- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਟਾਲਾ ਵਿੱਚ ਈ ਰਿਕਸ਼ਾ ਕਾਰਨ ਲੋਕਾਂ ਅਤੇ ਬੱਸ ਡਰਾਈਵਰਾਂ ਨੂੰ ਕਰਨਾ ਪੈ ਰਿਹਾ ਭਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ

ਸ਼ਾਮ ਤਿਵਾੜੀ, ਪੰਜਾਬੀ ਜਾਗਰਣ
ਬਟਾਲਾ : ਬਟਾਲਾ ਦੇ ਬੱਸ ਸਟੈਂਡ ਦੇ ਬਾਹਰ ਜਲੰਧਰ ਰੋਡ ਵਾਲੀ ਸਾਈਡ ਤੇ ਖੜੇ ਹੁੰਦੇ ਰੋਜ਼ਾਨਾ ਈ ਰਿਕਸ਼ਾ ਵਾਲਿਆਂ ਤੋਂ ਜਿੱਥੇ ਆਮ ਜਨਤਾ ਪਰੇਸ਼ਾਨ ਹੈ, ਉੱਥੇ ਨਾਲ ਹੀ ਇਹ ਈ ਰਿਕਸ਼ਾ ਬੱਸ ਡਰਾਈਵਰਾਂ ਲਈ ਵੀ ਭਾਰੀ ਮੁਸ਼ਕਿਲਾਂ ਪੈਦਾ ਕਰ ਰਹੇ ਹਨ, ਜਿਸ ਨਾਲ ਬੱਸ ਡਰਾਈਵਰਾਂ ਅਤੇ ਲੋਕਾਂ ਵਿੱਚ ਇਨ੍ਹਾਂ ਈ ਰਿਕਸ਼ਾ ਚਾਲਕਾਂ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ ਬੱਸ ਸਟੈਂਡ ਬਟਾਲਾ ਦੇ ਅੰਦਰ ਜਲੰਧਰ ਰੋਡ ਵਾਲੀ ਸਾਈਡ ਤੋਂ ਦਾਖਲ ਹੋਣ ਸਮੇਂ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਸ ਸਾਈਡ ਤੇ ਖੜੇ ਈ ਰਿਕਸ਼ਾ ਵਾਲੇ ਬੱਸ ਸਟੈਂਡ ਦੇ ਅੰਦਰ ਜਾਣ ਅਤੇ ਬੱਸ ਸਟੈਂਡ ਤੋਂ ਬਾਹਰ ਆਉਣ ਲਈ ਲੋਕਾਂ ਵਾਸਤੇ ਰਤੀ ਪਰ ਵੀ ਖਾਲੀ ਜਗ੍ਹਾ ਨਹੀਂ ਛੱਡ ਰਹੇ ਅਤੇ ਇਹ ਈ ਰਿਕਸ਼ਾ ਵਾਲੇ ਸਵਾਰੀਆਂ ਚੁੱਕਣ ਦੀ ਦੌੜ ਵਿੱਚ ਬਸ ਸਟੈਂਡ ਦੇ ਬਾਹਰ ਅਤੇ ਅੰਦਰ ਜਾਣ ਵਾਲਾ ਰਸਤਾ ਹੀ ਬੰਦ ਕਰ ਦਿੰਦੇ ਹਨ, ਜਿਸ ਨਾਲ ਕਿਸੇ ਵੀ ਸਵਾਰੀ ਨੂੰ ਬੱਸ ਸਟੈਂਡ ਦੇ ਅੰਦਰ ਜਾਣ ਸਮੇਂ ਭਾਰੀ ਦਿੱਕਤ ਪੇਸ਼ ਹੁੰਦੀ ਹੈ।
ਹੋਰ ਤਾਂ ਹੋਰ ਜੇਕਰ ਬੱਸਾਂ ਦੀ ਗੱਲ ਕੀਤੀ ਜਾਵੇ ਤਾਂ ਜਲੰਧਰ, ਕਾਦੀਆਂ, ਹਰਚੋਵਾਲ, ਘੁਮਾਣ, ਸ੍ਰੀ ਹਰਗੋਬਿੰਦਪੁਰ ਸਾਹਿਬ, ਡੇਰਾ ਬਿਆਸ, ਮਹਿਤਾ ਚੌਂਕ ਆਦਿ ਨੂੰ ਜਾਣ ਵਾਲੀਆਂ ਬੱਸਾਂ ਨੂੰ ਬਾਹਰ ਕੱਢਣ ਸਮੇਂ ਵੀ ਬੱਸ ਡਰਾਈਵਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਇਨ੍ਹਾਂ ਈ ਰਿਕਸ਼ਾ ਚਾਲਕਾਂ ਦੇ ਕਾਰਨ ਪੇਸ਼ ਆਉਂਦੀਆਂ ਹਨ, ਪਰ ਇਹ ਈ ਰਿਕਸ਼ਾ ਵਾਲੇ ਰੋਜ਼ਾਨਾ ਹੀ ਬੱਸ ਸਟੈਂਡ ਦੇ ਐਂਟਰੀ ਗੇਟ ’ਤੇ ਆਪਣੇ ਈ ਰਿਕਸ਼ਾ ਖੜਾ ਕਰਕੇ ਲਗਭਗ ਅੰਦਰ ਜਾਣ ਤੇ ਅੰਦਰੋਂ ਬਾਹਰ ਆਉਣ ਵਾਲਾ ਰਾਹ ਬੰਦ ਕਰਕੇ ਰੱਖ ਦਿੰਦੇ ਹਨ, ਇਸ ਦੀ ਮਿਸਾਲ ਦਿਨ ਸਮੇਂ ਕਿਸੇ ਵੇਲੇ ਵੀ ਦੇਖੀ ਜਾ ਸਕਦੀ ਹੈ। ਦੂਜੇ ਪਾਸੇ ਜੇਕਰ ਟ੍ਰੈਫਿਕ ਪੁਲਿਸ ਦੀ ਗੱਲ ਕੀਤੀ ਜਾਵੇ ਤਾਂ ਇਹ ਟ੍ਰੈਫਿਕ ਪੁਲਿਸ ਵਾਲੇ ਈ ਰਿਕਸ਼ਿਆਂ ਦੇ ਕੋਲ ਬਾਹਰ ਜਲੰਧਰ ਰੋਡ ਵਾਲੀ ਸਾਈਡ ਤੇ ਬਣੇ ਸੁਵਿਧਾ ਕੇਂਦਰ ਦੇ ਬਾਹਰ ਹੀ ਖੜੇ ਹੁੰਦੇ ਹਨ, ਪੁਲਿਸ ਮੁਲਾਜ਼ਮ ਵੀ ਇਨਾ ਈ ਰਿਕਸ਼ਿਆਂ ਵਾਲਿਆਂ ਨੂੰ ਰਸਤਾ ਖਾਲੀ ਕਰਨ ਲਈ ਨਹੀਂ ਕਹਿੰਦੇ ਜਿਸਦੇ ਚਲਦਿਆਂ ਇਹ ਪ੍ਰੇਸ਼ਾਨੀ ਲਗਾਤਾਰ ਵੱਧਦੀ ਹੀ ਜਾ ਰਹੀ। ਓਧਰ ਵੱਖ ਵੱਖ ਬੱਸਾਂ ਦੇ ਡਰਾਈਵਰਾਂ ਨੇ ਪ੍ਰਸ਼ਾਸਨ ਅਤੇ ਬਟਾਲਾ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਇਹਨਾਂ ਈ ਰਿਕਸ਼ਾ ਵਾਲਿਆਂ ਨੂੰ ਆਪਣੇ ਈ ਰਿਕਸ਼ਾ ਖੜਾ ਕਰਨ ਲਈ ਕੋਈ ਯੋਗ ਜਗਾ ਉਪਲਬਧ ਕਰਵਾਈ ਜਾਵੇ ਤਾਂ ਜੋ ਬੱਸ ਡਰਾਈਵਰਾਂ ਤੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਨਾ ਹੀ ਜ਼ਾਮ ਵਰਗੀ ਕੋਈ ਸਥਿਤੀ ਉਤਪੰਨ ਹੋਵੇ।