ਤੇਜਿੰਦਰ ਸਿੰਘ ਦੀ ਕਥਿਤ ਹੱਤਿਆ ਦਾ ਮਾਮਲਾ ਹਾਈ ਕੋਰਟ ਪਹੁੰਚਿਆ, ਪਿਤਾ ਦੀ ਪਟੀਸ਼ਨ 'ਤੇ SSP ਤੋਂ ਮੰਗਿਆ ਲਿਖਤੀ ਜਵਾਬ
ਅਦਾਲਤੀ ਹੁਕਮਾਂ ਅਨੁਸਾਰ, ਕੁਲਦੀਪ ਸਿੰਘ ਬਨਾਮ ਪੰਜਾਬ ਸਰਕਾਰ ਅਤੇ ਹੋਰ ਮਾਮਲੇ ਦੀ ਸੁਣਵਾਈ ਜਸਟਿਸ ਵਿਕਰਮ ਅਗਰਵਾਲ ਦੀ ਅਦਾਲਤ 'ਚ ਹੋਈ। ਪਟੀਸ਼ਨਕਰਤਾ ਵੱਲੋਂ ਐਡਵੋਕੇਟ ਰਣਜੀਤ ਸਿੰਘ ਅਤੇ ਐਡਵੋਕੇਟ ਪ੍ਰਤਿਸ਼ਠਾ ਸਿੰਘ ਪੇਸ਼ ਹੋਏ, ਜਦਕਿ ਪੰਜਾਬ ਸਰਕਾਰ ਵੱਲੋਂ ਡਿਪਟੀ ਐਡਵੋਕੇਟ ਜਨਰਲ ਵਰਿੰਦਰ ਸਿੰਘ ਨੇ ਪੱਖ ਰੱਖਿਆ।
Publish Date: Fri, 09 Oct 2026 04:35 PM (IST)
Updated Date: Fri, 09 Oct 2026 04:37 PM (IST)
ਜਾਗਰਣ ਸੰਵਾਦਦਾਤਾ, ਗੁਰਦਾਸਪੁਰ : ਤੇਜਿੰਦਰ ਸਿੰਘ ਦੀ ਕਥਿਤ ਹੱਤਿਆ ਦੇ ਮਾਮਲੇ 'ਚ ਇਨਸਾਫ਼ ਦੀ ਮੰਗ ਨੂੰ ਲੈ ਕੇ ਚੱਲ ਰਿਹਾ ਸੰਘਰਸ਼ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਗਿਆ ਹੈ। ਪੁੱਤਰ ਦੀ ਦਰਦਨਾਕ ਮੌਤ ਤੋਂ ਬਾਅਦ ਇਨਸਾਫ਼ ਦੀ ਉਡੀਕ ਕਰ ਰਹੇ ਪਰਿਵਾਰ ਨੇ ਹੁਣ ਕਾਨੂੰਨੀ ਲੜਾਈ ਦਾ ਰਾਹ ਅਪਣਾਇਆ ਹੈ। ਤੇਜਿੰਦਰ ਸਿੰਘ ਦੇ ਪਿਤਾ ਵੱਲੋਂ ਦਾਇਰ ਪਟੀਸ਼ਨ 'ਤੇ ਸੁਣਵਾਈ ਦੌਰਾਨ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਹਨ ਕਿ ਪਟੀਸ਼ਨ 'ਚ ਉਠਾਏ ਗਏ ਮੁੱਦਿਆਂ ਸਬੰਧੀ ਐੱਸਐੱਸਪੀ ਦਾ ਜਵਾਬ ਹਲਫ਼ਨਾਮੇ ਰਾਹੀਂ ਅਦਾਲਤ 'ਚ ਦਾਖ਼ਲ ਕਰਵਾਇਆ ਜਾਵੇ।
ਅਦਾਲਤੀ ਹੁਕਮਾਂ ਅਨੁਸਾਰ, ਕੁਲਦੀਪ ਸਿੰਘ ਬਨਾਮ ਪੰਜਾਬ ਸਰਕਾਰ ਅਤੇ ਹੋਰ ਮਾਮਲੇ ਦੀ ਸੁਣਵਾਈ ਜਸਟਿਸ ਵਿਕਰਮ ਅਗਰਵਾਲ ਦੀ ਅਦਾਲਤ 'ਚ ਹੋਈ। ਪਟੀਸ਼ਨਕਰਤਾ ਵੱਲੋਂ ਐਡਵੋਕੇਟ ਰਣਜੀਤ ਸਿੰਘ ਅਤੇ ਐਡਵੋਕੇਟ ਪ੍ਰਤਿਸ਼ਠਾ ਸਿੰਘ ਪੇਸ਼ ਹੋਏ, ਜਦਕਿ ਪੰਜਾਬ ਸਰਕਾਰ ਵੱਲੋਂ ਡਿਪਟੀ ਐਡਵੋਕੇਟ ਜਨਰਲ ਵਰਿੰਦਰ ਸਿੰਘ ਨੇ ਪੱਖ ਰੱਖਿਆ। ਅਦਾਲਤ ਨੇ ਪੰਜਾਬ ਸਰਕਾਰ ਨੂੰ ਸਬੰਧਤ ਐੱਸਐੱਸਪੀ ਦਾ ਹਲਫ਼ਨਾਮਾ ਦਾਖ਼ਲ ਕਰਵਾਉਣ ਦੇ ਨਿਰਦੇਸ਼ ਦਿੰਦਿਆਂ ਮਾਮਲੇ ਦੀ ਅਗਲੀ ਸੁਣਵਾਈ 16 ਅਕਤੂਬਰ ਲਈ ਤੈਅ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ 18 ਸਤੰਬਰ ਦੀ ਸ਼ਾਮ ਨੂੰ ਕਾਹਨੂੰਵਾਨ ਇਲਾਕੇ 'ਚ ਤੇਜਿੰਦਰ ਸਿੰਘ 'ਤੇ ਹੋਏ ਕਥਿਤ ਹਮਲੇ ਤੋਂ ਬਾਅਦ ਉਸ ਨੂੰ ਗੰਭੀਰ ਹਾਲਤ 'ਚ ਗੁਰਦਾਸਪੁਰ ਦੇ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਕਈ ਦਿਨ ਜ਼ਿੰਦਗੀ ਅਤੇ ਮੌਤ ਵਿਚਾਲੇ ਸੰਘਰਸ਼ ਕਰਨ ਤੋਂ ਬਾਅਦ 25 ਸਤੰਬਰ ਨੂੰ ਤੇਜਿੰਦਰ ਸਿੰਘ ਨੇ ਦਮ ਤੋੜ ਦਿੱਤਾ ਸੀ।
ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਅਤੇ ਨਿਰਪੱਖ ਜਾਂਚ ਦੀ ਮੰਗ ਨੂੰ ਲੈ ਕੇ ਲਗਾਤਾਰ ਰੋਸ ਪ੍ਰਦਰਸ਼ਨ ਕੀਤੇ ਗਏ। ਪੁਲਿਸ ਨੇ ਮਾਮਲੇ 'ਚ ਨਾਮਜ਼ਦ ਇਕ ਮੁਟਿਆਰ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ 'ਚ ਪੇਸ਼ ਕੀਤਾ ਸੀ। ਪੁਲਿਸ ਰਿਮਾਂਡ ਤੋਂ ਬਾਅਦ ਉਸ ਨੂੰ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਸੀ। ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਵੀ ਬਣਾਈ ਗਈ ਹੈ। ਪਰਿਵਾਰ ਵੱਲੋਂ ਹੋਰ ਸ਼ੱਕੀ ਵਿਅਕਤੀਆਂ ਦੀ ਭੂਮਿਕਾ ਦੀ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ ਜਾ ਰਹੀ ਹੈ।
ਹਾਈ ਕੋਰਟ ਵੱਲੋਂ ਐੱਸਐੱਸਪੀ ਦਾ ਹਲਫ਼ਨਾਮਾ ਮੰਗੇ ਜਾਣ ਕਾਰਨ ਤੇਜਿੰਦਰ ਸਿੰਘ ਦੀ ਕਥਿਤ ਹੱਤਿਆ ਦੇ ਮਾਮਲੇ 'ਚ ਅਗਲੀ ਕਾਰਵਾਈ ਅਹਿਮ ਹੋ ਗਈ ਹੈ। ਹਾਲਾਂਕਿ, ਅਦਾਲਤ ਨੇ ਅਜੇ ਪੁਲਿਸ ਜਾਂਚ ਬਾਰੇ ਕੋਈ ਅੰਤਿਮ ਫ਼ੈਸਲਾ ਨਹੀਂ ਸੁਣਾਇਆ ਹੈ, ਪਰ ਪਟੀਸ਼ਨ 'ਚ ਉਠਾਏ ਗਏ ਮੁੱਦਿਆਂ 'ਤੇ ਪੁਲਿਸ ਦਾ ਲਿਖਤੀ ਪੱਖ ਸਾਹਮਣੇ ਆਉਣ ਦੀ ਉਮੀਦ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 'ਤੇ ਪਰਿਵਾਰਕ ਮੈਂਬਰਾਂ ਅਤੇ ਇਨਸਾਫ਼ ਦੀ ਮੰਗ ਕਰ ਰਹੀਆਂ ਜਥੇਬੰਦੀਆਂ ਸਮੇਤ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।