- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਸਰਕਾਰ ਵੱਲੋਂ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਵਾਤਾਵਰਨ ਪ੍ਰੇਮੀਆਂ ਨੂੰ ਸਨਮਾਨ ਪੱਤਰ ਦੇ ਕੇ ਉਨ੍ਹਾਂ ਨੂੰ ਸਨਮਾਨਿਆ ਜਾ ਰਿਹਾ ਹੈ। ਇਸ ਮੌਕੇ 'ਤੇ ਪਹਿਲੇ ਸਮਿਆਂ ਵਿੱਚ ਕਿਸਾਨਾਂ ਦੀ ਬੇਵਸੀ ਹੋਣ ਕਾਰਨ ਪਰਾਲੀ ਨੂੰ ਅੱਗ ਲੱਗਣ ਦੇ ਕੇਸ ਸਾਹਮਣੇ ਆਉਂਦੇ ਸਨ, ਜਦ ਕਿ ਹੁਣ ਪਿਛਲੇ ਸਮੇਂ ਤੋਂ ਮਸ਼ੀਨਰੀ ਯੁੱਗ ਆਉਣ 'ਤੇ ਪੰਜਾਬ ਵਿੱਚ ਪਰਾਲੀ ਨੂੰ ਸਾੜਨ ਦਾ ਰੁਝਾਨ ਘਟਿਆ ਹੈ।

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ ਡੇਰਾ ਬਾਬਾ ਨਾਨਕ: ਗੁਰੂਆਂ-ਪੀਰਾਂ ਦੀ ਧਰਤੀ ਪੰਜਾਬ ਦਾ ਵਾਤਾਵਰਨ ਸ਼ੁੱਧ ਬਣਾਉਣ ਦੇ ਮਨੋਰਥ ਨਾਲ ਹਰ ਸਾਲ ਲੱਖਾਂ ਪੌਦੇ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ ਪਿਛਲੇ ਸਮੇਂ ਤੋਂ ਪੰਜਾਬ ਸਰਕਾਰ ਤੇ ਗ੍ਰੀਨ ਟ੍ਰਿਬਿਊਨਲ ਵੱਲੋਂ ਵਾਤਾਵਰਨ ਦੀ ਸ਼ੁੱਧਤਾ ਲਈ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ 'ਤੇ ਮੁਕੰਮਲ ਰੋਕ ਲਗਾਉਣ ਉਪਰੰਤ ਪਿੰਡ ਪੱਧਰ 'ਤੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ।
ਜਦਕਿ ਅੱਜ ਦੇ ਮਸ਼ੀਨਰੀ ਤੇ ਮਹਿੰਗਾਈ ਦੇ ਯੁੱਗ ਵਿੱਚ ਝੋਨੇ ਦੀ ਪਰਾਲੀ ਦੀ ਕਦਰ ਪੈਣ ਕਾਰਨ ਪਰਾਲੀ ਦੀਆਂ ਗੱਠਾਂ ਬਣਾਉਣ ਦਾ ਰੁਝਾਨ ਵਧਣ ਕਾਰਨ ਕਿਸਾਨ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਫੂਕਣ ਦੀ ਬਿਜਾਏ ਬੇਲਰਾਂ ਨਾਲ ਗੱਠਾਂ ਬਣਾਉਣ ਨੂੰ ਤਰਜੀਹ ਦੇ ਰਹੇ ਹਨ। ਉੱਥੇ ਕੁਝ ਵਾਤਾਵਰਨ ਪ੍ਰੇਮੀਆਂ ਦਾ ਕਹਿਣਾ ਹੈ ਕਿ ਪਰਾਲੀ ਦੀਆਂ ਗੱਠਾਂ ਬਣਾਉਣ ਨਾਲ ਪਰਾਲੀ ਨੂੰ ਅੱਗ ਨਾ ਲੱਗਣ ਕਾਰਨ ਵਾਤਾਵਰਨ ਸ਼ੁੱਧ ਹੋਵੇਗਾ, ਉੱਥੇ ਪਰਾਲੀ ਦੀਆਂ ਗੱਠਾਂ ਜ਼ਮੀਨ ਵਿੱਚੋਂ ਬਣਾ ਕੇ ਚੁੱਕ ਲੈਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘੱਟ ਸਕਦੀ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਵਾਹੁਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵਾਰ ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 32.7 ਲੱਖ ਹੈਕਟੇਅਰ ਦੇ ਕਰੀਬ ਰਕਬੇ ਵਿੱਚ ਝੋਨੇ ਦੀ ਬਿਜਾਈ ਕੀਤੀ ਗਈ ਹੈ, ਜਦ ਕਿ ਪੰਜਾਬ ਸਰਕਾਰ ਵੱਲੋਂ ਪਰਾਲੀ ਨੂੰ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਇਸ ਸਾਲ ਪਰਾਲੀ ਪ੍ਰਬੰਧਨ ਮਸ਼ੀਨਾਂ ਲਈ 16452 ਮਨਜ਼ੂਰੀ ਪੱਤਰ ਜਾਰੀ ਕੀਤੇ ਗਏ ਸਨ। ਇਸ ਵਾਰ ਪੰਜਾਬ ਸਰਕਾਰ ਦੇ ਆਦੇਸ਼ਾਂ 'ਤੇ ਝੋਨੇ ਦੀ ਸਿੱਧੀ ਬਿਜਾਈ 15 ਮਈ ਤੋਂ 31 ਮਈ ਤੱਕ ਕਰਨ ਤੋਂ ਇਲਾਵਾ ਝੋਨੇ ਦੀ ਬਿਜਾਈ ਕੱਦੂ ਵਿਧੀ ਨਾਲ 1, 5 ਅਤੇ 9 ਜੂਨ ਨੂੰ ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਰਵਾਈ ਗਈ ਸੀ। ਝੋਨੇ ਦੀ ਫ਼ਸਲ ਪੱਕਣ ਉਪਰੰਤ ਭਾਵੇਂ ਅਨਾਜ ਮੰਡੀਆਂ ਵਿੱਚ ਝੋਨੇ ਦੀ ਜਿਨਸ ਦੀ ਸਰਕਾਰੀ ਖਰੀਦ 1 ਅਕਤੂਬਰ ਤੋਂ ਸ਼ੁਰੂ ਕੀਤੀ ਗਈ ਹੈ, ਜਦਕਿ ਅਗੇਤੇ ਝੋਨੇ ਦੀ ਪਰਾਲੀ ਦੀਆਂ ਗੱਠਾਂ ਬਣਾਉਣ ਦਾ ਕੰਮ ਪਿਛਲੇ ਦੋ ਹਫ਼ਤਿਆਂ ਤੋਂ ਬੇਲਰ ਮਾਲਕਾਂ ਵੱਲੋਂ ਵੱਡੇ ਪੱਧਰ 'ਤੇ ਕੀਤਾ ਜਾ ਰਿਹਾ ਹੈ ਅਤੇ ਬੇਲਰ ਮਾਲਕਾਂ ਵੱਲੋਂ ਪਰਾਲੀ ਦੀਆਂ ਗੱਠਾਂ ਬਣਾ ਕੇ ਵੱਖ-ਵੱਖ ਪਲਾਂਟਾਂ ਵਿੱਚ ਵੇਚੀਆਂ ਜਾ ਰਹੀਆਂ ਹਨ।
