ਰਾਵੀ ਦਰਿਆ ਦੇ ਧੁੱਸੀ ਬੰਨ੍ਹ ਦੀ ਹਾਲਤ ਤਰਸਯੋਗ, ਇਕ ਸਾਲ ਬਾਅਦ ਵੀ ਮੁਰੰਮਤ ਨਹੀਂ
ਰਾਵੀ ਦਰਿਆ ਦੇ ਧੁੱਸੀ ਬੰਨ੍ਹ ਦੀ ਹਾਲਤ ਤਰਸਯੋਗ, ਇੱਕ ਸਾਲ ਬਾਅਦ ਵੀ ਮੁਰੰਮਤ ਨਹੀਂ
Publish Date: Thu, 18 Jun 2026 06:21 PM (IST)
Updated Date: Fri, 19 Jun 2026 04:10 AM (IST)

- ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੇ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੱਤਾ - ਪ੍ਰਸ਼ਾਸਨ ਗੰਭੀਰਤਾ ਵਿਖਾਉਂਦੇ ਹੋਏ ਤੁਰੰਤ ਬੰਨ੍ਹ ਦੀ ਮੁਰੰਮਤ ਕਰਵਾਏ ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ : ਪਿਛਲੇ ਵਰ੍ਹੇ ਰਾਵੀ ਦਰਿਆ ’ਚ ਆਏ ਭਿਆਨਕ ਹੜ੍ਹ ਦੌਰਾਨ ਸਰਹੱਦੀ ਪਿੰਡ ਚੌੜਾ ਦੇ ਨੇੜੇ ਧੁੱਸੀ ਬੰਨ੍ਹ ਟੁੱਟਣ ਦੇ ਕਗਾਰ ਤੇ ਪਹੁੰਚ ਗਿਆ ਸੀ। ਉਦੋਂ ਸਥਾਨਕ ਕਿਸਾਨਾਂ ਨੇ ਰੇਤਾ ਤੇ ਮਿੱਟੀ ਦੀਆਂ ਬੋਰੀਆਂ ਲਾ ਕੇ ਕਿਸੇ ਤਰ੍ਹਾਂ ਬੰਨ੍ਹ ਨੂੰ ਬਚਾਇਆ ਸੀ ਪਰ ਕਰੀਬ ਇਕ ਸਾਲ ਬੀਤਣ ਦੇ ਬਾਵਜੂਦ ਬੰਨ੍ਹ ਦੀ ਹਾਲਤ ਜਿਉਂ ਦੀ ਤਿਉਂ ਬਣੀ ਹੋਈ ਹੈ। ਪ੍ਰਸ਼ਾਸਨ ਨੇ ਹੁਣ ਤੱਕ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਹੈ, ਜਿਸ ਕਾਰਨ ਇਲਾਕੇ ਦੇ ਕਿਸਾਨਾਂ ’ਚ ਭਾਰੀ ਰੋਸ ਹੈ। ਬੰਨ੍ਹ ਦੀ ਮੁਰੰਮਤ ਦਾ ਕੰਮ ਅਧੂਰਾ ਪਿਆ ਹੈ ਤੇ ਮੌਨਸੂਨ ਦੀ ਵਾਪਸੀ ਦੇ ਨਾਲ ਹੀ ਲੋਕਾਂ ਨੂੰ ਇਕ ਵਾਰ ਫਿਰ ਹੜ੍ਹ ਦਾ ਡਰ ਸਤਾਉਣ ਲੱਗਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਇਹ ਬੰਨ੍ਹ ਟੁੱਟ ਗਿਆ ਤਾਂ ਇਸ ਨਾਲ ਇਲਾਕੇ ਨੂੰ ਬਹੁਤ ਭਾਰੀ ਨੁਕਸਾਨ ਹੋਵੇਗਾ। ਬੰਨ੍ਹ ਟੁੱਟਣ ਦੀ ਸੂਰਤ ’ਚ ਪਾਣੀ ਦੀ ਮਾਰ ਪਿੰਡ ਚੌੜਾ ਤੋਂ ਲੈ ਕੇ ਕਈ ਦਰਜਨ ਪਿੰਡਾਂ ਨੂੰ ਆਪਣੀ ਲਪੇਟ ’ਚ ਲੈ ਲਵੇਗੀ। ਇਸ ਨਾਲ ਲੋਕਾਂ ਦੀ ਜਾਨ-ਮਾਲ ਦਾ ਭਾਰੀ ਖ਼ਤਰਾ ਪੈਦਾ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਪੰਜਾਬ ’ਚ ਆਏ ਹੜ੍ਹ ਨੇ ਭਾਰੀ ਤਬਾਹੀ ਮਚਾਈ ਸੀ। ਰਾਵੀ ਦਰਿਆ ਦੇ ਤਟਬੰਧ ਕਈ ਥਾਵਾਂ ਤੋਂ ਟੁੱਟ ਗਏ ਸਨ। ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਸਕੱਤਰ ਮਨਜੀਤ ਸਿੰਘ ਨੇ ਦੱਸਿਆ ਕਿ ਹੁਣ ਇਸੇ ਤ੍ਰਾਸਦੀ ਦੇ ਮੁੜ ਆਉਣ ਦਾ ਡਰ ਇਕ ਵਾਰ ਫਿਰ ਸਰਹੱਦੀ ਇਲਾਕੇ ਦੇ ਕਿਸਾਨਾਂ ਨੂੰ ਸਤਾ ਰਿਹਾ ਹੈ। ਇਸੇ ਨੂੰ ਲੈ ਕੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਤੇ ਕਿਸਾਨ ਆਗੂਆਂ ਨੇ ਫ਼ੈਸਲਾ ਲਿਆ ਹੈ ਕਿ ਜੇਕਰ ਪ੍ਰਸ਼ਾਸਨ ਨੇ ਜਲਦੀ ਇਸ ਬੰਨ੍ਹ ਦੀ ਮੁਰੰਮਤ ਨਾ ਕਰਵਾਈ ਤਾਂ ਇਸ ਸਬੰਧੀ ਕੋਈ ਵੱਡੀ ਕਾਰਵਾਈ ਕੀਤੀ ਜਾਵੇਗੀ। ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਵੀ ਉਨ੍ਹਾਂ ਇਸ ਦੀ ਚਿਤਾਵਨੀ ਦਿੱਤੀ ਸੀ, ਪਰ ਪ੍ਰਸ਼ਾਸਨ ਨੇ ਗੰਭੀਰਤਾ ਨਹੀਂ ਵਿਖਾਈ। ਕਿਸਾਨਾਂ ਦਾ ਕਹਿਣਾ ਹੈ ਕਿ ਜਿਹੜਾ ਕੰਮ ਉਨ੍ਹਾਂ ਅਧੂਰਾ ਛੱਡਿਆ ਸੀ, ਉਹ ਅਜੇ ਵੀ ਅਧੂਰਾ ਪਿਆ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਗੰਭੀਰਤਾ ਵਿਖਾਉਂਦਿਆਂ ਤੁਰੰਤ ਇਸ ਬੰਨ੍ਹ ਦੀ ਮੁਰੰਮਤ ਕਰਵਾਏ, ਨਹੀਂ ਤਾਂ ਆਉਣ ਵਾਲੇ ਹੜ੍ਹ ’ਚ ਕਈ ਪਿੰਡ ਤਬਾਹ ਹੋ ਜਾਣਗੇ। ਕਿਸਾਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਕੋਈ ਕਾਰਵਾਈ ਨਾ ਹੋਈ ਤਾਂ ਉਹ ਸੜਕਾਂ ਤੇ ਉਤਰਨ ਲਈ ਮਜਬੂਰ ਹੋ ਜਾਣਗੇ।