- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੋਵੇਂ ਮੁਲਜ਼ਮ ਥਾਣਾ ਕਲਾਨੌਰ ਅਧੀਨ ਆਉਂਦੇ ਪਿੰਡ ਦੋਸਤਪੁਰ ਅਤੇ ਚੌੜਾਂ ਕਲਾਂ ਦੇ ਰਹਿਣ ਵਾਲੇ ਹਨ। ਮੁਲਜ਼ਮਾਂ ਕੋਲੋਂ ਦੋ ਪਿਸਤੌਲ (9 ਐੱਮਐੱਮ ਅਤੇ 30 ਬੋਰ) ਅਤੇ 40 ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਸ੍ਰੀਗੰਗਾਨਗਰ ਜ਼ਿਲ੍ਹੇ ਦੇ ਰਾਮਸਿੰਘਪੁਰ ਥਾਣਾ ਖੇਤਰ ਵਿੱਚ ਅਨੂਪਗੜ੍ਹ-ਸੂਰਤਗੜ੍ਹ ਰੇਲਵੇ ਮਾਰਗ ’ਤੇ ਤਿੰਨ ਨਵੰਬਰ ਨੂੰ ਪਿੰਡ 50 ਜੀਬੀ ਨੇੜੇ ਧਮਾਕਾ ਹੋਇਆ ਸੀ।

ਸੰਵਾਦ ਸਹਿਯੋਗੀ, ਗੁਰਦਾਸਪੁਰ : ਰਾਜਸਥਾਨ ਦੇ ਸ੍ਰੀਗੰਗਾਨਗਰ ਵਿੱਚ ਤਿੰਨ ਨਵੰਬਰ ਨੂੰ ਰੇਲਵੇ ਟਰੈਕ ’ਤੇ ਹੋਏ ਬੰਬ ਧਮਾਕੇ ਦੇ ਤਾਰ ਪੰਜਾਬ ਦੇ ਸਰਹੱਦੀ ਪਿੰਡਾਂ ਨਾਲ ਜੁੜੇ ਹਨ। ਪੁਲਿਸ ਜਾਂਚ ਅਨੁਸਾਰ ਪਾਕਿਸਤਾਨ ਵਿੱਚ ਬੈਠੇ ਹੈਂਡਲਰਾਂ ਨੇ ਪ੍ਰੇਮ ਜਾਲ ਅਤੇ ਆਰਥਿਕ ਮਦਦ ਰਾਹੀਂ ਗੁਰਦਾਸਪੁਰ ਦੀ ਰਹਿਣ ਵਾਲੀ ਮੁਟਿਆਰ ਮਹਿਕਪ੍ਰੀਤ ਕੌਰ ਨੂੰ ਆਪਣੇ ਪ੍ਰਭਾਵ ਹੇਠ ਲੈ ਕੇ ਧਮਾਕਾ ਕਰਵਾਇਆ। ਰਾਜਸਥਾਨ ਪੁਲਿਸ ਨੇ ਮਹਿਕਪ੍ਰੀਤ ਤੋਂ ਇਲਾਵਾ ਉਸ ਦੇ ਸਾਥੀ ਦਵਿੰਦਰ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।
ਦੋਵੇਂ ਮੁਲਜ਼ਮ ਥਾਣਾ ਕਲਾਨੌਰ ਅਧੀਨ ਆਉਂਦੇ ਪਿੰਡ ਦੋਸਤਪੁਰ ਅਤੇ ਚੌੜਾਂ ਕਲਾਂ ਦੇ ਰਹਿਣ ਵਾਲੇ ਹਨ। ਮੁਲਜ਼ਮਾਂ ਕੋਲੋਂ ਦੋ ਪਿਸਤੌਲ (9 ਐੱਮਐੱਮ ਅਤੇ 30 ਬੋਰ) ਅਤੇ 40 ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਸ੍ਰੀਗੰਗਾਨਗਰ ਜ਼ਿਲ੍ਹੇ ਦੇ ਰਾਮਸਿੰਘਪੁਰ ਥਾਣਾ ਖੇਤਰ ਵਿੱਚ ਅਨੂਪਗੜ੍ਹ-ਸੂਰਤਗੜ੍ਹ ਰੇਲਵੇ ਮਾਰਗ ’ਤੇ ਤਿੰਨ ਨਵੰਬਰ ਨੂੰ ਪਿੰਡ 50 ਜੀਬੀ ਨੇੜੇ ਧਮਾਕਾ ਹੋਇਆ ਸੀ।
ਜਾਂਚ ਦੌਰਾਨ ਪੰਜਾਬ ਦੇ ਸਰਹੱਦੀ ਪਿੰਡਾਂ ਨਾਲ ਸਬੰਧਤ ਸ਼ੱਕੀਆਂ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਰਾਜਸਥਾਨ ਪੁਲਿਸ ਦੀ ਟੀਮ ਗੁਰਦਾਸਪੁਰ ਪਹੁੰਚੀ। ਏਡੀਜੀਪੀ ਦਿਨੇਸ਼ ਐੱਨਐੱਮ ਅਤੇ ਸੀਨੀਅਰ ਪੁਲਿਸ ਅਧਿਕਾਰੀ ਨਿਤਿਨ ਚੌਧਰੀ ਦੀ ਅਗਵਾਈ ਹੇਠ ਟੀਮ ਨੇ ਪੁਲਿਸ ਚੌਕੀ ਦੋਸਤਪੁਰ ਦੀ ਮਦਦ ਨਾਲ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ।
ਤੀਜੀ ਕੋਸ਼ਿਸ਼ ਵਿੱਚ ਕੀਤਾ ਧਮਾਕਾ
ਗੁਰਦਾਸਪੁਰ ਦੇ ਐੱਸਐੱਸਪੀ ਆਦਿੱਤਿਆ ਅਨੁਸਾਰ ਦੋਵੇਂ ਮੁਲਜ਼ਮ ਤਿੰਨ ਵਾਰ ਰਾਜਸਥਾਨ ਗਏ ਸਨ। ਪਹਿਲੀ ਵਾਰ 6 ਅਕਤੂਬਰ ਨੂੰ ਉਨ੍ਹਾਂ ਨੂੰ ਧਮਾਕੇ ਲਈ ਲੋੜੀਂਦਾ ਸਾਮਾਨ ਨਹੀਂ ਮਿਲਿਆ, ਜਦਕਿ 12 ਅਕਤੂਬਰ ਨੂੰ ਵੀ ਉਹ ਆਪਣੇ ਮਕਸਦ ਵਿੱਚ ਕਾਮਯਾਬ ਨਹੀਂ ਹੋ ਸਕੇ। ਤੀਜੀ ਵਾਰ ਉਨ੍ਹਾਂ ਨੇ ਧਮਾਕਾ ਕੀਤਾ।
ਪੁਲਿਸ ਮੁਤਾਬਕ ਪਾਕਿਸਤਾਨ ਵਿੱਚ ਬੈਠੇ ਹੈਂਡਲਰ ਸ਼ਾਹ ਨੇ ਮਹਿਕਪ੍ਰੀਤ ਦੇ ਬੈਂਕ ਖਾਤੇ ਵਿੱਚ ਆਨਲਾਈਨ ਇਕ ਲੱਖ ਰੁਪਏ ਭੇਜੇ ਸਨ। ਇਸ ਰਕਮ ਵਿੱਚੋਂ 30 ਹਜ਼ਾਰ ਰੁਪਏ ਬਰਾਮਦ ਕਰ ਲਏ ਗਏ ਹਨ। ਪੁਲਿਸ ਨੂੰ ਖ਼ਦਸ਼ਾ ਹੈ ਕਿ ਇਹ ਰਕਮ ਇਸ ਤੋਂ ਵੱਧ ਵੀ ਹੋ ਸਕਦੀ ਹੈ।
ਜਾਂਚ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਜੇਲ੍ਹ ਵਿੱਚ ਬੰਦ ਮਹਿਕਪ੍ਰੀਤ ਦੇ ਸਾਬਕਾ ਪਤੀ ਨੇ ਹੀ ਉਸ ਦੀ ਜਾਣ-ਪਛਾਣ ਪਾਕਿਸਤਾਨੀ ਹੈਂਡਲਰ ਲਵਲੀ ਨਾਲ ਕਰਵਾਈ ਸੀ, ਜਿਸ ਰਾਹੀਂ ਉਸ ਨੂੰ ਪੈਸੇ ਮਿਲਣੇ ਸਨ।