ਭਾਰਤ-ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਵਿੱਚ 300 ਦੇ ਕਰੀਬ ਬੇਲਰ ਮਾਲਕਾਂ ਵੱਲੋਂ ਪਰਾਲੀ ਦੀਆਂ ਗੱਠਾਂ ਬਣਾਉਣ ਦਾ ਕੰਮ ਪੂਰੀ ਤੇਜ਼ੀ ਵਿੱਚ ਕੀਤਾ ਜਾ ਰਿਹਾ ਹੈ। ਇਸ ਸਬੰਧੀ ਬੇਲਰ ਮਾਲਕ ਹਰਪਾਲ ਸਿੰਘ, ਸੁਖਦੇਵ ਸਿੰਘ, ਲਵਪ੍ਰੀਤ ਸਿੰਘ, ਜਸਕਰਨ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਿਛਲੇ ਕਰੀਬ 7 ਸਾਲਾਂ ਤੋਂ ਪਰਾਲੀ ਦੀਆਂ ਗੱਠਾਂ ਬੇਲਰਾਂ ਨਾਲ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਅਤੇ ਉਨ੍ਹਾਂ ਵੱਲੋਂ ਝੋਨੇ ਦੀ ਪਰਾਲੀ ਅਤੇ ਕਮਾਦ ਦੀ ਖੋਰੀ ਦੀਆਂ ਗੱਠਾਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪਰਾਲੀ ਪ੍ਰਬੰਧਨ ਲਈ ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਸਬਸਿਡੀ 'ਤੇ ਦਿੱਤੇ ਬੇਲਰ, ਚੌਪੜ, ਰੈਕਰ ਆਦਿ ਸੰਦਾਂ ਨਾਲ ਪਰਾਲੀ ਦੀਆਂ ਗੱਠਾਂ ਵੇਚ ਕੇ ਕੀਤੀ ਚੋਖੀ ਕਮਾਈ ਨਾਲ ਉਨ੍ਹਾਂ ਦੇ ਆਰਥਿਕ ਹਾਲਾਤਾਂ ਵਿੱਚ ਸੁਧਾਰ ਆਇਆ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਉਨ੍ਹਾਂ ਨੇ ਕੇਵਲ ਇੱਕ-ਇੱਕ ਬੇਲਰ ਨਾਲ ਕੰਮ ਸ਼ੁਰੂ ਕੀਤਾ ਸੀ, ਇਸ ਵੇਲੇ ਉਨ੍ਹਾਂ ਕੋਲ ਚਾਰ-ਚਾਰ ਬੇਲਰ ਅਤੇ ਦਰਜਨ ਦਰਜਨ ਦੇ ਕਰੀਬ ਟਰੈਕਟਰ ਅਤੇ ਹੋਰ ਸੰਦ ਹਨ। ਉਨ੍ਹਾਂ ਕਿਹਾ ਕਿ ਪਰਾਲੀ ਦੀਆਂ ਗੱਠਾਂ ਬਣਾਉਣ ਨਾਲ "ਨਾਲੇ ਪੁੰਨ ਤੇ ਨਾਲੇ ਫਲੀਆਂ" ਵਾਲੀ ਸਿਆਣਿਆਂ ਦੀ ਕਹਾਵਤ ਸੱਚ ਸਾਬਤ ਹੋ ਰਹੀ ਹੈ। ਬੇਲਰ ਮਾਲਕਾਂ ਨੇ ਦੱਸਿਆ ਕਿ ਇੱਕ ਬੇਲਰ ਨਾਲ ਪੰਜਾਹ ਦੇ ਕਰੀਬ ਮਜ਼ਦੂਰਾਂ ਨੂੰ ਰੋਜ਼ਗਾਰ ਮਿਲਦਾ ਹੈ।
ਇਸ ਮੌਕੇ 'ਤੇ ਉਨ੍ਹਾਂ ਦੱਸਿਆ ਕਿ ਪਰਾਲੀ ਦੀਆਂ ਬਣਾਈਆਂ ਗੱਠਾਂ ਮਿੱਲਾਂ, ਸ਼ਰਾਬ ਮਿੱਲਾਂ, ਇਥੇਨੋਲ ਪਲਾਂਟ ਅਤੇ ਪਾਵਰ ਪਲਾਂਟਾਂ ਵਿੱਚ ਭਾਫ਼ ਤਿਆਰ ਕਰਨ ਲਈ ਵਰਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਹੁਣ ਪਰਾਲੀ ਭੱਠਿਆਂ ਵਿੱਚ ਵੀ ਵਰਤੀ ਜਾ ਰਹੀ ਹੈ।
ਪਰਾਲੀ ਦੀਆਂ ਗੱਠਾਂ ਚੁੱਕਣ ਲਈ ਸਪੇਨ ਤੋਂ ਮੰਗਵਾਈ ਮਲਟੀਪੈਕ ਮਸ਼ੀਨ: ਜਸਕਰਨ ਭੰਗੂ
ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਲਾਨੌਰ ਨਾਲ ਸੰਬੰਧਿਤ ਪਿੰਡ ਭੰਗਵਾਂ ਦੇ ਬੇਲਰ ਮਾਲਕ ਜਸਕਰਨ ਸਿੰਘ ਭੰਗੂ ਨੇ ਦੱਸਿਆ ਕਿ ਉਸ ਵੱਲੋਂ ਚਾਰ ਸਾਲ ਪਹਿਲਾਂ ਇੱਕ ਬੇਲਰ ਅਤੇ ਤਿੰਨ ਟਰੈਕਟਰ ਨਾਲ ਪਰਾਲੀ ਦੀਆਂ ਗੱਠਾਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ, ਜਦ ਕਿ ਇਸ ਸਮੇਂ ਉਸ ਕੋਲ ਤਿੰਨ ਬੇਲਰ ਅਤੇ ਸੱਤ ਟਰੈਕਟਰ ਹਨ। ਇਸ ਤੋਂ ਇਲਾਵਾ ਉਸ ਨੇ ਸਪੇਨ ਤੋਂ ਪਰਾਲੀ ਦੀਆਂ ਗੱਠਾਂ ਚੁੱਕਣ ਵਾਲੀ ਮਲਟੀਪੈਕ ਮਸ਼ੀਨ ਮੰਗਵਾਈ ਹੈ, ਜਿਸ ਦੀ ਕੀਮਤ ਇਕ ਕਰੋੜ 6 ਲੱਖ ਰੁਪਏ ਦੇ ਕਰੀਬ ਹੈ। ਜਦਕਿ ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਵੱਲੋਂ ਇਹ ਮਸ਼ੀਨ 65 ਫੀਸਦੀ ਸਬਸਿਡੀ 'ਤੇ ਮਿਲੀ ਹੈ, ਜੋ ਇੱਕੋ ਵਾਰ 14 ਗੱਠਾਂ ਚੁੱਕਣ ਵਿੱਚ ਸਮਰੱਥਾ ਰੱਖਦੀ ਹੈ। ਇਸ ਮੌਕੇ 'ਤੇ ਜਸਕਰਨ ਸਿੰਘ ਭੰਗੂ ਨੇ ਦੱਸਿਆ ਕਿ ਬਾਰਡਰ ਏਰੀਏ ਦੇ ਇਲਾਕੇ ਵਿੱਚ ਪਰਾਲੀ ਦੀ ਵਰਤੋਂ ਵਾਲੇ ਪਲਾਂਟ ਲਗਾਏ ਜਾਣ, ਤਾਂ ਜੋ ਬੇਲਰ ਮਾਲਕਾਂ ਨੂੰ ਦੂਰ-ਦੁਰਾਡੇ ਪੈਂਦੇ ਇਥੇਨੋਲ ਪਲਾਂਟ ਅਤੇ ਪਾਵਰ ਪਲਾਂਟਾਂ ਵਿੱਚ ਪਰਾਲੀ ਦੀਆਂ ਗੱਠਾਂ ਲੈ ਕੇ ਨਾ ਜਾਣਾ ਪਵੇ ਅਤੇ ਲੋਕਲ ਪੱਧਰ 'ਤੇ ਹੀ ਉਹ ਪਰਾਲੀ ਦੀਆਂ ਗੱਠਾਂ ਵੇਚ ਸਕਣ।
--ਮਸ਼ੀਨੀ ਯੁੱਗ ’ਚ ਪਰਾਲੀ ਪ੍ਰਬੰਧਨ ਲਈ ਸਬਸਿਡੀ 'ਤੇ ਸਰਕਾਰ ਨੇ ਦਿੱਤੇ ਸੰਦ: ਗੁਰਮੀਤ ਸਿੰਘ ਖੁੱਡੀਆਂ--
ਪੰਜਾਬ ਭਰ ਵਿੱਚ ਝੋਨੇ ਦੀ ਕਟਾਈ ਸ਼ੁਰੂ ਹੋਣ ਉਪਰੰਤ ਪਰਾਲੀ ਦੀਆਂ ਬਣਾਈਆਂ ਜਾ ਰਹੀਆਂ ਗੱਠਾਂ ਅਤੇ ਪਰਾਲੀ ਪ੍ਰਬੰਧਨ ਸਬੰਧੀ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਦਾ ਵਾਤਾਵਰਨ ਸ਼ੁੱਧ ਬਣਾਉਣ ਲਈ ਪਰਾਲੀ ਪ੍ਰਬੰਧਨ ਲਈ ਵੱਡੇ ਉਪਰਾਲੇ ਕਰਦਿਆਂ ਹੋਇਆਂ ਕਿਸਾਨਾਂ ਨੂੰ ਸਬਸਿਡੀ 'ਤੇ ਸੰਦ ਦਿੱਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਰਾਲੀ ਪ੍ਰਬੰਧਨ ਲਈ 576 ਕਰੋੜ ਰੁਪਏ ਦੀ ਪ੍ਰਵਾਨਗੀ ਦਿੱਤੀ ਹੋਈ ਹੈ। ਉਨ੍ਹਾਂ ਕਿਹਾ ਕਿ 250 ਕਰੋੜ ਰੁਪਏ ਦੇ ਸੰਦਾਂ 'ਤੇ ਸਬਸਿਡੀ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਚਾਰ ਸਾਲ ਦੌਰਾਨ ਇਕ ਲੱਖ 60 ਹਜ਼ਾਰ ਦੇ ਕਰੀਬ ਮਸ਼ੀਨਾਂ ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਤੋਂ ਇਲਾਵਾ ਪਰਾਲੀ ਪ੍ਰਬੰਧਨ ਲਈ ਪੰਜਾਬ ਭਰ ਵਿੱਚ 4500 ਕੈਂਪ ਲਗਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਕੂਲਾਂ ਵਿੱਚ ਵੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਸਿੰਪਲ ਲਗਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਵਾਤਾਵਰਨ ਪ੍ਰੇਮੀਆਂ ਨੂੰ ਸਨਮਾਨ ਪੱਤਰ ਦੇ ਕੇ ਉਨ੍ਹਾਂ ਨੂੰ ਸਨਮਾਨਿਆ ਜਾ ਰਿਹਾ ਹੈ। ਇਸ ਮੌਕੇ 'ਤੇ ਪਹਿਲੇ ਸਮਿਆਂ ਵਿੱਚ ਕਿਸਾਨਾਂ ਦੀ ਬੇਵਸੀ ਹੋਣ ਕਾਰਨ ਪਰਾਲੀ ਨੂੰ ਅੱਗ ਲੱਗਣ ਦੇ ਕੇਸ ਸਾਹਮਣੇ ਆਉਂਦੇ ਸਨ, ਜਦ ਕਿ ਹੁਣ ਪਿਛਲੇ ਸਮੇਂ ਤੋਂ ਮਸ਼ੀਨਰੀ ਯੁੱਗ ਆਉਣ 'ਤੇ ਪੰਜਾਬ ਵਿੱਚ ਪਰਾਲੀ ਨੂੰ ਸਾੜਨ ਦਾ ਰੁਝਾਨ ਘਟਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਵਾਤਾਵਰਨ ਸ਼ੁੱਧ ਹੋ ਰਿਹਾ ਹੈ, ਜਦ ਕਿ ਦਿੱਲੀ ਦਾ ਵਾਤਾਵਰਨ ਦੂਸ਼ਿਤ ਹੋਣ ਦੇ ਬਾਵਜੂਦ ਵੀ ਪੰਜਾਬ ਅਤੇ ਹਰਿਆਣਾ ਨੂੰ ਕੋਸਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਰਾਲੀ ਦੇ ਪ੍ਰਬੰਧਨ ਦੇ ਢੁਕਵੇਂ ਪ੍ਰਬੰਧ ਕੀਤੇ ਹੋਏ ਹਨ।
