- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ’ਚ ਝੋਨੇ ਦਾ ਰਕਬਾ ਕਰੀਬ 32.7 ਲੱਖ ਹੈਕਟੇਅਰ ਹੈ। ਇੰਨੇ ਵੱਡੇ ਰਕਬੇ ’ਚੋਂ ਨਿਕਲਣ ਵਾਲੀ ਪਰਾਲੀ ਨੂੰ ਹੁਣ ਸਿਰਫ਼ ਰਹਿੰਦ-ਖੂੰਹਦ ਨਹੀਂ, ਸਗੋਂ ਉਦਯੋਗਾਂ ਲਈ ਕੱਚੇ ਮਾਲ ਵਜੋਂ ਦੇਖਿਆ ਜਾਣ ਲੱਗਾ ਹੈ। ਗੁਰਦਾਸਪੁਰ ’ਚ ਹੀ ਕਰੀਬ 300 ਬੇਲਰ ਮਾਲਕ ਇਸ ਕੰਮ ਨਾਲ ਜੁੜੇ ਹਨ।

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਡੇਰਾ ਬਾਬਾ ਨਾਨਕ: ਕਦੇ ਖੇਤਾਂ ਲਈ ਬੋਝ ਮੰਨੀ ਜਾਣ ਵਾਲੀ ਪਰਾਲੀ ਹੁਣ ਪੰਜਾਬ ਦੇ ਪੇਂਡੂ ਖੇਤਰ ’ਚ ਕਮਾਈ ਦਾ ਨਵਾਂ ਸਾਧਨ ਬਣ ਰਹੀ ਹੈ। ਝੋਨੇ ਦੀ ਕਟਾਈ ਦੇ ਨਾਲ ਹੀ ਪਰਾਲੀ ਦੀਆਂ ਗੱਠਾਂ ਬਣਾਉਣ ਦਾ ਕਾਰੋਬਾਰ ਤੇਜ਼ ਹੋ ਜਾਂਦਾ ਹੈ। ਬੇਲਰ ਮਾਲਕ ਖੇਤਾਂ ’ਚੋਂ ਪਰਾਲੀ ਇਕੱਠੀ ਕਰਕੇ ਗੱਠਾਂ ਤਿਆਰ ਕਰਦੇ ਹਨ ਅਤੇ ਇਨ੍ਹਾਂ ਨੂੰ ਵੱਖ-ਵੱਖ ਉਦਯੋਗਾਂ ਤੱਕ ਪਹੁੰਚਾ ਰਹੇ ਹਨ। ਇਸ ਨਾਲ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਘਟਣ ਦੇ ਨਾਲ ਬੇਲਰ ਮਾਲਕਾਂ, ਮਜ਼ਦੂਰਾਂ, ਟਰੈਕਟਰ ਚਾਲਕਾਂ ਅਤੇ ਟਰਾਂਸਪੋਰਟਰਾਂ ਲਈ ਵੀ ਰੁਜ਼ਗਾਰ ਦੇ ਮੌਕੇ ਬਣ ਰਹੇ ਹਨ।
ਪੰਜਾਬ ’ਚ ਝੋਨੇ ਦਾ ਰਕਬਾ ਕਰੀਬ 32.7 ਲੱਖ ਹੈਕਟੇਅਰ ਹੈ। ਇੰਨੇ ਵੱਡੇ ਰਕਬੇ ’ਚੋਂ ਨਿਕਲਣ ਵਾਲੀ ਪਰਾਲੀ ਨੂੰ ਹੁਣ ਸਿਰਫ਼ ਰਹਿੰਦ-ਖੂੰਹਦ ਨਹੀਂ, ਸਗੋਂ ਉਦਯੋਗਾਂ ਲਈ ਕੱਚੇ ਮਾਲ ਵਜੋਂ ਦੇਖਿਆ ਜਾਣ ਲੱਗਾ ਹੈ। ਗੁਰਦਾਸਪੁਰ ’ਚ ਹੀ ਕਰੀਬ 300 ਬੇਲਰ ਮਾਲਕ ਇਸ ਕੰਮ ਨਾਲ ਜੁੜੇ ਹਨ। ਪਰਾਲੀ ਦੀਆਂ ਗੱਠਾਂ ਮਿੱਲਾਂ, ਸ਼ਰਾਬ ਮਿੱਲਾਂ, ਇਥੇਨੋਲ ਤੇ ਪਾਵਰ ਪਲਾਂਟਾਂ ’ਚ ਭੇਜੀਆਂ ਜਾ ਰਹੀਆਂ ਹਨ, ਜਿੱਥੇ ਇਨ੍ਹਾਂ ਦੀ ਵਰਤੋਂ ਭਾਫ਼ ਪੈਦਾ ਕਰਨ ਲਈ ਹੁੰਦੀ ਹੈ। ਹੁਣ ਭੱਠਿਆਂ ’ਚ ਵੀ ਪਰਾਲੀ ਦੀਆਂ ਗੱਠਾਂ ਦੀ ਵਰਤੋਂ ਹੋਣ ਲੱਗੀ ਹੈ।
ਇਕ ਬੇਲਰ ਤੋਂ ਤਿੰਨ ਬੇਲਰਾਂ ਤੱਕ ਪੁੱਜਿਆ ਕਾਰੋਬਾਰ
ਕਲਾਨੌਰ ਦੇ ਪਿੰਡ ਭੰਗਵਾਂ ਦੇ ਜਸਕਰਨ ਸਿੰਘ ਭੰਗੂ ਨੇ ਕਰੀਬ ਚਾਰ ਸਾਲ ਪਹਿਲਾਂ ਇਕ ਬੇਲਰ ਅਤੇ ਤਿੰਨ ਟਰੈਕਟਰਾਂ ਨਾਲ ਇਹ ਕੰਮ ਸ਼ੁਰੂ ਕੀਤਾ ਸੀ। ਹੁਣ ਉਸ ਕੋਲ ਤਿੰਨ ਬੇਲਰ ਅਤੇ ਸੱਤ ਟਰੈਕਟਰ ਹਨ। ਉਸ ਨੇ ਸਪੇਨ ਤੋਂ ਕਰੀਬ 1.06 ਕਰੋੜ ਰੁਪਏ ਦੀ ਮਲਟੀਪੈਕ ਮਸ਼ੀਨ ਵੀ ਮੰਗਵਾਈ ਹੈ। ਇਹ ਮਸ਼ੀਨ 65 ਫੀਸਦੀ ਸਬਸਿਡੀ ’ਤੇ ਮਿਲੀ ਹੈ ਅਤੇ ਇਕ ਵਾਰ ’ਚ 14 ਗੱਠਾਂ ਚੁੱਕਣ ਦੀ ਸਮਰੱਥਾ ਰੱਖਦੀ ਹੈ।
ਜਸਕਰਨ ਸਿੰਘ ਮੁਤਾਬਕ ਪਰਾਲੀ ਦੀਆਂ ਗੱਠਾਂ ਦੀ ਮੰਗ ਵਧਣ ਕਾਰਨ ਇਸ ਕਾਰੋਬਾਰ ’ਚ ਸੰਭਾਵਨਾਵਾਂ ਵੀ ਵਧੀਆਂ ਹਨ। ਉਸ ਦਾ ਕਹਿਣਾ ਹੈ ਕਿ ਜੇ ਸਰਹੱਦੀ ਖੇਤਰ ’ਚ ਹੀ ਪਰਾਲੀ ਦੀ ਵਰਤੋਂ ਕਰਨ ਵਾਲੇ ਪਲਾਂਟ ਸਥਾਪਤ ਹੋਣ ਤਾਂ ਕਿਸਾਨਾਂ ਅਤੇ ਬੇਲਰ ਮਾਲਕਾਂ ਨੂੰ ਸਥਾਨਕ ਪੱਧਰ ’ਤੇ ਬਾਜ਼ਾਰ ਮਿਲ ਸਕਦਾ ਹੈ ਅਤੇ ਟਰਾਂਸਪੋਰਟ ਦਾ ਖਰਚ ਵੀ ਘਟੇਗਾ।
ਇਕ ਬੇਲਰ ਨਾਲ 50 ਮਜ਼ਦੂਰਾਂ ਨੂੰ ਰੁਜ਼ਗਾਰ
ਪਰਾਲੀ ਦੀਆਂ ਗੱਠਾਂ ਬਣਾਉਣ ਦਾ ਕਾਰੋਬਾਰ ਸਿਰਫ਼ ਮਸ਼ੀਨ ਮਾਲਕਾਂ ਤੱਕ ਸੀਮਤ ਨਹੀਂ ਹੈ। ਇਸ ਨਾਲ ਟਰੈਕਟਰ ਚਾਲਕਾਂ, ਮਸ਼ੀਨ ਆਪਰੇਟਰਾਂ, ਗੱਠਾਂ ਚੁੱਕਣ ਵਾਲੇ ਮਜ਼ਦੂਰਾਂ ਅਤੇ ਟਰਾਂਸਪੋਰਟਰਾਂ ਨੂੰ ਵੀ ਕੰਮ ਮਿਲ ਰਿਹਾ ਹੈ। ਬੇਲਰ ਮਾਲਕਾਂ ਮੁਤਾਬਕ ਇਕ ਬੇਲਰ ਨਾਲ ਕਰੀਬ 50 ਮਜ਼ਦੂਰਾਂ ਨੂੰ ਸਿੱਧੇ ਜਾਂ ਅਸਿੱਧੇ ਤੌਰ ’ਤੇ ਰੁਜ਼ਗਾਰ ਮਿਲਦਾ ਹੈ। ਕਈ ਬੇਲਰ ਮਾਲਕਾਂ ਨੇ ਹੁਣ ਆਪਣਾ ਕੰਮ ਵਧਾ ਕੇ ਇਕ ਤੋਂ ਵੱਧ ਮਸ਼ੀਨਾਂ ਅਤੇ ਟਰੈਕਟਰਾਂ ਦਾ ਬੇੜਾ ਤਿਆਰ ਕਰ ਲਿਆ ਹੈ।
ਇਸ ਕਾਰਨ ਝੋਨੇ ਦੀ ਪਰਾਲੀ ਦੀਆਂ ਗੱਠਾਂ ਦਾ ਕਾਰੋਬਾਰ ਖੇਤੀਬਾੜੀ ਨਾਲ ਜੁੜੀ ਇਕ ਨਵੀਂ ਪੇਂਡੂ ਅਰਥਵਿਵਸਥਾ ਵਜੋਂ ਉੱਭਰ ਰਿਹਾ ਹੈ। ਖੇਤ ਤੋਂ ਨਿਕਲੀ ਪਰਾਲੀ ਹੁਣ ਬੇਲਰ ਮਾਲਕਾਂ, ਮਜ਼ਦੂਰਾਂ, ਟਰਾਂਸਪੋਰਟਰਾਂ ਅਤੇ ਉਦਯੋਗਾਂ ਵਿਚਕਾਰ ਆਰਥਿਕ ਸਰਗਰਮੀ ਦਾ ਸਾਧਨ ਬਣ ਰਹੀ ਹੈ।
ਪਰਾਲੀ ਪ੍ਰਬੰਧਨ ਲਈ 576 ਕਰੋੜ ਮਨਜ਼ੂਰ : ਖੁੱਡੀਆਂ
ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਰਾਲੀ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ ਲਈ 576 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਸਾਜ਼ੋ-ਸਾਮਾਨ ਦੀ ਖਰੀਦ ’ਤੇ 250 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਜਾ ਚੁੱਕੀ ਹੈ। ਪਿਛਲੇ ਚਾਰ ਸਾਲਾਂ ਦੌਰਾਨ ਕਰੀਬ 1.60 ਲੱਖ ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਦੇ ਤਰੀਕਿਆਂ ਪ੍ਰਤੀ ਜਾਗਰੂਕ ਕਰਨ ਲਈ 4500 ਜਾਗਰੂਕਤਾ ਕੈਂਪ ਲਗਾਏ ਗਏ ਹਨ। ਸਰਕਾਰ ਵੱਲੋਂ ਪਰਾਲੀ ਪ੍ਰਬੰਧਨ ਲਈ ਮਸ਼ੀਨਰੀ ਮੁਹੱਈਆ ਕਰਵਾਉਣ ਦੇ ਨਾਲ ਕਿਸਾਨਾਂ ਨੂੰ ਇਸ ਦੀ ਆਰਥਿਕ ਵਰਤੋਂ ਵੱਲ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੋਸ਼ਿਸ਼ਾਂ ਨਾਲ ਪਰਾਲੀ ਸਾੜਨ ਦੇ ਰੁਝਾਨ ’ਚ ਕਮੀ ਆਈ ਹੈ।
ਪਰਾਲੀ ਖੇਤ ’ਚੋਂ ਕੱਢਣ ਨਾਲ ਉਪਜਾਊ ਸ਼ਕਤੀ ਘਟਣ ਦਾ ਖ਼ਦਸ਼ਾ : ਗੰਨਾ ਕਮਿਸ਼ਨਰ
ਗੰਨਾ ਕਮਿਸ਼ਨਰ ਡਾ. ਅਮਰੀਕ ਸਿੰਘ ਨੇ ਕਿਹਾ ਕਿ ਪਰਾਲੀ ਜਾਂ ਗੰਨੇ ਦੀ ਰਹਿੰਦ-ਖੂੰਹਦ ਨੂੰ ਖੇਤ ’ਚੋਂ ਪੂਰੀ ਤਰ੍ਹਾਂ ਹਟਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ’ਤੇ ਅਸਰ ਪੈ ਸਕਦਾ ਹੈ। ਖੇਤੀ ਰਹਿੰਦ-ਖੂੰਹਦ ਨੂੰ ਖੇਤ ’ਚ ਹੀ ਮਿਲਾਉਣ ਨਾਲ ਜ਼ਮੀਨ ’ਚ ਜੈਵਿਕ ਪਦਾਰਥ ਵਧਦਾ ਹੈ ਅਤੇ ਲਾਭਦਾਇਕ ਜੀਵਾਣੂ ਸਰਗਰਮ ਹੁੰਦੇ ਹਨ। ਇਸ ਨਾਲ ਮਿੱਟੀ ਦੀ ਗੁਣਵੱਤਾ ਬਣੀ ਰਹਿੰਦੀ ਹੈ ਅਤੇ ਫ਼ਸਲ ਲਈ ਲੋੜੀਂਦੇ ਪੌਸ਼ਟਿਕ ਤੱਤ ਵੀ ਉਪਲਬਧ ਹੁੰਦੇ ਹਨ।
ਉਨ੍ਹਾਂ ਕਿਹਾ ਕਿ ਪਰਾਲੀ ਦੀਆਂ ਗੱਠਾਂ ਬਣਾਉਣ ਅਤੇ ਉਦਯੋਗਾਂ ਤੱਕ ਪਹੁੰਚਾਉਣ ਨਾਲ ਇਸ ਦੀ ਆਰਥਿਕ ਵਰਤੋਂ ਵਧ ਰਹੀ ਹੈ ਪਰ ਖੇਤ ਦੀ ਸਿਹਤ ਦਾ ਸੰਤੁਲਨ ਬਣਾਈ ਰੱਖਣਾ ਵੀ ਜ਼ਰੂਰੀ ਹੈ। ਜੇ ਖੇਤ ’ਚੋਂ ਲਗਾਤਾਰ ਜੈਵਿਕ ਪਦਾਰਥ ਬਾਹਰ ਜਾਂਦਾ ਰਿਹਾ ਤਾਂ ਭਵਿੱਖ ’ਚ ਰਸਾਇਣਕ ਖਾਦਾਂ ’ਤੇ ਨਿਰਭਰਤਾ ਵਧ ਸਕਦੀ ਹੈ।
ਗੁਰਦਾਸਪੁਰ ’ਚ 7592 ਮਸ਼ੀਨਾਂ, 115 ਨਵੇਂ ਰੇਕ-ਬੇਲਰ : ਖੇਤੀਬਾੜੀ ਅਫ਼ਸਰ
ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ. ਸ਼ਹਿਬਾਜ਼ ਸਿੰਘ ਚੀਮਾ ਨੇ ਦੱਸਿਆ ਕਿ ਗੁਰਦਾਸਪੁਰ ਜ਼ਿਲ੍ਹੇ ’ਚ ਝੋਨੇ ਅਤੇ ਬਾਸਮਤੀ ਦਾ ਰਕਬਾ ਕਰੀਬ 1.70 ਲੱਖ ਹੈਕਟੇਅਰ ਹੈ। ਪਿਛਲੇ ਸਾਲ 69 ਪਿੰਡਾਂ ’ਚ ਪਰਾਲੀ ਸਾੜਨ ਦੇ 86 ਮਾਮਲੇ ਸਾਹਮਣੇ ਆਏ ਸਨ। ਇਸ ਸਾਲ ਪਰਾਲੀ ਪ੍ਰਬੰਧਨ ਲਈ 1575 ਮਸ਼ੀਨਾਂ ਸਬਸਿਡੀ ’ਤੇ ਦਿੱਤੀਆਂ ਗਈਆਂ ਹਨ।
ਹੁਣ ਤੱਕ ਜ਼ਿਲ੍ਹੇ ’ਚ ਕੁੱਲ 7592 ਮਸ਼ੀਨਾਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ। ਇਸ ਸਾਲ 115 ਨਵੇਂ ਰੇਕ ਅਤੇ ਬੇਲਰ ਵੀ ਦਿੱਤੇ ਗਏ ਹਨ। ਪਿੰਡ ਪੱਧਰ ’ਤੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਅਤੇ ਇਸ ਦੀ ਵਰਤੋਂ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਪਰਾਲੀ ਦੀਆਂ ਗੱਠਾਂ ਦੀ ਵਧਦੀ ਮੰਗ ਨੇ ਇਸ ਰਹਿੰਦ-ਖੂੰਹਦ ਨੂੰ ਆਰਥਿਕਤਾ ਨਾਲ ਜੋੜ ਦਿੱਤਾ ਹੈ। ਖੇਤ ਤੋਂ ਨਿਕਲੀ ਪਰਾਲੀ ਹੁਣ ਬੇਲਰ, ਮਜ਼ਦੂਰ, ਟਰਾਂਸਪੋਰਟ ਅਤੇ ਉਦਯੋਗਾਂ ਨਾਲ ਜੁੜੀ ਇਕ ਪੂਰੀ ਆਰਥਿਕ ਲੜੀ ਬਣਾਉਂਦੀ ਜਾ ਰਹੀ ਹੈ। ਹਾਲਾਂਕਿ ਇਸ ਦੇ ਨਾਲ ਖੇਤਾਂ ਦੀ ਮਿੱਟੀ ਦੀ ਸਿਹਤ ਦਾ ਮੁੱਦਾ ਵੀ ਜੁੜਿਆ ਹੋਇਆ ਹੈ, ਇਸ ਲਈ ਪਰਾਲੀ ਦੀ ਉਦਯੋਗਿਕ ਵਰਤੋਂ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਿਚਕਾਰ ਸੰਤੁਲਨ ਬਣਾਉਣਾ ਜ਼ਰੂਰੀ ਰਹੇਗਾ।