ਸੱਪਾਂ ਦਾ ਰਹਿਣ ਬਸੇਰਾ ਬਣੇ ਖੇਡ ਮੈਦਾਨ ਦੀ ਕਰਵਾਈ ਸਫ਼ਾਈ, ਖੇਡ ਪ੍ਰੇਮੀਆਂ ਵੱਲੋਂ ਧੰਨਵਾਦ
ਸੱਪਾਂ ਦਾ ਰਹਿਣ ਬਸੇਰਾ ਬਣੇ ਖੇਡ ਮੈਦਾਨ ਦੀ ਕਰਵਾਈ ਸਫਾਈ, ਖੇਡ ਪ੍ਰੇਮੀਆਂ ਵੱਲੋਂ ਧੰਨਵਾਦ
Publish Date: Sat, 27 Jun 2026 04:13 PM (IST)
Updated Date: Sat, 27 Jun 2026 04:16 PM (IST)

- ਖ਼ਬਰ ਦਾ ਅਸਰ ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ ਕਲਾਨੌਰ : ਪਿੰਡ ਭੰਡਾਲ ਦਾ ‘ਖੇਡ ਮੈਦਾਨ ਸੱਪਾਂ ਦਾ ਰਹਿਣ ਬਸੇਰਾ ਬਣਿਆ’ ਸਿਰਲੇਖ ਹੇਠ ਪ੍ਰਕਾਸ਼ਿਤ ਹੋਈ ਖ਼ਬਰ ਦੇ ਅਸਰ ਨਾਲ ਗ੍ਰਾਮ ਪੰਚਾਇਤ ਭੰਡਾਲ ਵੱਲੋਂ ਤੁਰੰਤ ਖੇਡ ਮੈਦਾਨ ਵਿੱਚ ਉੱਗੀ ਜੰਗਲੀ ਬੂਟੀ, ਭੰਗ ਆਦਿ ਦੀ ਸਫ਼ਾਈ ਕਰਵਾਉਣ ਤੇ ਖੇਡ ਮੈਦਾਨ ਵਿੱਚ ਪ੍ਰੈਕਟਿਸ ਕਰਨ ਆਉਣ ਵਾਲੇ ਖੇਡ ਪ੍ਰੇਮੀਆਂ ਅਤੇ ਪਿੰਡਾਂ ਦੇ ਲੋਕਾਂ ਵੱਲੋਂ ਜਾਗਰਣ ਗਰੁੱਪ ਅਤੇ ਪੰਚਾਇਤ ਦਾ ਧੰਨਵਾਦ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਖੇਡ ਪ੍ਰੇਮੀ ਰਣਜੀਤ ਸਿੰਘ, ਸਿਮਰਜੀਤ ਸਿੰਘ, ਹਰਪ੍ਰੀਤ ਸਿੰਘ, ਅਮਰਜੀਤ ਸਿੰਘ, ਸੁਖਦੇਵ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਭੰਡਾਲ ਦੇ ਸਰਕਾਰੀ ਖੇਡ ਮੈਦਾਨ ਜਿਸ ਵਿੱਚ ਪਿੰਡ ਭੰਡਾਲ, ਪੰਨਵਾਂ, ਨਾਨੋਹਾਰਨੀ, ਦੂਲਾ ਨੰਗਲ, ਕਲੋਨੀਆਂ ਆਦ ਪਿੰਡਾਂ ਦੇ ਨੌਜਵਾਨ ਸ਼ਾਮ ਤੇ ਸਵੇਰੇ ਦੌੜ ਦੀ ਪ੍ਰੈਕਟਿਸ ਤੋਂ ਇਲਾਵਾ ਵਾਲੀਬਾਲ ਅਤੇ ਕ੍ਰਿਕਟ ਖੇਡਣ ਲਈ ਖੇਡ ਮੈਦਾਨ ਵਿੱਚ ਆਉਂਦੇ ਸਨ ਪਰ ਪਿਛਲੇ ਦਿਨੀ ਹੋਈਆਂ ਬਾਰਸ਼ਾਂ ਕਾਰਨ ਖੇਡ ਮੈਦਾਨ ਵਿੱਚ ਵੱਡੇ ਪੱਧਰ ਤੇ ਜੰਗਲੀ ਬੂਟੀ ਅਤੇ ਭੰਗ ਆਦਿ ਵੱਡੇ ਪੱਧਰ ’ਤੇ ਹੋਣ ਕਾਰਨ ਖੇਡ ਮੈਦਾਨ ਨੇ ਜੰਗਲ ਦਾ ਰੂਪ ਧਾਰਨ ਕਰ ਲਿਆ ਸੀ ਅਤੇ ਖੇਡ ਮੈਦਾਨ ਵਿੱਚ ਅਕਸਰ ਜ਼ਹਿਰੀਲੇ ਸੱਪ ਵੇਖਣ ਨੂੰ ਮਿਲਦੇ ਸਨ ਖੇਤ ਮੈਦਾਨ ਜੰਗਲ ਦਾ ਰੂਪ ਧਾਰਨ ਕਰਕੇ ਨੌਜਵਾਨ ਪ੍ਰੈਕਟਿਸ ਅਤੇ ਖੇਡਣਾ ਵੀ ਹਟ ਗਏ ਸਨ। ਇਸ ਦੌਰਾਨ ਪੰਜਾਬੀ ਜਾਗਰਣ ਵੱਲੋਂ ਖੇਡ ਮੈਦਾਨ ਦੇ ਜੰਗਲ ਦਾ ਰੂਪ ਧਾਰਨ ਅਤੇ ਸੱਪਾਂ ਦਾ ਰਹਿਣ ਬਸੇਰਾ ਬਣਨ ਸਬੰਧੀ ਖ਼ਬਰ ਪ੍ਰਕਾਸ਼ਿਤ ਕਰਨ ਤੋਂ ਬਾਅਦ ਗ੍ਰਾਮ ਪੰਚਾਇਤ ਵੱਲੋਂ ਤੁਰੰਤ ਖੇਡ ਮੈਦਾਨ ਦੀ ਸਫ਼ਾਈ ਕਰਵਾਉਣ ਕਾਰਨ ਨੌਜਵਾਨਾਂ ਵੱਲੋਂ ਕ੍ਰਿਕਟ ਅਤੇ ਵਾਲੀਬਾਲ ਖੇਡਾਂ ਦੇ ਨਾਲ ਨਾਲ ਦੌੜ ਦੀ ਪ੍ਰੈਕਟਿਸ ਵੀ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਗ੍ਰਾਮ ਪੰਚਾਇਤ ਭੰਡਾਰ ਦੇ ਸਰਪੰਚ ਤੇ ਪਾਵਰਕਾਮ ਦੇ ਸਾਬਕਾ ਇੰਸਪੈਕਟਰ ਪਲਵਿੰਦਰ ਸਿੰਘ ਮੱਲ੍ਹੀ ਨੇ ਦੱਸਿਆ ਕਿ ਖੇਡ ਮੈਦਾਨ ਵਿੱਚ ਉੱਗੀ ਜੰਗਲੀ ਬੂਟੀ ਸਬੰਧੀ ਪਤਾ ਚੱਲਦਿਆਂ ਹੀ ਗ੍ਰਾਮ ਪੰਚਾਇਤ ਵੱਲੋਂ ਖੇਡ ਮੈਦਾਨ ਦੀ ਸਫ਼ਾਈ ਕਰਵਾਉਣ ਕਰਵਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਸ਼ੁਰੂ ਹੋਈਆਂ ਬਾਰਸਾਂ ਦੌਰਾਨ ਗਰਾਮ ਪੰਚਾਇਤ ਵੱਲੋਂ ਲਗਾਤਾਰ ਖੇਡ ਮੈਦਾਨ ਦੀ ਸਫ਼ਾਈ ਨੂੰ ਯਕੀਨੀ ਬਣਾਇਆ ਜਾਵੇਗਾ। ਇਸ ਮੌਕੇ ਸਰਪੰਚ ਪਲਵਿੰਦਰ ਸਿੰਘ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਵੱਲੋਂ ਖੇਡ ਮੈਦਾਨ ਦੀ ਕਰੀਬ ਸਾਢੇ ਤਿੰਨ ਏਕੜ ਏਰੀਏ ਵਿੱਚ ਚਾਰਦੀਵਾਰੀ ਕਰਨ ਲਈ ਗ੍ਰਾਂਟ ਲੈਣ ਲਈ ਸਰਕਾਰ ਤੋਂ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੀਆਂ ਗਲੀਆਂ-ਨਾਲੀਆਂ ਅਤੇ ਨਾਲੇ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਨਾਲਾ ਅਤੇ ਨਾਲੀਆਂ ਦੇ ਨਿਰਮਾਣ ਲਈ ਵੀ ਗ੍ਰਾਂਟ ਦੀ ਮੰਗ ਕੀਤੀ ਹੈ ਪਰ ਹਾਲੇ ਤੱਕ ਗ੍ਰਾਂਟ ਨਾ ਮਿਲਣ ਕਾਰਨ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਬਣੀ ਹੋਈ ਹੈ ਅਤੇ ਆਉਣ ਵਾਲੇ ਬਰਸਾਤੀ ਮੌਸਮ ਦੌਰਾਨ ਗੰਦੇ ਪਾਣੀ ਦੀ ਨਿਕਾਸੀ ਦੀ ਚਿੰਤਾ ਪਿੰਡ ਵਾਸੀਆਂ ਨੂੰ ਸਤਾ ਰਹੀ ਹੈ। ਇਸ ਮੌਕੇ ਉਨ੍ਹਾਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਪੰਚਾਇਤ ਵਿਭਾਗ ਦੇ ਵਿੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਪਿੰਡ ਦੇ ਵਿਕਾਸ ਕਾਰਜ ਅਤੇ ਖੇਤ ਮੈਦਾਨ ਦੀ ਚਾਰ ਦਿਵਾਰੀ ਲਈ ਗ੍ਰਾਂਟ ਜਾਰੀ ਕੀਤੀ ਜਾਵੇ।