ਝੋਨੇ ਦੀ ਪਰਾਲੀ ਤੇ ਕਮਾਦ ਦੀ ਖੋਰੀ ਨੂੰ ਖੇਤਾਂ ਵਿੱਚ ਵਾਹ ਕੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਈ ਜਾਵੇ: ਕੇਨ ਕਮਿਸ਼ਨਰ ਡਾਕਟਰ ਅਮਰੀਕ ਸਿੰਘ
ਗੰਨਾ ਵਿਭਾਗ ਦੇ ਕੇਨ ਕਮਿਸ਼ਨਰ ਡਾਕਟਰ ਅਮਰੀਕ ਸਿੰਘ ਨੇ ਦੱਸਿਆ ਕਿ ਪਰਾਲੀ ਦੀਆਂ ਗੱਠਾਂ ਬਣਾਉਣ ਦੇ ਨਾਲ-ਨਾਲ ਕਮਾਦ ਦੀ ਖੋਰੀ ਦੀਆਂ ਗੱਠਾਂ ਬਣਾਉਣ ਦਾ ਵੀ ਰੁਝਾਨ ਵਧਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ 25 ਹਜ਼ਾਰ ਹੈਕਟੇਅਰ ਕਮਾਦ ਦੀ ਕਾਸ਼ਤ ਹੋਣ ਤੋਂ ਇਲਾਵਾ ਪੰਜਾਬ ਭਰ ਵਿੱਚ ਇਕ ਲੱਖ 16 ਹਜ਼ਾਰ ਹੈਕਟੇਅਰ ਰਕਬੇ ਵਿੱਚ ਗੰਨੇ ਦੀ ਖੇਤੀ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਪ੍ਰਤੀ ਏਕੜ ਕਮਾਦ ਦੀ ਫ਼ਸਲ ਵਿੱਚੋਂ ਵੀ ਕੁਇੰਟਲ ਕਮਾਦ ਦੀ ਖੋਰੀ ਨਿਕਲਦੀ ਹੈ। ਉਨ੍ਹਾਂ ਕਿਹਾ ਕਿ ਪਰਾਲੀ ਅਤੇ ਕਮਾਦ ਦੀ ਖੋਰੀ ਦੀਆਂ ਗੱਠਾਂ ਬਣਾਉਣ ਨਾਲ ਭਾਵੇਂ ਵਾਤਾਵਰਨ ਤਾਂ ਸ਼ੁੱਧ ਹੁੰਦਾ ਹੈ, ਪਰੰਤੂ ਪਰਾਲੀ ਤੇ ਖੋਰੀ ਖੇਤਾਂ ਵਿੱਚੋਂ ਚੁੱਕਣ ਕਾਰਨ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ। ਉਨ੍ਹਾਂ ਕਿਹਾ ਕਿ ਕਮਾਦ ਦੀ ਖੋਰੀ ਅਤੇ ਪਰਾਲੀ ਖੇਤਾਂ ਵਿੱਚ ਹੀ ਵਾਹ ਕੇ ਨਸ਼ਟ ਕਰ ਦੇਣੀ ਚਾਹੀਦੀ ਹੈ, ਕਿਉਂਕਿ ਖੇਤਾਂ ਵਿੱਚ ਵਾਹੁਣ ਨਾਲ ਜ਼ਮੀਨ ਦੇ ਮਿੱਤਰ ਕੀੜੇ ਪੈਦਾ ਹੋਣ ਤੋਂ ਇਲਾਵਾ ਜ਼ਮੀਨ ਨੂੰ ਵੱਖ-ਵੱਖ ਤੱਤ ਮਿਲਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ।
