- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਤ ਦੀ ਗਰਮੀ ਅਤੇ ਹੁੰਮਸ ਨਾਲ ਹਾਲ ਕੀਤਾ ਬੇਹਾਲ

- ਲੋਕਾਂ ਨੂੰ ਨਾ ਦਿਨ ਵਿੱਚ ਸੁਕੂਨ ਤੇ ਨਾ ਹੀ ਰਾਤ ਨੂੰ ਮਿਲ ਰਿਹਾ ਚੈਨ
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਗੁਰਦਾਸਪੁਰ : ਗੁਰਦਾਸਪੁਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਇਨ੍ਹਾਂ ਦਿਨੀਂ ਮੌਸਮ ਦਾ ਮਿਜਾਜ਼ ਬਦਲਿਆ-ਬਦਲਿਆ ਜਿਹਾ ਹੈ। ਇੱਕ ਪਾਸੇ ਮੌਨਸੂਨੀ ਬਾਰਿਸ਼ ਦਾ ਕੋਈ ਆਸਾਰ ਨਹੀਂ, ਤਾਂ ਦੂਜੇ ਪਾਸੇ ਭਿਆਨਕ ਗਰਮੀ ਅਤੇ ਹੁੰਮਸ ਨੇ ਲੋਕਾਂ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ। ਸੂਰਜ ਦੀ ਤਪਿਸ਼ ਅਤੇ ਹਵਾ ਵਿੱਚ ਨਮੀ ਨੇ ਮਿਲ ਕੇ ਅਜਿਹਾ ਮਾਹੌਲ ਬਣਾ ਦਿੱਤਾ ਹੈ ਕਿ ਲੋਕਾਂ ਨੂੰ ਨਾ ਦਿਨ ਵਿੱਚ ਰਾਹਤ ਮਿਲ ਰਹੀ ਹੈ ਅਤੇ ਨਾ ਹੀ ਰਾਤ ਨੂੰ ਚੈਨ। ਸਵੇਰ ਹੁੰਦੇ ਹੀ ਸੂਰਜ ਆਪਣੀ ਅੱਗ ਵਰ੍ਹਾਉਣੀ ਸ਼ੁਰੂ ਕਰ ਦਿੰਦਾ ਹੈ ਅਤੇ ਦਿਨ ਚੜ੍ਹਨ ਦੇ ਨਾਲ ਤਾਪਮਾਨ ਲਗਾਤਾਰ ਵੱਧਦਾ ਜਾਂਦਾ ਹੈ। ਦੁਪਹਿਰ ਹੁੰਦੇ-ਹੁੰਦੇ ਹਾਲਾਤ ਹੋਰ ਵੀ ਗੰਭੀਰ ਹੋ ਜਾਂਦੇ ਹਨ। ਧੁੱਪ ਇੰਨੀ ਤੇਜ਼ ਹੁੰਦੀ ਹੈ ਕਿ ਬਿਨਾਂ ਚਿਹਰਾ ਢੱਕੇ ਬਾਹਰ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ। ਆਮ ਲੋਕ ਗਰਮੀ ਤੋਂ ਬਚਣ ਲਈ ਸਿਰ, ਮੂੰਹ ਅਤੇ ਚਿਹਰੇ ਨੂੰ ਕੱਪੜੇ ਨਾਲ ਢੱਕ ਕੇ ਹੀ ਘਰਾਂ ਤੋਂ ਬਾਹਰ ਨਿਕਲ ਰਹੇ ਹਨ। ਛੋਟੇ-ਵੱਡੇ, ਬੁੱਢੇ-ਬੱਚੇ ਸਾਰੇ ਇਸ ਮੌਸਮ ਦੀ ਮਾਰ ਝੱਲਣ ਲਈ ਮਜਬੂਰ ਹਨ। ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ ਗੁਰਦਾਸਪੁਰ ਵਿੱਚ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 29 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਗਰਮੀ ਅਤੇ ਹੁੰਮਸ ਦੀ ਇਹ ਜੋੜੀ ਲਗਾਤਾਰ ਲੋਕਾਂ ਨੂੰ ਬੇਚੈਨ ਕਰ ਰਹੀ ਹੈ, ਉੱਥੇ ਹੀ ਸਿਹਤ ਲਈ ਵੀ ਇਹ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਬਹੁਤ ਜ਼ਿਆਦਾ ਗਰਮੀ ਕਾਰਨ ਪੇਟ ਨਾਲ ਸਬੰਧਤ ਬੀਮਾਰੀਆਂ, ਲੂ ਲੱਗਣਾ ਅਤੇ ਡੀਹਾਈਡ੍ਰੇਸ਼ਨ ਦੇ ਮਾਮਲੇ ਵੱਧ ਰਹੇ ਹਨ।
ਬਿਜਲੀ ਸੰਕਟ ਨੇ ਹੋਰ ਵਧਾਈਆਂ ਮੁਸ਼ਕਿਲਾਂ
ਗਰਮੀ ਦੇ ਇਸ ਦੌਰ ਵਿੱਚ ਬਿਜਲੀ ਦੀ ਮੰਗ ਵਿੱਚ ਵੀ ਭਾਰੀ ਵਾਧਾ ਹੋਇਆ ਹੈ। ਲੋਕ ਘਰਾਂ ਵਿੱਚ ਕੂਲਰ, ਏਸੀ ਅਤੇ ਪੱਖੇ ਚਲਾ ਰਹੇ ਹਨ, ਜਿਸ ਕਾਰਨ ਬਿਜਲੀ ਦੇ ਲੋਡ ਵਿੱਚ ਕਾਫ਼ੀ ਵਾਧਾ ਹੋਇਆ ਹੈ। ਵੱਧਦੇ ਲੋਡ ਕਾਰਨ ਟਰਾਂਸਫਾਰਮਰ ਗਰਮ ਹੋ ਰਹੇ ਹਨ ਅਤੇ ਵਾਰ-ਵਾਰ ਖ਼ਰਾਬ ਹੋ ਰਹੇ ਹਨ। ਇਸੇ ਤਰ੍ਹਾਂ ਬਿਜਲੀ ਲਾਈਨਾਂ ਵਿੱਚ ਵੀ ਫਾਲਟ ਆ ਰਹੇ ਹਨ, ਜਿਸ ਕਾਰਨ ਲਗਾਤਾਰ ਬਿਜਲੀ ਕਟੌਤੀ ਹੋ ਰਹੀ ਹੈ। ਬਿਜਲੀ ਗੁੱਲ ਹੋਣ 'ਤੇ ਹਾਲਾਤ ਹੋਰ ਵੀ ਮਾੜੇ ਹੋ ਜਾਂਦੇ ਹਨ, ਕਿਉਂਕਿ ਪੱਖੇ ਬੰਦ ਹੋਣ ਨਾਲ ਘਰ ਦੇ ਅੰਦਰ ਵੀ ਹੁੰਮਸ ਭਰੀ ਗਰਮੀ ਅਸਹਿ ਹੋ ਜਾਂਦੀ ਹੈ। ਗਰਮੀ ਤੋਂ ਸਭ ਤੋਂ ਵੱਧ ਪਰੇਸ਼ਾਨ ਕਿਸਾਨ ਹਨ। ਬਾਰਿਸ਼ ਨਾ ਹੋਣ ਕਾਰਨ ਫ਼ਸਲਾਂ ਪਾਣੀ ਲਈ ਤਰਸ ਰਹੀਆਂ ਹਨ। ਕਿਸਾਨਾਂ ਦੀਆਂ ਨਜ਼ਰਾਂ ਬੱਸ ਅਸਮਾਨ ਵੱਲ ਟਿਕੀਆਂ ਹਨ, ਉਨ੍ਹਾਂ ਨੂੰ ਉਮੀਦ ਹੈ ਕਿ ਕਦੇ ਵੀ ਮੌਨਸੂਨ ਦੀ ਬਾਰਿਸ਼ ਹੋਵੇਗੀ ਅਤੇ ਉਨ੍ਹਾਂ ਦੀਆਂ ਫ਼ਸਲਾਂ ਬਚ ਜਾਣਗੀਆਂ, ਪਰ ਮੌਨਸੂਨ ਦੀ ਬੇਰੁਖ਼ੀ ਨੇ ਉਨ੍ਹਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ।