- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਮਿਊਨਿਟੀ ਹੈਲਥ ਅਫਸਰਾਂ ਅਤੇ ਐੱਨਐੱਚਐੱਮ ਕਰਮਚਾਰੀਆਂ ਵੱਲੋਂ ਰੋਸ ਪ੍ਰਦਰਸ਼ਨ

- 2 ਜੁਲਾਈ ਨੂੰ ਸੰਗਰੂਰ ਵਿੱਚ ਸੀਐੱਮ ਆਵਾਸ ਨੇੜੇ ਧਰਨਾ ਦੇਣ ਦੀ ਚਿਤਾਵਨੀ
ਆਕਾਸ਼, ਪੰਜਾਬੀ ਜਾਗਰਣ
ਗੁਰਦਾਸਪੁਰ : ਪੰਜਾਬ ਸਰਕਾਰ ਦੇ ਸਿਹਤ ਵਿਭਾਗ ਅਧੀਨ ਪੇਂਡੂ ਖੇਤਰਾਂ ਵਿੱਚ ਕੰਮ ਕਰ ਰਹੇ ਕਮਿਊਨਿਟੀ ਹੈਲਥ ਅਫਸਰਾਂ ਤੇ ਨੈਸ਼ਨਲ ਹੈਲਥ ਮਿਸ਼ਨ (ਐੱਨਐੱਚਐੱਮ) ਦੇ ਕਰਮਚਾਰੀਆਂ ਨੇ ਸੋਮਵਾਰ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਡਾਕਖ਼ਾਨਾ ਚੌਕ ਵਿੱਚ ਰੋਸ ਪ੍ਰਦਰਸ਼ਨ ਕੀਤਾ। ਕਰਮਚਾਰੀਆਂ ਨੇ ਸਾਰੇ ਆਨਲਾਈਨ-ਆਫਲਾਈਨ ਕੰਮ ਬੰਦ ਕਰਕੇ ਸਿਵਲ ਸਰਜਨ ਦਫ਼ਤਰ ਦੇ ਸਾਹਮਣੇ ਧਰਨਾ ਲਗਾਇਆ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਕਮਿਊਨਿਟੀ ਹੈਲਥ ਅਫਸਰਸ ਐਸੋਸੀਏਸ਼ਨ ਦੇ ਪ੍ਰਧਾਨ ਡਾ. ਸੁਨੀਲ ਤਰਗੋਤਰਾ ਨੇ ਦੱਸਿਆ ਕਿ ਹਰ ਜ਼ਿਲ੍ਹੇ ਵਿੱਚ ਕਰਮਚਾਰੀਆਂ ਵੱਲੋਂ ਸਿਵਲ ਸਰਜਨ ਦਫ਼ਤਰਾਂ ਦੇ ਬਾਹਰ ਧਰਨੇ ਦਿੱਤੇ ਗਏ। ਉਨ੍ਹਾਂ ਕਿਹਾ ਕਿ ਇਹ ਧਰਨਾ ਉਨ੍ਹਾਂ ਦੀਆਂ ਲੰਮੇ ਸਮੇਂ ਤੋਂ ਲੰਬਿਤ ਮੰਗਾਂ ਦੇ ਹੱਲ ਤੇ ਅਧਿਕਾਰਾਂ ਦੀ ਪ੍ਰਾਪਤੀ ਲਈ ਹੈ। ਉਹ ਪੇਂਡੂ ਖੇਤਰਾਂ ਵਿੱਚ ਪਿਛਲੇ ਕਈ ਸਾਲਾਂ ਤੋਂ ਪੂਰੀ ਇਮਾਨਦਾਰੀ ਨਾਲ ਸਿਹਤ ਸੇਵਾਵਾਂ ਮੁਹੱਈਆ ਕਰਵਾ ਰਹੇ ਹਨ। ਹਰ ਕਿਸਮ ਦੀ ਕੁਦਰਤੀ ਆਫ਼ਤ ਤੇ ਮਹਾਂਮਾਰੀ ਦੌਰਾਨ ਵੀ ਉਨ੍ਹਾਂ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਸੇਵਾਵਾਂ ਜਾਰੀ ਰੱਖੀਆਂ।
