ਪ੍ਰਦਰਸ਼ਨ ਦੇ ਆਧਾਰ ’ਤੇ ਖਿਡਾਰੀਆਂ ਦੀ ਚੋਣ ਪੀਸੀਏ ਦਾ ਮੁੱਖ ਮੰਤਵ : ਦੀਪਕ ਬਾਲੀ
ਪ੍ਰਦਰਸ਼ਨ ਦੇ ਅਧਾਰ ਤੇ ਖਿਡਾਰੀਆਂ ਦੀ ਚੋਣ ਪੀਸੀਏ ਦਾ ਮੁੱਖ ਮੰਤਵ-- ਦੀਪਕ ਬਾਲੀ
Publish Date: Sat, 27 Jun 2026 06:14 PM (IST)
Updated Date: Sat, 27 Jun 2026 06:16 PM (IST)

ਨਰੇਸ਼ ਕਾਲੀਆ, ਪੰਜਾਬੀ ਜਾਗਰਣ ਗੁਰਦਾਸਪੁਰ : ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਦੇ ਉਪ ਪ੍ਰਧਾਨ ਦੀਪਕ ਬਾਲੀ ਨੇ ‘ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਖਿਡਾਰੀਆਂ ਦੀ ਚੋਣ ਲਈ ਪਾਰਦਰਸ਼ਤਾ ਅਤੇ ਪ੍ਰਦਰਸ਼ਨ ਹੀ ਮੁੱਖ ਤਰਜ਼ੀਹ ਹੈ। ਗੁਰਦਾਸਪੁਰ ਪਹੁੰਚੇ ਦੀਪਕ ਬਾਲੀ ਨੇ ਕਿਹਾ ਕਿ ਯੋਗਤਾ, ਮਿਹਨਤ ਅਤੇ ਪ੍ਰਦਰਸ਼ਨ ਹੀ ਖਿਡਾਰੀਆਂ ਦੀ ਅਸਲ ਪਛਾਣ ਬਣਨਗੇ। ਉਨ੍ਹਾਂ ਕਿਹਾ ਕਿ ਪੀਸੀਏ ਦੀ ਨਵੀਂ ਸੋਚ ਹੈ ਕਿ ਪਿੰਡ-ਪਿੰਡ, ਕਸਬਿਆਂ ਤੋਂ ਨਵੇਂ ਕ੍ਰਿਕਟ ਟਲੈਂਟ ਦੀ ਤਰਾਸ਼ ਕਰ ਕੇ ਉਨ੍ਹਾਂ ਨੂੰ ਵਿਸ਼ਵ ਮੰਚ ਤੇ ਪਹੁੰਚਾਇਆ ਜਾਵੇ। ਦੀਪਕ ਬਾਲੀ ਨੇ ਕਿਹਾ ਕਿ ਪੰਜਾਬ ਦਾ ਹਰ ਬੱਚਾ ਪੀਸੀਏ ਲਈ ਬਰਾਬਰ ਮਹੱਤਵ ਰੱਖਦਾ ਹੈ ਅਤੇ ਖਿਡਾਰੀਆਂ ਦੀ ਚੋਣ ਸਿਰਫ਼ ਉਨ੍ਹਾਂ ਦੀ ਖੇਡ ਯੋਗਤਾ ਦੇ ਆਧਾਰ ’ਤੇ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਪੱਖਪਾਤ ਜਾਂ ਭੇਦਭਾਵ ਲਈ ਐਸੋਸੀਏਸ਼ਨ ਵਿੱਚ ਕੋਈ ਥਾਂ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਸਿਰਫ਼ ਖਿਡਾਰੀ ਚੁਣਨਾ ਨਹੀਂ, ਸਗੋਂ ਪੰਜਾਬ ਦੀ ਮਿੱਟੀ ਵਿੱਚੋਂ ਭਵਿੱਖ ਦੇ ਅੰਤਰਰਾਸ਼ਟਰੀ ਸਿਤਾਰੇ ਤਿਆਰ ਕਰਨਾ ਹੈ। ਦੀਪਕ ਬਾਲੀ ਨੇ ਦੱਸਿਆ ਕਿ ਪੀਸੀਏ ਵੱਲੋਂ ਜਲਦ ਹੀ ‘ਪੰਜਾਬ ਕ੍ਰਿਕਟ ਲੀਗ’ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜੋ ਸੂਬੇ ਵਿੱਚ ਕ੍ਰਿਕਟ ਦੇ ਵਿਕਾਸ ਲਈ ਇੱਕ ਮੀਲ ਪੱਥਰ ਸਾਬਤ ਹੋਵੇਗੀ। ਇਸ ਲੀਗ ਤਹਿਤ ਪਿੰਡ ਪੱਧਰ ਤੋਂ ਪ੍ਰਤਿਭਾਸ਼ਾਲੀ ਖਿਡਾਰੀਆਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਅੱਗੇ ਵਧਣ ਲਈ ਮੰਚ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਸਲ ਪ੍ਰਤਿਭਾ ਅਕਸਰ ਪਿੰਡਾਂ ਦੀਆਂ ਗਲੀਆਂ ਅਤੇ ਮੈਦਾਨਾਂ ਵਿੱਚ ਲੁਕੀ ਹੁੰਦੀ ਹੈ ਜਿਸ ਨੂੰ ਸਹੀ ਦਿਸ਼ਾ ਅਤੇ ਮੌਕੇ ਦੀ ਲੋੜ ਹੁੰਦੀ ਹੈ। ਪੀਸੀਏ ਇਸੇ ਮਕਸਦ ਨਾਲ ਪੰਜਾਬ ਦੇ ਹਰ ਕੋਨੇ ਤੱਕ ਪਹੁੰਚ ਬਣਾਉਣ ਲਈ ਵਚਨਬੱਧ ਹੈ। -ਵਿਸ਼ਵ ਪੱਧਰੀ ਸਹੂਲਤਾਂ ਨਾਲ ਨਿਖਰੇਗੀ ਪ੍ਰਤਿਭਾ ਉਨ੍ਹਾਂ ਦੱਸਿਆ ਕਿ ਖਿਡਾਰੀਆਂ ਨੂੰ ਆਧੁਨਿਕ ਕੋਚਿੰਗ, ਉੱਚ ਮਿਆਰੀ ਪਿੱਚਾਂ, ਬਿਹਤਰੀਨ ਗਰਾਊਂਡ, ਫਿਟਨੈੱਸ ਸਹੂਲਤਾਂ ਅਤੇ ਮਜ਼ਬੂਤ ਖੇਡ ਢਾਂਚਾ ਮੁਹੱਈਆ ਕਰਵਾਇਆ ਜਾਵੇਗਾ ਤਾਂ ਜੋ ਪੰਜਾਬ ਦੇ ਨੌਜਵਾਨ ਵਿਸ਼ਵ ਪੱਧਰ ਦੇ ਖਿਡਾਰੀਆਂ ਨਾਲ ਮੁਕਾਬਲਾ ਕਰਨ ਦੇ ਯੋਗ ਬਣ ਸਕਣ। ਦੀਪਕ ਬਾਲੀ ਨੇ ਕਿਹਾ ਕਿ ਅਸੀਂ ਅਜਿਹਾ ਮਾਹੌਲ ਸਿਰਜਣਾ ਚਾਹੁੰਦੇ ਹਾਂ ਜਿੱਥੇ ਮਿਹਨਤ ਕਰਨ ਵਾਲੇ ਹਰ ਖਿਡਾਰੀ ਨੂੰ ਅੱਗੇ ਵਧਣ ਦਾ ਮੌਕਾ ਮਿਲੇ ਅਤੇ ਉਹ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕੇ। ਪੀਸੀਏ ਦੀ ਇਹ ਨਵੀਂ ਪਹਿਲ ਪੰਜਾਬ ਦੀ ਕ੍ਰਿਕਟ ਨੂੰ ਨਵੀਆਂ ਉਚਾਈਆਂ ਤੱਕ ਲਿਜਾਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਮੰਨੀ ਜਾ ਰਹੀ ਹੈ। ਖੇਡ ਪ੍ਰੇਮੀਆਂ ਨੂੰ ਉਮੀਦ ਹੈ ਕਿ ਇਸ ਯੋਜਨਾ ਨਾਲ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਹੋਰ ਵੱਧ ਨੌਜਵਾਨ ਭਾਰਤੀ ਕ੍ਰਿਕਟ ਟੀਮ ਵਿੱਚ ਆਪਣੀ ਮਜ਼ਬੂਤ ਪਛਾਣ ਬਣਾਉਣਗੇ।