- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿਛਲੇ ਸਾਲ ਰਾਸ਼ਟਰਪਤੀ ਐਵਾਰਡ ਪ੍ਰਾਪਤ ਐੱਸਪੀ ਸਿੰਘ ਦੀ ਅਗਵਾਈ ਹੇਠ ਦਿੱਲੀ ਤੋਂ ਆਈ ਅੱਠ ਮੈਂਬਰੀ ਟੀਮ ਨੇ ਭੈਣ ਨਾਨਕੀ ਜੀ ਵੱਲੋਂ ਹੱਥੀਂ ਕਢੇ ਰੁਮਾਲ ਅਤੇ ਚੋਲਾ ਸਾਹਿਬ ਦਾ ਰਸਾਇਣਿਕ ਦਵਾਈਆਂ ਨਾਲ ਸ਼ੁੱਧੀਕਰਨ ਕੀਤਾ। ਇਸ ਤੋਂ ਬਾਅਦ ਆਧੁਨਿਕ ਢੰਗ ਨਾਲ ਤਿਆਰ ਕੀਤੇ ਆਲੀਸ਼ਾਨ ਫਰੇਮ ਵਿੱਚ ਇਨ੍ਹਾਂ ਨੂੰ ਖੋਲ੍ਹ ਕੇ ਸੁਰੱਖਿਅਤ ਕੀਤਾ ਗਿਆ ਹੈ।

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਡੇਰਾ ਬਾਬਾ ਨਾਨਕ : ਬਟਾਲਾ ਦੀ ਪਵਿੱਤਰ ਧਰਤੀ ’ਤੇ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਬੀਬੀ ਸੁਲੱਖਣੀ ਜੀ ਦਾ ਚਾਰ ਲਾਵਾਂ ਲੈ ਕੇ ਆਨੰਦ ਕਾਰਜ ਸੰਪੰਨ ਹੋਇਆ ਸੀ। ਵਿਆਹ ਪੁਰਬ ਮੌਕੇ ਗੁਰੂ ਜੀ ਦੀ ਭੈਣ ਨਾਨਕੀ ਵੱਲੋਂ ਆਪਣੇ ਭਰਾ ਨੂੰ ਹੱਥੀਂ ਕਢਾਈ ਕਰ ਕੇ ਭੇਟ ਕੀਤਾ ਰੁਮਾਲ ਅੱਜ ਵੀ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਵਿਖੇ ਸੁਰੱਖਿਅਤ ਹੈ। ਹਰ ਸਾਲ ਵਿਆਹ ਪੁਰਬ ਮੌਕੇ ਸੁਲਤਾਨਪੁਰ ਲੋਧੀ ਤੋਂ ਬਟਾਲਾ ਪੁੱਜਣ ਵਾਲੀਆਂ ਨਾਨਕ ਨਾਮ ਲੇਵਾ ਸੰਗਤਾਂ ਗੁਰਦੁਆਰਾ ਸ੍ਰੀ ਕੰਧ ਸਾਹਿਬ ਦੇ ਦਰਸ਼ਨਾਂ ਦੇ ਨਾਲ ਇਸ ਇਤਿਹਾਸਕ ਰੁਮਾਲ ਦੇ ਵੀ ਦਰਸ਼ਨ ਕਰਦੀਆਂ ਹਨ।
ਇਹ ਪਵਿੱਤਰ ਰੁਮਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅੰਗ ਵਸਤਰ ਚੋਲਾ ਸਾਹਿਬ ਨਾਲ ਰੱਖਿਆ ਗਿਆ ਹੈ। ਚੋਲਾ ਸਾਹਿਬ ’ਤੇ 30 ਸੁਪਾਰੇ ਕੁਰਾਨ ਅਤੇ ਅਰਬੀ-ਫਾਰਸੀ ਅਬਜਦ ਸਮੇਤ ਪੰਜ ਪ੍ਰਕਾਰ ਦੀਆਂ ਭਾਸ਼ਾਵਾਂ ਦੇ ਅੱਖਰ ਅੰਕਿਤ ਹਨ। ਪਹਿਲਾਂ ਇਹ ਦੋਵੇਂ ਪਵਿੱਤਰ ਵਸਤਾਂ ਛੋਟੇ ਸ਼ੀਸ਼ੇ ਦੇ ਫਰੇਮ ਵਿੱਚ ਰੱਖੀਆਂ ਹੋਈਆਂ ਸਨ।