ਉਨ੍ਹਾਂ ਕਿਹਾ ਕਿ ਇੱਕ ਪਾਸੇ ਅਸੀਂ ਖੇਤਾਂ ਵਿੱਚ ਦੇਸੀ ਰੂੜੀ ਅਤੇ ਹਰੀਆਂ ਖਾਦਾਂ ਤਿਆਰ ਕਰਕੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾ ਰਹੇ ਹਾਂ। ਉਨ੍ਹਾਂ ਕਿਹਾ ਕਿ ਜੇਕਰ ਜ਼ਮੀਨ ਦੀ ਉਪਜਾਊ ਸ਼ਕਤੀ ਘੱਟਦੀ ਹੈ, ਤਾਂ ਸਾਨੂੰ ਫ਼ਸਲਾਂ ਦਾ ਵਧੇਰੇ ਝਾੜ ਲੈਣ ਲਈ ਰਸਾਇਣਿਕ ਖਾਦਾਂ ਦੀ ਮਜਬੂਰਨ ਵਰਤੋਂ ਕਰਨੀ ਪਵੇਗੀ।
ਪਰਾਲੀ ਪ੍ਰਬੰਧਨ ਲਈ ਖੇਤੀਬਾੜੀ ਵਿਭਾਗ ਵੱਲੋਂ ਮੁਹਿੰਮ ਤੇਜ਼ : ਸ਼ਾਹਬਾਜ਼ ਸਿੰਘ ਚੀਮਾ
ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਖੇਤੀਬਾੜੀ ਅਫ਼ਸਰ ਡਾਕਟਰ ਸ਼ਾਹਬਾਜ਼ ਸਿੰਘ ਚੀਮਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਇਸ ਵਾਰ ਝੋਨੇ ਅਤੇ ਬਾਸਮਤੀ ਹੇਠ ਇਕ ਲੱਖ 70 ਹਜ਼ਾਰ ਦੇ ਕਰੀਬ ਹੈਕਟੇਅਰ ਰਕਬੇ ਵਿੱਚ ਖੇਤੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਜ਼ਿਲ੍ਹੇ ਵਿੱਚ 69 ਪਿੰਡਾਂ ਵਿੱਚ 86 ਕੇਸ ਪਰਾਲੀ ਸਾੜਨ ਦੇ ਸਾਹਮਣੇ ਆਏ ਸਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪਰਾਲੀ ਨੂੰ ਅੱਗ ਲਗਾਉਣ ਦੇ ਰੁਝਾਨ ਨੂੰ ਠੱਲ ਪਾਉਣ ਲਈ ਜ਼ਿਲ੍ਹੇ ਵਿੱਚ ਇਸ ਸਾਲ 1575 ਪਰਾਲੀ ਦੀ ਸਾਂਭ-ਸੰਭਾਲ ਲਈ ਸੰਦ ਸਬਸਿਡੀ 'ਤੇ ਦੇਣ ਤੋਂ ਇਲਾਵਾ ਪਿਛਲੇ ਸਮੇਂ ਤੋਂ ਲੈ ਕੇ ਹੁਣ ਤੱਕ 7592 ਸੰਦ ਕਿਸਾਨਾਂ ਨੂੰ ਸਬਸਿਡੀ 'ਤੇ ਦਿੱਤੇ ਗਏ ਹਨ। ਇਸ ਤੋਂ ਇਲਾਵਾ 115 ਨਵੇਂ ਰੈਕ ਅਤੇ ਬੇਲਰ ਕਿਸਾਨਾਂ ਨੂੰ ਮੁਹੱਈਆ ਕਰਵਾਏ ਗਏ ਹਨ। ਡਾਕਟਰ ਚੀਮਾ ਨੇ ਕਿਹਾ ਕਿ ਪਰਾਲੀ ਪ੍ਰਬੰਧਨ ਲਈ ਖੇਤੀਬਾੜੀ ਵਿਭਾਗ ਵੱਲੋਂ ਪਿੰਡ ਪੱਧਰ 'ਤੇ ਜਾਗਰੂਕਤਾ ਫੈਲਾਈ ਜਾ ਰਹੀ ਹੈ ਅਤੇ ਕਿਸਾਨ ਭਰਾ ਵੀ ਸਹਿਯੋਗ ਦੇ ਰਹੇ ਹਨ।