ਨਿਸ਼ਾਨ ਸਾਹਿਬ ਹਟਾਉਣ ਦੇ ਮਾਮਲੇ 'ਚ ਪੰਜਾਬ ਸਰਕਾਰ ਨੂੰ ਨੋਟਿਸ, ਮੁੱਖ ਸਕੱਤਰ ਤੇ DGP ਤੋਂ 2 ਹਫ਼ਤਿਆਂ 'ਚ ਮੰਗੀ ਰਿਪੋਰਟ
ਕਾਨੂੰਨਗੋ ਨੇ ਐਕਸ ’ਤੇ ਕਿਹਾ ਕਿ ਕਥਿਤ ਤੌਰ ’ਤੇ ਰਾਤ ਸਮੇਂ ਸਰਕਾਰੀ ਜੇਸੀਬੀ ਮਸ਼ੀਨ ਦੀ ਵਰਤੋਂ ਕਰ ਕੇ ਨਿਸ਼ਾਨ ਸਾਹਿਬ ਹਟਾਇਆ ਗਿਆ। ਉਨ੍ਹਾਂ ਨੇ ਪੁਲਿਸ ਵੱਲੋਂ ਕਾਰਵਾਈ ਨਾ ਕੀਤੇ ਜਾਣ ’ਤੇ ਵੀ ਚਿੰਤਾ ਜਤਾਈ।
Publish Date: Sun, 29 Nov 2026 09:59 AM (IST)
Updated Date: Sun, 29 Nov 2026 10:01 AM (IST)
ਜਾਗਰਣ ਸੰਵਾਦਦਾਤਾ, ਗੁਰਦਾਸਪੁਰ : ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਡੱਲਾ ਮੋੜ ਕਾਦੀਆਂ ’ਚ ਨਿਸ਼ਾਨ ਸਾਹਿਬ ਹਟਾਏ ਜਾਣ ਦੇ ਮਾਮਲੇ ਦਾ ਨੋਟਿਸ ਲਿਆ ਹੈ। ਕਮਿਸ਼ਨ ਨੇ ਪੰਜਾਬ ਦੇ ਮੁੱਖ ਸਕੱਤਰ ਤੇ ਡੀਜੀਪੀ ਨੂੰ ਨੋਟਿਸ ਜਾਰੀ ਕਰ ਕੇ ਦੋ ਹਫ਼ਤਿਆਂ ਅੰਦਰ ਕਾਰਵਾਈ ਰਿਪੋਰਟ ਮੰਗੀ ਹੈ। ਮੈਂਬਰ ਪ੍ਰਿਯੰਕ ਕਾਨੂੰਨਗੋ ਦੀ ਅਗਵਾਈ ਵਾਲੇ ਬੈਂਚ ਨੇ ਦੋਸ਼ਾਂ ਦੀ ਜਾਂਚ ਦੇ ਨਿਰਦੇਸ਼ ਦਿੱਤੇ ਹਨ।
ਕਾਨੂੰਨਗੋ ਨੇ ਐਕਸ ’ਤੇ ਕਿਹਾ ਕਿ ਕਥਿਤ ਤੌਰ ’ਤੇ ਰਾਤ ਸਮੇਂ ਸਰਕਾਰੀ ਜੇਸੀਬੀ ਮਸ਼ੀਨ ਦੀ ਵਰਤੋਂ ਕਰ ਕੇ ਨਿਸ਼ਾਨ ਸਾਹਿਬ ਹਟਾਇਆ ਗਿਆ। ਉਨ੍ਹਾਂ ਨੇ ਪੁਲਿਸ ਵੱਲੋਂ ਕਾਰਵਾਈ ਨਾ ਕੀਤੇ ਜਾਣ ’ਤੇ ਵੀ ਚਿੰਤਾ ਜਤਾਈ।
ਸ਼ਿਕਾਇਤ ਅਨੁਸਾਰ, ਇਕ ਕਿਸਾਨ ਨੇ ਗੁਰਦੁਆਰਾ ਲੰਗਰ ਹਾਲ ਦੀ ਉਸਾਰੀ ਲਈ ਆਪਣੀ 10 ਮਰਲੇ ਜ਼ਮੀਨ ਦਾਨ ਕੀਤੀ ਸੀ ਅਤੇ ਸਿੱਖ ਸੰਗਤ ਨੇ ਉੱਥੇ ਨਿਸ਼ਾਨ ਸਾਹਿਬ ਸਥਾਪਤ ਕੀਤਾ ਸੀ। ਦੋਸ਼ ਹੈ ਕਿ ਵਿਰੋਧੀ ਧਿਰ ਦੇ ਕੁਝ ਲੋਕਾਂ ਨੇ ਸਿਆਸੀ ਹਮਾਇਤ ਅਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰ ਕੇ ਇਸ ਨੂੰ ਹਟਵਾਇਆ।
ਕਮਿਸ਼ਨ ਨੇ ਮਨੁੱਖੀ ਅਧਿਕਾਰ ਸੁਰੱਖਿਆ ਐਕਟ, 1993 ਦੀ ਧਾਰਾ 12 ਤਹਿਤ ਕਾਰਵਾਈ ਕਰਦਿਆਂ ਨਿਸ਼ਾਨ ਸਾਹਿਬ ਹਟਾਉਣ ਦੇ ਹੁਕਮ ਜਾਂ ਅਰਜ਼ੀ ਦੀ ਪ੍ਰਮਾਣਿਤ ਕਾਪੀ ਮੰਗੀ ਹੈ। ਜੇ ਕੋਈ ਇਜਾਜ਼ਤ ਨਹੀਂ ਲਈ ਗਈ ਸੀ ਤਾਂ ਸਰਕਾਰ ਨੂੰ ਮਸ਼ੀਨਰੀ ਦੀ ਵਰਤੋਂ ਦਾ ਆਧਾਰ ਅਤੇ ਹੁਣ ਤੱਕ ਕੀਤੀ ਕਾਰਵਾਈ ਦਾ ਵੇਰਵਾ ਦੇਣਾ ਪਵੇਗਾ।