ਦੋਵਾਂ ਦੇ ਪਰਿਵਾਰਾਂ ਨੇ ਕਿਹਾ-ਸਾਨੂੰ ਕੋਈ ਜਾਣਕਾਰੀ ਨਹੀਂ
ਦਵਿੰਦਰ ਦੀ ਮਾਂ ਬਲਜੀਤ ਕੌਰ ਅਤੇ ਰਿਸ਼ਤੇਦਾਰ ਸੁਖਵਿੰਦਰ ਕੌਰ ਮੁਤਾਬਕ ਦੋਵੇਂ ਕਰੀਬ ਦੋ ਮਹੀਨੇ ਪਹਿਲਾਂ ਇਕ-ਦੂਜੇ ਦੇ ਸੰਪਰਕ ਵਿੱਚ ਆਏ ਸਨ। ਇਸ ਤੋਂ ਬਾਅਦ ਦਵਿੰਦਰ ਨੇ ਪਰਿਵਾਰ ਦੀ ਗੱਲ ਸੁਣਨੀ ਘੱਟ ਕਰ ਦਿੱਤੀ ਸੀ। ਉਹ ਮਹਿਕਪ੍ਰੀਤ ਨਾਲ ਵਿਆਹ ਕਰਵਾਉਣ ਦੀ ਗੱਲ ਕਰਦਾ ਸੀ।
ਪਰਿਵਾਰ ਮੁਤਾਬਕ ਦਵਿੰਦਰ ਇਕ ਨਵੰਬਰ ਨੂੰ ਘਰੋਂ ਇਹ ਕਹਿ ਕੇ ਗਿਆ ਸੀ ਕਿ ਉਹ ਆਪਣੇ ਦੋਸਤ ਦੇ ਇੰਟਰਵਿਊ ਦੇ ਸਿਲਸਿਲੇ ਵਿੱਚ ਦਿੱਲੀ ਜਾ ਰਿਹਾ ਹੈ। ਉਹ ਕਰੀਬ ਪੰਜ ਦਿਨਾਂ ਬਾਅਦ ਵਾਪਸ ਆਇਆ। ਉਹ ਮਹਿਕਪ੍ਰੀਤ ਨੂੰ ਇਕ ਲੱਖ ਰੁਪਏ ਦੇਣ ਦੀ ਗੱਲ ਵੀ ਕਰਦਾ ਸੀ।
ਉੱਧਰ ਮਹਿਕਪ੍ਰੀਤ ਦੇ ਪਿਤਾ ਤਿਰਲੋਕ ਸਿੰਘ ਅਤੇ ਮਾਂ ਸਰਬਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਅਕਸਰ ਕਈ-ਕਈ ਦਿਨ ਘਰੋਂ ਗਾਇਬ ਰਹਿੰਦੀ ਸੀ ਅਤੇ ਪਰਿਵਾਰ ਨੂੰ ਵੀ ਕੁਝ ਨਹੀਂ ਦੱਸਦੀ ਸੀ।
ਪਰਿਵਾਰ ਮੁਤਾਬਕ ਦੋ ਸਾਲ ਪਹਿਲਾਂ ਮਹਿਕਪ੍ਰੀਤ ਨੇ ਆਪਣੀ ਮਰਜ਼ੀ ਨਾਲ ਬਾਊਪੁਰ ਪਿੰਡ ਵਿੱਚ ਪ੍ਰੇਮ ਵਿਆਹ ਕਰਵਾਇਆ ਸੀ, ਪਰ ਛੇ ਮਹੀਨਿਆਂ ਬਾਅਦ ਹੀ ਤਲਾਕ ਹੋ ਗਿਆ ਸੀ। ਉਸ ਦਾ ਸਾਬਕਾ ਪਤੀ ਵੀ ਨਸ਼ਾ ਤਸਕਰੀ ਦੇ ਦੋਸ਼ਾਂ ਹੇਠ ਜੇਲ੍ਹ ਵਿੱਚ ਬੰਦ ਹੈ। ਦੋਵਾਂ ਪਰਿਵਾਰਾਂ ਨੇ ਰੇਲਵੇ ਟਰੈਕ ਧਮਾਕੇ ਜਾਂ ਮਹਿਕਪ੍ਰੀਤ ਅਤੇ ਦਵਿੰਦਰ ਦੀਆਂ ਕਥਿਤ ਗਤੀਵਿਧੀਆਂ ਬਾਰੇ ਕੋਈ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ।