨੂੰ ਜਲਦੀ ਮੁਕੰਮਲ ਕਰਨ ਲਈ ਸਬੰਧਤ ਠੇਕੇਦਾਰ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਜਲਦ ਹੀ ਕੰਮ ਪੂਰਾ ਕਰ ਲਿਆ ਜਾਵੇਗਾ।
ਟਰੌਮਾ ਵਾਰਡ ਇੱਕ ਨਜ਼ਰ ਵਿੱਚ
ਲਾਗਤ : ਕਰੀਬ 1.90 ਕਰੋੜ ਰੁਪਏ
ਸਥਾਨ : ਕਮਿਊਨਿਟੀ ਸਿਹਤ ਕੇਂਦਰ, ਕਲਾਨੌਰ
ਉਦੇਸ਼ : ਸੜਕ ਹਾਦਸਿਆਂ ਅਤੇ ਐਮਰਜੈਂਸੀ ਮਰੀਜ਼ਾਂ ਦਾ ਇਲਾਜ
ਲਾਭਪਾਤਰੀ : ਕਲਾਨੌਰ, ਡੇਰਾ ਬਾਬਾ ਨਾਨਕ, ਬਟਾਲਾ, ਧਾਰੀਵਾਲ ਅਤੇ ਸਰਹੱਦੀ ਸੈਂਕੜੇ ਪਿੰਡਾਂ ਦੇ ਲੋਕ, ਬੀਐੱਸਐੱਫ ਦੇ ਜਵਾਨ
ਮੌਜੂਦਾ ਹਾਲਤ : ਹੈਂਡਓਵਰ ਨਾ ਹੋਣ ਕਾਰਨ ਚਾਲੂ ਨਹੀਂ, ਆਲੇ-ਦੁਆਲੇ ਜੰਗਲੀ ਬੂਟੀ ਅਤੇ ਸਰਕੰਡਾ