- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹਾ ਚੋਣ ਅਫ਼ਸਰ ਦੀ ਪ੍ਰਧਾਨਗੀ ਹੇਠ ਸਪੈਸ਼ਲ ਇੰਨਟੈਂਸਿਵ ਰਵੀਜ਼ਨ ਸਬੰਧੀ ਚੋਣ ਅਧਿਕਾਰੀਆਂ ਨੂੰ ਦਿੱਤੀ ਗਈ ਸਿਖਲਾਈ

- ਐੱਸਆਈਆਰ ਦੇ ਕੰਮ ਨੂੰ ਨੇਪਰੇ ਚਾੜ੍ਹਨ ਲਈ ਮਾਸਟਰ ਟ੍ਰੇਨਰਾਂ, ਟੈਕਨੀਕਲ ਸਟਾਫ ਤੇ ਬੀਐੱਲਓ ਸੁਪਰਵਾਈਜ਼ਰਾਂ ਨੂੰ ਦਿੱਤੀ ਗਈ ਹੈ ਟ੍ਰੇਨਿੰਗ : ਜ਼ਿਲ੍ਹਾ ਚੋਣ ਅਫਸਰ
ਸਰਬਜੀਤ ਚਾਹਲ, ਪੰਜਾਬੀ ਜਾਗਰਣ
ਗੁਰਦਾਸਪੁਰ : ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਆਦਿਤਿਆ ਉੱਪਲ ਦੀ ਪ੍ਰਧਾਨਗੀ ਹੇਠ ਸਥਾਨਕ ਪੰਚਾਇਤ ਭਵਨ ਵਿਖੇ ਵੋਟਰ ਸੂਚੀਆਂ ਦੀ ਸਪੈਸ਼ਲ ਇੰਨਟੈਂਸਿਵ ਰਵੀਜ਼ਨ 2026 ਦੀ ਪ੍ਰਕਿਰਿਆ ਨੂੰ ਸਫਲ ਬਣਾਉਣ ਲਈ ਜ਼ਿਲ੍ਹੇ ਦੇ ਸਮੂਹ ਚੋਣ ਅਧਿਕਾਰੀਆਂ ਨੂੰ ਵਿਸਥਾਰ ਵਿੱਚ ਸਿਖਲਾਈ ਪ੍ਰਦਾਨ ਕੀਤੀ ਗਈ। ਇਸ ਮੌਕੇ ਜ਼ਿਲ੍ਹੇ ਦੇ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫਸਰ, ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫਸਰ, ਨੋਡਲ ਅਫਸਰ ਸ਼ਿਕਾਇਤਾਂ, ਹੈਲਪ ਡੈਸਕ, ਆਈਟੀ, ਮੀਡੀਆ ਮੋਨੀਟਰਿੰਗ ਅਤੇ ਡੀਐੱਲਐੱਮਟੀ ਆਦਿ ਮੌਜੂਦ ਸਨ।
ਮੀਟਿੰਗ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਆਦਿਤਿਆ ਨੇ ਦੱਸਿਆ ਕਿ ਐੱਸਆਈਆਰ ਦੇ ਕੰਮ ਨੂੰ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪੱਧਰੀ ਮਾਸਟਰ ਟਰੇਨਰਾਂ, ਟੈਕਨੀਕਲ ਸਟਾਫ ਤੇ ਬੀਐੱਲਓ ਸੁਪਰਵਾਈਜ਼ਰਾਂ ਨੂੰ ਟਰੇਨਿੰਗ ਦਿੱਤੀ ਗਈ ਹੈ। ਇਸ ਮੌਕੇ ਵੋਟਰ ਸੂਚੀ ਦੀ ਵਿਸ਼ੇਸ਼ ਗਹਿਰੀ ਸੁਧਾਈ 2026 ਦੀ ਸੋਧ ਪ੍ਰਕਿਰਿਆ ਅਤੇ ਗਣਨਾ ਫਾਰਮ ਭਰਨ ਦੇ ਸਹੀ ਤਰੀਕੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਫਾਰਮ ਵਿੱਚ ਦਰਜ ਕੀਤੇ ਜਾਣ ਵਾਲੇ ਵੇਰਵਿਆਂ, ਲੋੜੀਂਦੇ ਦਸਤਾਵੇਜਾਂ ਅਤੇ ਆਨਲਾਈਨ ਅਪਲੋਡਿੰਗ ਪ੍ਰਕਿਰਿਆ ਤੋਂ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਐੱਸਆਈਆਰ 2026 ਦਾ ਉਦੇਸ਼ ਹਰ ਯੋਗ ਵੋਟਰ ਨੂੰ ਵੋਟਰ ਸੂਚੀ ਵਿੱਚ ਸ਼ਾਮਲ ਕਰਨਾ ਅਤੇ ਹਰ ਅਯੋਗ ਵੋਟਰ ਨੂੰ ਵੋਟਰ ਸੂਚੀ ਵਿੱਚੋਂ ਬਾਹਰ ਕਰਨਾ ਅਤੇ ਵੋਟਰ ਸੂਚੀ ਨੂੰ 100 ਪ੍ਰਤੀਸ਼ਤ ਸ਼ੁੱਧ ਕਰਨਾ ਹੈ। ਇਸ ਪ੍ਰਕਿਰਿਆ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ 25 ਜੂਨ 2026 ਤੋਂ 24 ਜੁਲਾਈ 2026 ਤੱਕ ਬੀ ਐਲ ਓ ਦੁਆਰਾ ਘਰ ਘਰ ਜਾ ਕੇ ਗਣਨਾ ਫਾਰਮ ਦੀਆਂ ਕਾਪੀਆਂ ਦਿੱਤੀਆਂ ਜਾਣਗੀਆਂ। ਫਾਰਮ ਵਿੱਚ ਸਾਰੀ ਜਾਣਕਾਰੀ ਭਰਣ ਉਪਰੰਤ ਇੱਕ ਕਾਪੀ ਵੋਟਰ ਵਲੋਂ ਦਸਤਖ਼ਤ ਕਰਕੇ ਬੀ ਐਲ ਓ ਕੋਲ ਜਮ੍ਹਾਂ ਕਰਵਾਈ ਜਾਵੇਗੀ ਅਤੇ ਇੱਕ ਕਾਪੀ ਬੀ ਐਲ ਓ ਦੁਆਰਾ ਦਸਤਖ਼ਤ ਕਰਕੇ ਵੋਟਰ ਨੂੰ ਰਸੀਦ ਵਜੋਂ ਦਿੱਤੀ ਜਾਵੇਗੀ।
ਇਸ ਪ੍ਰਕਿਰਿਆ ਸਬੰਧੀ ਵੱਖ ਵੱਖ ਪੜਾਵਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ 24 ਜੁਲਾਈ 2026 ਤੱਕ ਪੋਲਿੰਗ ਸਟੇਸ਼ਨਾਂ ਦੀ ਰੈਸ਼ਨਲਾਈਜੇਸ਼ਨ (ਤਰਕ ਸੰਗਤ ਕਰਨਾ), 3 ਅਗਸਤ 2026 ਨੂੰ ਡਰਾਫਟ ਵੋਟਰ ਸੂਚੀ ਦਾ ਪ੍ਰਕਾਸ਼ਨ, 02 ਅਗਸਤ 2026 ਤੋਂ 02 ਸਤੰਬਰ 2026 ਤੱਕ ਦਾਅਵੇ ਅਤੇ ਇਤਰਾਜ਼ ਦਾਇਰ ਕਰਨ ਦੀ ਮਿਆਦ ਤੇ 03 ਅਗਸਤ 2026 ਤੋਂ 28 ਸਤੰਬਰ 2026 ਤੱਕ ਦਾਅਵੇ ਅਤੇ ਇਤਰਾਜ਼ਾਂ ਦਾ ਨਿਪਟਾਰਾ ਅਤੇ 1 ਅਕਤੂਬਰ 2026 ਨੂੰ ਅੰਤਿਮ ਵੋਟਰ ਸੂਚੀ ਦਾ ਪ੍ਰਕਾਸ਼ਨ ਕੀਤਾ ਜਾਵੇਗਾ। ਇਸ ਮੌਕੇ ਐੱਨਜੀਐੱਸਪੀ ਪੋਰਟਲ, ਹੈਲਪ ਲਾਈਨ 1950, ਬੀਐੱਲਓ ਐਪ, ਈਸੀਆਈ ਨੈੱਟ ਆਦਿ ਨਾਲ ਸਬੰਧਤ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਮੂਹ ਚੋਣਕਾਰ ਅਫਸਰ ਗੁਰਦਾਸਪੁਰ, ਮਨਜਿੰਦਰ ਸਿੰਘ ਚੋਣ ਤਹਿਸੀਲਦਾਰ ਗੁਰਦਾਸਪੁਰ, ਕਰਨ ਸੋਨੀ ਡੀਆਈਸੀ ਸਮੇਤ ਵੱਖ-ਵੱਖ ਟੀਮਾਂ ਦੇ ਨੋਡਲ ਅਫਸਰ ਮੌਜੂਦ ਸਨ।