- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਸਡੀ ਕਾਲਜ ਦੇ ਰੋਟਰੈਕਟ ਕਲੱਬ ਨੇ ਜਿੱਤੀ ਓਵਰਆਲ ਟਰਾਫ਼ੀ

ਆਕਾਸ਼, ਪੰਜਾਬੀ ਜਾਗਰਣ
ਗੁਰਦਾਸਪੁਰ: ਪੰਡਿਤ ਮੋਹਨ ਲਾਲ ਐੱਸਡੀ ਕਾਲਜ ਫ਼ਾਰ ਵੂਮੈਨ ਗੁਰਦਾਸਪੁਰ ਦੇ ਰੋਟਰੈਕਟ ਕਲੱਬ ਨੇ ਲੁਧਿਆਣਾ ’ਚ ਆਯੋਜਿਤ 'ਦੀਪਤਸ਼ਿਖਰ – ਹਮ ਯੁਵਾ ਐਵਾਰਡਜ਼' ਸਮਾਰੋਹ ਤੇ ਜ਼ਿਲ੍ਹਾ ਰੋਟਰੈਕਟ ਪ੍ਰਤੀਨਿਧ (ਡੀਆਰਆਰ) ਸਥਾਪਨਾ ਸਮਾਰੋਹ 'ਅਧਿਰੋਹ' 2026-27 ’ਚ ਸ਼ਾਨਦਾਰ ਭਾਗੀਦਾਰੀ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ।
ਪ੍ਰਿੰਸੀਪਲ ਡਾ. ਨੀਰੂ ਸ਼ਰਮਾ ਨੇ ਦੱਸਿਆ ਕਿ ਇਸ ਸਮਾਰੋਹ ’ਚ ਕਾਲਜ ਵਿਦਿਆਰਥਣਾਂ ਲਾਵਣਿਆ ਜਰੇਵਾਲ, ਆਸਥਾ, ਤ੍ਰਿਸ਼ਾ, ਰੂਬੀ ਕੌਰ, ਨਵਦੀਪ ਤੇ ਵੰਸ਼ਿਕਾ ਮਹਾਜਨ ਨੇ ਕਾਲਜ ਦੀ ਨੁਮਾਇੰਦਗੀ ਕੀਤੀ। ਸਮਾਗਮ ਦੌਰਾਨ ਕਲੱਬ ਦੇ ਮੈਂਬਰਾਂ ਨੂੰ ਉਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਤੇ ਸਮਾਜ ਸੇਵਾ ਲਈ ਕਈ ਵੱਕਾਰੀ ਸਨਮਾਨਾਂ ਨਾਲ ਨਿਵਾਜਿਆ ਗਿਆ।
ਉਨ੍ਹਾਂ ਦੱਸਿਆ ਕਿ ਤ੍ਰਿਸ਼ਾ, ਰੂਬੀ ਕੌਰ ਤੇ ਵੰਸ਼ਿਕਾ ਮਹਾਜਨ ਨੂੰ ਪੂਰੇ ਰੋਟਰੈਕਟ ਸਾਲ ਦੌਰਾਨ ਸਮਰਪਿਤ ਸੇਵਾਵਾਂ ਲਈ ਪ੍ਰਸ਼ੰਸਾ ਪੁਰਸਕਾਰ ਦਿੱਤੇ ਗਏ। ਰੋਟਰੈਕਟਰ ਲਾਵਣਿਆ ਜਰੇਵਾਲ ਨੂੰ ਉੱਤਮ ਅਗਵਾਈ ਲਈ ਆਊਟਸਟੈਂਡਿੰਗ ਪ੍ਰੈਜ਼ੀਡੈਂਟ ਐਵਾਰਡ, ਜਦੋਂ ਕਿ ਰੋਟਰੈਕਟਰ ਆਸਥਾ ਨੂੰ ਸ਼ਾਨਦਾਰ ਕਾਰਜਸ਼ੈਲੀ ਅਤੇ ਨਿਭਾਅ ਲਈ ਬੈਸਟ ਸੈਕਟਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਕਲੱਬ ਨੂੰ ਸਮਾਜ ਸੇਵਾ ਪ੍ਰੋਜੈਕਟ 'ਉਡਾਨ' ਲਈ ਆਊਟਸਟੈਂਡਿੰਗ ਪ੍ਰੋਜੈਕਟ ਇਨ ਕਮਿਊਨਿਟੀ ਸਰਵਿਸ ਐਵਾਰਡ ਨਾਲ ਵੀ ਨਿਵਾਜਿਆ ਗਿਆ। ਇਹ ਪ੍ਰੋਜੈਕਟ ਪਹਿਲਾਂ ਗਵਾਲੀਅਰ ’ਚ ਕਰਵਾਇਆ ਗਿਆ ਸੀ ਤੇ ਐੱਸਈਏਆਰਆਈਸੀ ਐੱਮਡੀਆਈਓ. ਟਰਾਫ਼ੀ–2026 ’ਚ ਵੀ ਵਿਸ਼ੇਸ਼ ਪ੍ਰਸ਼ੰਸਾ ਪ੍ਰਾਪਤ ਕਰ ਚੁੱਕਾ ਹੈ। ਪ੍ਰਿੰਸੀਪਲ ਡਾ. ਨੀਰੂ ਸ਼ਰਮਾ ਨੇ ਬੜੇ ਮਾਣ ਨਾਲ ਕਿਹਾ ਕਿ ਕਾਲਜ ਦੇ ਰੋਟਰੈਕਟ ਕਲੱਬ ਨੂੰ ਸਾਲ ਭਰ ਦੀਆਂ ਸ਼ਾਨਦਾਰ ਗਤੀਵਿਧੀਆਂ ਤੇ ਵਧੀਆ ਕਾਰਗੁਜ਼ਾਰੀ ਦੇ ਆਧਾਰ ’ਤੇ ਓਵਰਆਲ ਟਰਾਫ਼ੀ ਨਾਲ ਸਨਮਾਨਿਤ ਕੀਤਾ ਗਿਆ, ਜੋ ਬਹੁਤ ਮਾਣ ਵਾਲੀ ਗੱਲ ਹੈ।
ਇਸ ਮੌਕੇ ਨਵੇਂ ਰੋਟਰੀ ਸਾਲ 2026-27 ਲਈ ਜ਼ਿਲ੍ਹਾ ਰੋਟਰੈਕਟ ਪ੍ਰਤੀਨਿਧ ਰੋਹਨ ਤੁਲੀ ਤੇ ਉਨ੍ਹਾਂ ਦੀ ਟੀਮ ਦਾ ਸਥਾਪਨਾ ਸਮਾਰੋਹ ਵੀ ਕਰਵਾਇਆ ਗਿਆ। ਪਿੰਨਿੰਗ ਸਮਾਰੋਹ ਦੌਰਾਨ ਕਾਲਜ ਦੇ ਦੋ ਮੈਂਬਰਾਂ ਨੂੰ ਜ਼ਿਲ੍ਹਾ ਟੀਮ ਵਿੱਚ ਮਹੱਤਵਪੂਰਨ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਰੋਟਰੈਕਟਰ ਲਾਵਣਿਆ ਜਰੇਵਾਲ ਨੂੰ ਡਿਸਟ੍ਰਿਕਟ ਰੋਟਰੈਕਟ ਸੈਕਟਰੀ–ਕੋਆਰਡੀਨੇਟਰ ਅਤੇ ਰੋਟਰੈਕਟਰ ਆਸਥਾ ਨੂੰ ਡਿਸਟ੍ਰਿਕਟ ਕੋਆਰਡੀਨੇਟਰ ਵਜੋਂ ਅਧਿਕਾਰਤ ਤੌਰ ’ਤੇ ਨਿਯੁਕਤ ਕੀਤਾ ਗਿਆ।
ਪ੍ਰਿੰਸੀਪਲ ਨੇ ਸਮੂਹ ਜੇਤੂਆਂ, ਕਲੱਬ ਇੰਚਾਰਜਾਂ ਤੇ ਰੋਟਰੈਕਟਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਉਪਲਬਧੀਆਂ ਵਿਦਿਆਰਥਣਾਂ ਦੀ ਮਿਹਨਤ ਤੇ ਟੀਮ ਵਰਕ ਦਾ ਸ਼ਾਨਦਾਰ ਨਤੀਜਾ ਹਨ। ਉਨ੍ਹਾਂ ਕਿਹਾ ਕਿ ਕਾਲਜ ਹਮੇਸ਼ਾ ਵਿਦਿਆਰਥਣਾਂ ਨੂੰ ਅਜਿਹੇ ਮੰਚ ਪ੍ਰਦਾਨ ਕਰਦਾ ਰਹੇਗਾ, ਜਿੱਥੇ ਉਹ ਆਪਣੀ ਅਗਵਾਈ, ਸੇਵਾ ਭਾਵਨਾ ਅਤੇ ਸ਼ਖ਼ਸੀਅਤ ਦਾ ਸਰਬਪੱਖੀ ਵਿਕਾਸ ਕਰ ਸਕਣ। ਉਨ੍ਹਾਂ ਕਿਹਾ ਕਿ ਇਹ ਸ਼ਾਨਦਾਰ ਪ੍ਰਾਪਤੀਆਂ ਕਲੱਬ ਇੰਚਾਰਜ ਡਾ. ਖੁਸ਼ਬੂ ਅਗਰਵਾਲ ਅਤੇ ਹਰਸ਼ਾ ਦੇ ਨਿਰੰਤਰ ਮਾਰਗਦਰਸ਼ਨ ਸਦਕਾ ਸੰਭਵ ਹੋਈਆਂ।