ਪਿਛਲੇ ਸਾਲ ਰਾਸ਼ਟਰਪਤੀ ਐਵਾਰਡ ਪ੍ਰਾਪਤ ਐੱਸਪੀ ਸਿੰਘ ਦੀ ਅਗਵਾਈ ਹੇਠ ਦਿੱਲੀ ਤੋਂ ਆਈ ਅੱਠ ਮੈਂਬਰੀ ਟੀਮ ਨੇ ਭੈਣ ਨਾਨਕੀ ਜੀ ਵੱਲੋਂ ਹੱਥੀਂ ਕਢੇ ਰੁਮਾਲ ਅਤੇ ਚੋਲਾ ਸਾਹਿਬ ਦਾ ਰਸਾਇਣਿਕ ਦਵਾਈਆਂ ਨਾਲ ਸ਼ੁੱਧੀਕਰਨ ਕੀਤਾ। ਇਸ ਤੋਂ ਬਾਅਦ ਆਧੁਨਿਕ ਢੰਗ ਨਾਲ ਤਿਆਰ ਕੀਤੇ ਆਲੀਸ਼ਾਨ ਫਰੇਮ ਵਿੱਚ ਇਨ੍ਹਾਂ ਨੂੰ ਖੋਲ੍ਹ ਕੇ ਸੁਰੱਖਿਅਤ ਕੀਤਾ ਗਿਆ ਹੈ। ਦੱਸਿਆ ਗਿਆ ਕਿ ਇਸ ਤਰੀਕੇ ਨਾਲ ਇਨ੍ਹਾਂ ਇਤਿਹਾਸਕ ਯਾਦਗਾਰਾਂ ਦੀ ਦਿੱਖ ਨੂੰ ਅਗਲੇ 500 ਸਾਲ ਤੱਕ ਸੰਭਾਲਣ ਦਾ ਯਤਨ ਕੀਤਾ ਗਿਆ ਹੈ।
ਡੇਰਾ ਬਾਬਾ ਨਾਨਕ ਸਥਿਤ ਗੁਰਦੁਆਰਾ ਸ੍ਰੀ ਟਾਹਲੀ ਸਾਹਿਬ ਵੀ ਇਤਿਹਾਸਕ ਮਹੱਤਤਾ ਰੱਖਦਾ ਹੈ। ਮਾਨਤਾ ਅਨੁਸਾਰ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਬਾਬਾ ਸ੍ਰੀ ਚੰਦ ਨੇ ਆਪਣੇ ਛੋਟੇ ਭਰਾ ਲਖਮੀ ਚੰਦ, ਉਨ੍ਹਾਂ ਦੀ ਧਰਮ ਪਤਨੀ ਅਤੇ ਪੁੱਤਰ ਨੂੰ ਘੋੜੇ ’ਤੇ ਸਵਾਰ ਹੋ ਕੇ ਆਕਾਸ਼ ਵੱਲ ਜਾਂਦੇ ਸਮੇਂ ਰੋਕਣ ਲਈ ਆਪਣੀ ਲੰਮੀ ਬਾਂਹ ਕੀਤੀ ਸੀ। ਉਨ੍ਹਾਂ ਲਖਮੀ ਚੰਦ ਦੇ ਪੁੱਤਰ ਧਰਮ ਚੰਦ ਨੂੰ ਹੇਠਾਂ ਲਿਆਂਦਾ ਤਾਂ ਜੋ ਬੇਦੀ ਵੰਸ਼ ਨੂੰ ਅੱਗੇ ਤੋਰਿਆ ਜਾ ਸਕੇ। ਇਸ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਵੀ ਦੁਨੀਆ ਭਰ ਤੋਂ ਨਾਨਕ ਨਾਮ ਲੇਵਾ ਸੰਗਤਾਂ ਨਤਮਸਤਕ ਹੁੰਦੀਆਂ ਹਨ। ਨਾਲ ਹੀ ਇਹ ਸਥਾਨ ਇਤਿਹਾਸਕ ਯਾਦਾਂ ਨੂੰ ਸੰਭਾਲਣ ਲਈ ਜਾਣਿਆ ਜਾਂਦਾ ਹੈ।
---
ਰੁਮਾਲ ’ਤੇ ਇਸਤਰੀਆਂ, ਮੋਰ ਤੇ ਪੰਛੀਆਂ ਦੀਆਂ ਕਲਾਕ੍ਰਿਤੀਆਂ
ਸ੍ਰੀ ਗੁਰੂ ਨਾਨਕ ਦੇਵ ਜੀ ਦੀ 16ਵੀਂ ਪੀੜ੍ਹੀ ਦੇ ਬਾਬਾ ਅਵਤਾਰ ਬੇਦੀ ਨੇ ਦੱਸਿਆ ਕਿ ਵੱਡੇ-ਵਡੇਰਿਆਂ ਅਨੁਸਾਰ ਭੈਣ ਨਾਨਕੀ ਵੱਲੋਂ ਤਿਆਰ ਕੀਤੇ ਰੁਮਾਲ ’ਤੇ ਇਸਤਰੀਆਂ, ਮੋਰ ਅਤੇ ਪੰਛੀਆਂ ਆਦਿ ਦੀਆਂ ਕਲਾਕ੍ਰਿਤੀਆਂ ਬਣੀਆਂ ਹਨ। ਸੂਤੀ ਰੁਮਾਲ ’ਤੇ ਸੂਤੀ ਧਾਗੇ ਨਾਲ ਹਰੇ, ਲਾਲ ਅਤੇ ਪੀਲੇ ਆਦਿ ਰੰਗਾਂ ਦੀ ਵਰਤੋਂ ਕੀਤੀ ਗਈ ਹੈ। 539 ਸਾਲ ਬੀਤ ਜਾਣ ਦੇ ਬਾਵਜੂਦ ਇਨ੍ਹਾਂ ਧਾਗਿਆਂ ਦੇ ਰੰਗ ਅੱਜ ਵੀ ਚਮਕ ਰਹੇ ਹਨ। ਉਨ੍ਹਾਂ ਦੱਸਿਆ ਕਿ ਰੁਮਾਲ ਦੀ ਪੁੱਠ-ਸਿੱਧ ਨਹੀਂ ਹੈ। ਗੁਰਦੁਆਰਾ ਸ੍ਰੀ ਚੋਲਾ ਸਾਹਿਬ ਵਿਖੇ ਜਰਨੈਲ ਹਰੀ ਸਿੰਘ ਨਲੂਆ ਵੱਲੋਂ ਭੇਟ ਕੀਤੇ ਦੁਸ਼ਾਲੇ ਵੀ ਸਾਂਭ ਕੇ ਰੱਖੇ ਹੋਏ ਹਨ।