ਦਰਦਨਾਕ ਹਾਦਸਾ: ਬਿਜਲੀ ਦੇ ਟ੍ਰਾਂਸਫਾਰਮਰ ਤੋਂ ਕਰੰਟ ਲੱਗਣ ਕਾਰਨ ਚਾਰ ਭੈਣਾਂ ਦੇ ਇੱਕੋ-ਇੱਕ ਭਰਾ ਦੀ ਮੌਤ, ਪਰਿਵਾਰ 'ਚ ਮਾਤਮ
ਫਤਿਹਗੜ ਚੂੜੀਆਂ ਤੋਂ ਤਿੰਨ ਕਿਲੋਮੀਟਰ ਦੂਰ ਪਿੰਡ ਲਾਲਾਨੰਗਲ ਦੇ ਅੱਡੇ ’ਤੇ ਸਥਿਤ ਘਰਾਂ ’ਚ ਉਸ ਵੇਲੇ ਕਹਿਰ ਵਾਪਰ ਗਿਆ ਜੱਦੋਂ ਚਾਰ ਭੈਣਾਂ ਦੇ ਇੱਕਲੌਤੇ ਭਰਾ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਅਤੇ ਜਿਸ ਨਾਲ ਇਲਾਕੇ’ਚ ਸੋਗ ਦੀ ਲਹਿਰ ਦੌੜ ਗਈ।
Publish Date: Sun, 14 Jun 2026 05:14 PM (IST)
Updated Date: Sun, 14 Jun 2026 05:19 PM (IST)
ਫਤਿਹਗੜ ਚੂੜੀਆਂ, ਪੰਜਾਬੀ ਜਾਗਰਣ, ਧਰਮਿੰਦਰ ਸਿੰਘ ਬਾਠ। ਫਤਿਹਗੜ ਚੂੜੀਆਂ ਤੋਂ ਤਿੰਨ ਕਿਲੋਮੀਟਰ ਦੂਰ ਪਿੰਡ ਲਾਲਾਨੰਗਲ ਦੇ ਅੱਡੇ ’ਤੇ ਸਥਿਤ ਘਰਾਂ ’ਚ ਉਸ ਵੇਲੇ ਕਹਿਰ ਵਾਪਰ ਗਿਆ ਜੱਦੋਂ ਚਾਰ ਭੈਣਾਂ ਦੇ ਇੱਕਲੌਤੇ ਭਰਾ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਅਤੇ ਜਿਸ ਨਾਲ ਇਲਾਕੇ’ਚ ਸੋਗ ਦੀ ਲਹਿਰ ਦੌੜ ਗਈ।
ਜਾਣਕਾਰੀ ਅਨੁਸਾਰ ਮ੍ਰਿਤਕ ਜਤਿੰਦਰਬੀਰ ਸਿੰਘ ਜੋ ਚਾਰ ਭੈਣਾਂ ਦਾ ਇੱਕਲੋਤਾ ਭਰਾ ਸੀ ਅਤੇ 5-6 ਮਹੀਨੇ ਪਹਿਲਾਂ ਹੀ ਆਪਣੀ ਪਤਨੀ ਅਤੇ ਛੋਟੇ ਬੱਚੇ ਨਾਲ ਵਾਪਿਸ ਆਪਣੇ ਵਤਨ ਪਰਤਿਆ ਸੀ ਅਤੇ ਇਮੀਗ੍ਰੇਸ਼ਨ ਦਾ ਕੰਮ ਕਰ ਰਿਹਾ ਸੀ।
ਇਸ ਸਬੰਧੀ ਸਕੇ ਸਬੰਧੀਆਂ ਸਾਬਕਾ ਸਰਪੰਚ ਹਰਜੀਤ ਸਿੰਘ ਅਤੇ ਗੜਗਜ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਤਿੰਦਰਬੀਰ ਸਿੰਘ ਦੀ ਖੇਤਾਂ ਵਾਲੇ ਟਿਊਬਵੈਲ ਦੀ ਬਿਜਲੀ ਨਹੀਂ ਆ ਰਹੀ ਸੀ ਅਤੇ ਘਰ ਦੇ ਨਜ਼ਦੀਕ ਹੀ ਲੱਗੇ ਬਿਜਲੀ ਦੇ ਟ੍ਰਾਂਸਫਾਰਮਰ ਨੂੰ ਬੰਦ ਕਰਨ ਲੱਗਾ ਤਾਂ ਸ਼ਾਰਟ ਹੋਏ ਟ੍ਰਾਂਸਫਾਰਮਰ ਤੋਂ ਜ਼ਬਰਦਸਤ ਕਰੰਟ ਲੱਗਾ, ਜਿਸ ਨਾਲ ਜਤਿੰਦਰਬੀਰ ਸਿੰਘ ਦੀ ਮੌਤ ਹੋ ਗਈ।
ਜ਼ਿਕਰਯੋਗ ਹੈ ਕਿ ਮ੍ਰਿਤਕ ਜਤਿੰਦਰਬੀਰ ਸਿੰਘ ਪਹਿਲਾਂ ਯੂ.ਕੇ. ਗਿਆ ਅਤੇ ਬਾਅਦ’ਚ ਕੈਨੇਡਾ ਚਲਾ ਗਿਆ ਸੀ ਅਤੇ 5-6 ਮਹੀਨੇ ਪਹਿਲਾਂ ਹੀ ਵਾਪਿਸ ਵਤਨ ਪਰਤਿਆ ਸੀ। ਮ੍ਰਿਤਕ ਜਤਿੰਦਰਬੀਰ ਸਿੰਘ ਦੀ ਉਮਰ 27 ਸਾਲ ਦੱਸੀ ਜਾ ਰਹੀ ਹੈ ਅਤੇ ਆਪਣੇ ਪਿੱਛੇ ਮਾਤਾ-ਪਿਤਾ ਅਤੇ ਚਾਰ ਭੈਣਾਂ ਤੋਂ ਇਲਾਵਾ ਪਤਨੀ ਇੰਦਰਬੀਰ ਕੌਰ ਅਤੇ ਢਾਈ ਸਾਲ ਦਾ ਬੇਟਾ ਰਾਜਬੀਰ ਸਿੰਘ ਛੱਡ ਗਿਆ ਹੈ।