ਡਾ. ਤਰਗੋਤਰਾ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਪੇਂਡੂ ਖੇਤਰਾਂ ਵਿੱਚ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਬਾਰੇ ਵਿਭਾਗ ਤੇ ਸਰਕਾਰ ਨੂੰ ਵਾਰ-ਵਾਰ ਦੱਸਿਆ ਗਿਆ, ਪਰ ਸਰਕਾਰ ਨੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਨਜ਼ਰਅੰਦਾਜ਼ ਕਰਦਿਆਂ ਕੰਮ ਦਾ ਬੋਝ ਵਧਾਇਆ ਤੇ ਆਰਥਿਕ ਤੇ ਮਾਨਸਿਕ ਸ਼ੋਸ਼ਣ ਕੀਤਾ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਮਰੀਜ਼ਾਂ ਦੀਆਂ ਸੇਵਾਵਾਂ ਵਿੱਚ ਰੁਕਾਵਟ ਦੇ ਡਰੋਂ ਚੁੱਪ ਸਨ, ਪਰ ਹੁਣ ਹੋਰ ਸਹਿਣ ਨਹੀਂ ਕੀਤਾ ਜਾਵੇਗਾ। ਪ੍ਰਦਰਸ਼ਨਕਾਰੀਆਂ ਨੇ ਨਵੇਂ ਇਨਸੈਂਟਿਵ ਫਾਰਮੈਟ ਅਧੀਨ ਜਾਰੀ 'ਤਾਨਾਸ਼ਾਹੀ' ਹੁਕਮਾਂ ਦੀਆਂ ਕਾਪੀਆਂ ਸਾੜ ਕੇ ਰੋਸ ਜਤਾਇਆ ਤੇ ਸਿਵਲ ਸਰਜਨ ਨੂੰ ਜਾਣਕਾਰੀ ਪੱਤਰ ਸੌਂਪਿਆ। ਉਨ੍ਹਾਂ ਦੀਆਂ ਮੁੱਖ ਮੰਗਾਂ ਵਿੱਚ ਸਮਾਨ ਕੰਮ ਲਈ ਸਮਾਨ ਵੇਤਨ (ਹੋਰ ਰਾਜਾਂ ਦੇ ਮੁਕਾਬਲੇ ਪੰਜ ਹਜ਼ਾਰ ਰੁਪਏ ਘੱਟ ਮਿਲ ਰਹੇ ਵੇਤਨ ਵਿੱਚ ਵਾਧਾ), ਨਵਾਂ ਇਨਸੈਂਟਿਵ ਫਾਰਮੈਟ ਵਾਪਸ ਲੈਣਾ, ਕੈਡਰ ਨਿਰਮਾਣ ਤੇ ਨਿਯਮਤੀਕਰਨ, ਲਾਇਲਟੀ ਬੋਨਸ ਜਾਰੀ ਕਰਨਾ ਤੇ ਵੇਤਨ ਵਿੱਚ ਇਨਸੈਂਟਿਵ ਨੂੰ ਮਿਲਾਉਣਾ ਸ਼ਾਮਲ ਹਨ। ਡਾ. ਤਰਗੋਤਰਾ ਨੇ ਚੇਤਾਵਨੀ ਦਿੱਤੀ ਕਿ ਜੇ 1 ਜੁਲਾਈ ਤੱਕ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਇਹ ਹੜਤਾਲ ਲਗਾਤਾਰ ਜਾਰੀ ਰਹੇਗੀ ਤੇ 2 ਜੁਲਾਈ ਨੂੰ ਸੰਗਰੂਰ ਜ਼ਿਲ੍ਹੇ ਵਿੱਚ ਮੁੱਖ ਮੰਤਰੀ ਆਵਾਸ ਨੇੜੇ ਪ੍ਰਦੇਸ਼ ਪੱਧਰੀ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਸੇਵਾਵਾਂ ਵਿੱਚ ਰੁਕਾਵਟ ਤੇ ਮਰੀਜ਼ਾਂ ਨੂੰ ਹੋਣ ਵਾਲੀ ਪਰੇਸ਼ਾਨੀ ਲਈ ਵਿਭਾਗ ਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ। ਇਸ ਮੌਕੇ ਡਾ. ਰਵਿੰਦਰ ਸਿੰਘ ਕਾਹਲੋਂ, ਗੁਰਪ੍ਰੀਤ ਸਿੰਘ, ਗੌਰਵ ਸ਼ਰਮਾ, ਵਿਕਾਸ ਜੋਏਲ, ਸੂਰਜ ਪ੍ਰਕਾਸ਼, ਨਵਜੋਤ ਕੌਰ, ਡਾ. ਆਰਤੀ, ਅਮਨਦੀਪ ਸਿੰਘ, ਸਿਮਰਨ, ਅਮਨਦੀਪ ਕੌਰ ਆਦਿ ਹਾਜ਼ਰ ਸਨ।