ਸੱਪਾਂ ਦਾ ਕਹਿਰ: 5 ਵਿਅਕਤੀ ਡੰਗੇ, ਹਸਪਤਾਲ ਦਾਖਲ ਸੱਪਾਂ ਦਾ ਕਹਿਰ: 5 ਵਿਅਕਤੀ ਡੰਗੇ, ਹਸਪਤਾਲ ਦਾਖਲ
Publish Date: Sun, 12 Jul 2026 05:23 PM (IST)
Updated Date: Sun, 12 Jul 2026 05:24 PM (IST)
ਰਾਮ ਪੰਜਾਬੀ ਜਾਗਰਣ ਬਟਾਲਾ: ਬਰਸਾਤ ਦੇ ਮੌਸਮ ਦੌਰਾਨ ਸੱਪਾਂ ਨੇ ਆਪਣਾ ਕਹਿਰ ਬਰਪਾਉਂਦਿਾਆਂ ਪੁਲਿਸ ਜ਼ਿਲ੍ਹਾ ਬਟਾਲਾ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ’ਚ 5 ਵਿਅਕਤੀਆਂ ਨੂੰ ਡੰਗ ਦਿੱਤਾ, ਜਿਨ੍ਹਾਂ ਨੂੰ ਬਾਅਦ ਵਿੱਚ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ। ਪਹਿਲੀ ਘਟਨਾ : ਨੇੜਲੇ ਪਿੰਡ ਤਾਰਾਗੜ੍ਹ ਦੇ ਇੱਕ ਫਾਰਮ ਹਾਊਸ ’ਚ ਕੰਮ ਕਰਨ ਵਾਲੇ ਇੱਕ ਵਿਅਕਤੀ ਨੂੰ ਸੱਪ ਨੇ ਡੰਗ ਮਾਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ, ਤਾਰਾਗੜ੍ਹ ਪਿੰਡ ਦੇ ਵਸਨੀਕ ਸ਼ੰਕਰ ਪੁੱਤਰ ਰਾਜਪਾਲ ਨੇ ਦੱਸਿਆ ਕਿ ਉਹ ਪਿੰਡ ਦੇ ਇੱਕ ਫਾਰਮ ਹਾਊਸ ’ਚ ਕੰਮ ਕਰ ਰਿਹਾ ਸੀ ਕਿ ਅਚਾਨਕ ਇੱਕ ਜ਼ਹਿਰੀਲੇ ਸੱਪ ਨੇ ਉਸਨੂੰ ਡੰਗ ਮਾਰਿਆ, ਜਿਸ ਕਾਰਨ ਉਸਦੀ ਹਾਲਤ ਵਿਗੜਨ ਲੱਗੀ ਤੇ ਬਾਅਦ ਵਿੱਚ ਉਸਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਇਸੇ ਤਰ੍ਹਾਂ, ਦੂਜੀ ਘਟਨਾ ਘਣੀਏ ਦੇ ਬਾਂਗਰ ਪਿੰਡ ’ਚ ਵਾਪਰੀ ਜਦੋਂ ਇੱਕ ਜ਼ਹਿਰੀਲੇ ਸੱਪ ਨੇ ਨਿਰਮਲ ਸਿੰਘ ਪੁੱਤਰ ਸੁਲੱਖਣ ਸਿੰਘ ਨੂੰ ਡੰਗ ਲਿਆ ਜੋ ਖੇਤਾਂ ’ਚ ਕੰਮ ਕਰ ਰਿਹਾ ਸੀ। ਬਾਅਦ ਵਿੱਚ ਉਸਦੇ ਪਰਿਵਾਰਕ ਮੈਂਬਰਾਂ ਨੇ ਉਸਨੂੰ ਇਲਾਜ ਲਈ ਸਿਵਲ ਹਸਪਤਾਲ ਬਟਾਲਾ ’ਚ ਦਾਖਲ ਕਰਵਾਇਆ ਜਿੱਥੇ ਉਸਦਾ ਇਲਾਜ ਕੀਤਾ ਜਾ ਰਿਹਾ ਹੈ। ਤੀਜੀ ਘਟਨਾ ਪਿੰਡ ਦਕੋਹਾ ’ਚ ਵਾਪਰੀ, ਜਿੱਥੇ ਇੱਕ ਜ਼ਹਿਰੀਲੇ ਸੱਪ ਨੇ ਸਰਬਜੀਤ ਸਿੰਘ ਪੁੱਤਰ ਚਰਨ ਸਿੰਘ ਵਾਸੀ ਪਿੰਡ ਦਕੋਹਾ ਨੂੰ ਡੰਗ ਲਿਆ ਜੋ ਕਿ ਖੇਤਾਂ ’ਚ ਕੰਮ ਕਰ ਰਿਹਾ ਸੀ ਤੇ ਉਸਨੂੰ ਵੀ ਇਲਾਜ ਲਈ ਸਿਵਲ ਹਸਪਤਾਲ ਬਟਾਲਾ ’ਚ ਦਾਖਲ ਕਰਵਾਇਆ ਗਿਆ ਹੈ। ਚੌਥੀ ਘਟਨਾ ਪਿੰਡ ਪੰਜਗਰਾਈਆਂ ’ਚ ਵਾਪਰੀ, ਜਿਸ ਸਬੰਧੀ ਸਿਵਲ ਹਸਪਤਾਲ ਬਟਾਲਾ ’ਚ ਜ਼ੇਰੇ ਇਲਾਜ ਬਲਦੇਵ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਪੰਜਗਰਾਈਆਂ ਨੇ ਦੱਸਿਆ ਕਿ ਉਹ ਖੇਤਾਂ ’ਚ ਪੱਠੇ ਵੱਢ ਰਿਹਾ ਸੀ ਕਿ ਅਚਾਨਕ ਇਕ ਜ਼ਹਿਰੀਲੇ ਸੱਪ ਨੇ ਉਸਦੇ ਹੱਥ ’ਤੇ ਡੰਗ ਮਾਰ ਦਿੱਤਾ ਤੇ ਉਪਰੰਤ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਆਉਣਾ ਪਿਆ। ਇਸੇ ਤਰ੍ਹਾਂ ਪੰਜਵੀਂ ਘਟਨਾ ਪਿੰਡ ਨਠਵਾਲ ’ਚ ਵਾਪਰੀ, ਜਿਥੇ ਘਰ ’ਚ ਸੁੱਤੇ ਵਿਅਕਤੀ ਨੂੰ ਸੱਪ ਨੇ ਡੰਹ ਮਾਪ ਦਿੱਤਾ। ਗੋਵਿੰਦ ਪੁੱਤਰ ਸਿਕੰਦਰ ਵਾਸੀ ਬਿਹਾਰ ਹਾਲ ਵਾਸੀ ਪਿੰਡ ਨਠਵਾਲ ਨੇ ਦੱਸਿਆ ਕਿ ਉਹ ਘਰ ’ਚ ਸੁੱਤਾ ਪਿਆ ਸੀ ਕਿ ਅਚਾਨਕ ਉਸ ਨੂੰ ਇਕ ਜ਼ਹਿਰੀਲੇ ਸੱਪ ਨੇ ਡੰਗ ਮਾਰ ਦਿੱਤਾ ਤੇ ਉਸ ਨੂੰ ਪਰਿਵਾਰਕ ਮੈਂਬਰਾਨ ਨੇ ਬਟਾਲਾ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ।