ਦੇਸ਼ ਲਈ ਕੁਰਬਾਨੀ ਦੇਣ ਵਾਲੇ ਮੇਜਰ ਬਾਜਵਾ ਵਰਗੇ ਬਹਾਦਰਾ ਅੱਗੇ ਰਾਸ਼ਟਰ ਨਤਮਸਤਕ : ਕਰਨਲ ਵਿਸ਼ਵਨਾਥ
ਦੇਸ਼ ਲਈ ਕੁਰਬਾਨੀ ਕਰਨ ਵਾਲੇ ਮੇਜਰ ਬਾਜਵਾ ਵਰਗੇ ਬਹਾਦਰਾ ਅੱਗੇ ਰਾਸ਼ਟਰ ਨਤਮਸਤਕ: ਕਰਨਲ ਵਿਸ਼ਵਨਾਥ
Publish Date: Mon, 22 Jun 2026 05:58 PM (IST)
Updated Date: Mon, 22 Jun 2026 06:00 PM (IST)

— ਨਮ ਅੱਖਾਂ ਨਾਲ ਕੀਤਾ ਸੈਨਾ ਮੈਡਲ ਵਿਜੇਤਾ ਦੇ ਬਲਿਦਾਨ ਨੂੰ ਨਮਨ ਸਰਬਜੀਤ ਚਾਹਲ, ਪੰਜਾਬੀ ਜਾਗਰਣ ਗੁਰਦਾਸਪੁਰ : ਜੰਮੂ-ਕਸ਼ਮੀਰ ਦੇ ਕੁਲਹਾਮਾ ਖੇਤਰ ਵਿੱਚ ਅਫਗਾਨੀ ਅੱਤਵਾਦੀਆਂ ਨਾਲ ਲੜਦਿਆਂ ਸ਼ਹਾਦਤ ਦਾ ਜਾਮ ਪੀਣ ਵਾਲੇ ਸੈਨਾ ਦੀ 313 ਫੀਲਡ ਰੈਜੀਮੈਂਟ (34 ਆਰਆਰ) ਦੇ ਸੈਨਾ ਮੈਡਲ ਵਿਜੇਤਾ ਮੇਜਰ ਬਲਵਿੰਦਰ ਸਿੰਘ ਬਾਜਵਾ ਦਾ 26ਵਾਂ ਬਲਿਦਾਨ ਦਿਵਸ ਸ਼ਹੀਦ ਦੇ ਨਾਂ ਤੇ ਬਣੇ ਮੇਜਰ ਬੀਐੱਸ ਬਾਜਵਾ ਮੈਮੋਰੀਅਲ ਪਾਰਕ ਵਿੱਚ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰਿਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਇਸ ਮੌਕੇ ਸ਼ਹੀਦ ਦੇ ਭਰਾ ਤੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਰਿਟਾਇਰਡ ਡਿਪਟੀ ਡਾਇਰੈਕਟਰ ਕਰਨਲ ਪੀਐੱਸ ਬਾਜਵਾ, ਚਾਚਾ ਹੋਮਗਾਰਡ ਦੇ ਰਿਟਾਇਰਡ ਜ਼ਿਲ੍ਹਾ ਕਮਾਂਡੈਂਟ ਹਰਦੀਪ ਸਿੰਘ ਬਾਜਵਾ, ਸੱਸ ਜਸਬੀਰ ਕੌਰ, ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ (ਅਸ਼ੋਕ ਚੱਕਰ) ਦੇ ਪਿਤਾ ਕੈਪਟਨ ਜੋਗਿੰਦਰ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਕੇ ਮੇਜਰ ਬੀਐੱਸ ਬਾਜਵਾ ਨੂੰ ਸ਼ਰਧਾਂਜਲੀ ਭੇਟ ਕੀਤੀ। ਸ਼ਰਧਾਂਜਲੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਕਰਨਲ ਵਿਸ਼ਵਨਾਥ ਸੀਜੀ ਨੇ ਕਿਹਾ ਕਿ ਮੇਜਰ ਬਲਵਿੰਦਰ ਸਿੰਘ ਬਾਜਵਾ ਦੇ ਰਗ-ਰਗ ਵਿੱਚ ਦੇਸ਼ਭਗਤੀ ਦਾ ਜੋਸ਼ ਭਰਿਆ ਪਿਆ ਸੀ, ਜਿਨ੍ਹਾਂ ਨੇ ਦੇਸ਼ ਦੇ ਆਉਣ ਵਾਲੇ ਕੱਲ ਲਈ ਆਪਣਾ ਅੱਜ ਕੁਰਬਾਨ ਕਰਕੇ ਅਫਗਾਨ ਅੱਤਵਾਦੀਆਂ ਵੱਲੋਂ ਹਾਈਜੈਕ ਕੀਤੀ ਬੱਸ ਵਿੱਚ ਮੌਜੂਦ ਕਈ ਨਿਰਦੋਸ਼ ਯਾਤਰੀਆਂ ਦੀਆਂ ਜਾਨਾਂ ਬਚਾਉਂਦਿਆਂ ਆਪਣਾ ਬਲਿਦਾਨ ਦੇ ਦਿੱਤਾ। ਅਜਿਹੇ ਜਾਂਬਾਜ਼ਾਂ ਦੇ ਸ਼ੌਰੀ ਅੱਗੇ ਸਮੂਚਾ ਰਾਸ਼ਟਰ ਨਤਮਸਤਕ ਹੈ, ਜਿਨ੍ਹਾਂ ਨੇ ਆਪਣਾ ਬਲਿਦਾਨ ਦੇ ਕੇ ਦੇਸ਼ ਦੇ ਇਤਿਹਾਸ ਵਿੱਚ ਵਿਲੱਖਣ ਸਥਾਨ ਬਣਾ ਲਿਆ। ਕੁੰਵਰ ਰਵਿੰਦਰ ਸਿੰਘ ਵਿੱਕੀ ਨੇ ਕਿਹਾ ਕਿ ਭਾਵੇਂ ਮੇਜਰ ਬਲਵਿੰਦਰ ਸਿੰਘ ਬਾਜਵਾ ਨੂੰ ਸ਼ਹੀਦ ਹੋਏ 26 ਸਾਲ ਹੋ ਚੁੱਕੇ ਹਨ, ਪਰ ਉਨ੍ਹਾਂ ਦੀ ਯਾਦ ਵਿੱਚ ਯਾਦਗਾਰੀ ਗੇਟ ਬਣਨ ਵਿੱਚ 22 ਸਾਲ ਲੱਗ ਗਏ। ਪਰ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਚਾਰ ਸਾਲ ਪਹਿਲਾਂ ਸ਼ਹੀਦ ਮੇਜਰ ਬੀਐੱਸ ਮੈਮੋਰੀਅਲ ਪਾਰਕ ਦੇ ਪ੍ਰਵੇਸ਼ ਦੁਆਰ ਤੇ ਬਣੇ ਗੇਟ ਤੇ ਅਜੇ ਤੱਕ ਸ਼ਹੀਦ ਦਾ ਨਾਂ ਨਹੀਂ ਲਿਖਿਆ ਗਿਆ। ਵਿੱਕੀ ਨੇ ਕਿਹਾ ਕਿ ਇਹੀ ਨਹੀਂ, ਇਸ ਪਾਰਕ ਵਿੱਚ 12 ਸਾਲ ਪਹਿਲਾਂ ਮੇਜਰ ਬਾਜਵਾ ਦੇ ਪਰਿਵਾਰਕ ਮੈਂਬਰਾਂ ਨੇ ਆਪਣੇ ਖਰਚੇ ਤੇ ਉਨ੍ਹਾਂ ਦੀ ਪ੍ਰਤਿਮਾ ਲਗਵਾਈ ਸੀ ਅਤੇ ਉਨ੍ਹਾਂ ਦੀ ਪਤਨੀ ਆਬਕਾਰੀ ਵਿਭਾਗ ਦੀ ਕਮਿਸ਼ਨਰ ਰਾਜਵਿੰਦਰ ਕੌਰ ਬਾਜਵਾ ਤੇ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰਿਸ਼ਦ ਦੇ ਮੈਂਬਰਾਂ ਦੇ ਉਪਰਾਲਿਆਂ ਸਦਕਾ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਪਾਰਕ ਦਾ ਨਾਂ, ਜੋ ਪਹਿਲਾਂ ਫਿਸ਼ ਪਾਰਕ ਵਜੋਂ ਜਾਣਿਆ ਜਾਂਦਾ ਸੀ, ਬਦਲ ਕੇ ਸ਼ਹੀਦ ਮੇਜਰ ਬਲਵਿੰਦਰ ਸਿੰਘ ਬਾਜਵਾ (ਸੈਨਾ ਮੈਡਲ) ਦੇ ਨਾਂ ਤੇ ਰੱਖ ਦਿੱਤਾ। ਪਰ ਅਫ਼ਸੋਸ ਕਿ ਅੱਜ ਵੀ ਲੋਕ ਇਸ ਪਾਰਕ ਨੂੰ ਇਸਦੇ ਪੁਰਾਣੇ ਨਾਂ ਫਿਸ਼ ਪਾਰਕ ਨਾਲ ਜਾਣਦੇ ਹਨ, ਜਿਸ ਨਾਲ ਸ਼ਹੀਦ ਪਰਿਵਾਰ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਇਸ ਲਈ ਸਰਕਾਰ ਅਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਕੁਝ ਅਜਿਹਾ ਉਪਰਾਲਾ ਕਰੇ ਕਿ ਲੋਕ ਇਸ ਪਾਰਕ ਦਾ ਪੁਰਾਣਾ ਨਾਂ ਭੁੱਲ ਕੇ ਇਸਨੂੰ ਮੇਜਰ ਬਲਵਿੰਦਰ ਸਿੰਘ ਬਾਜਵਾ ਮੈਮੋਰੀਅਲ ਪਾਰਕ ਦੇ ਨਾਂ ਨਾਲ ਜਾਣਨ। ਇਸ ਮੌਕੇ ਮੁੱਖ ਮਹਿਮਾਨ ਕਰਨਲ ਵਿਸ਼ਵਨਾਥ ਵੱਲੋਂ ਸ਼ਹੀਦ ਦੇ ਪਰਿਜਨਾਂ ਸਮੇਤ ਪੰਜ ਹੋਰ ਸ਼ਹੀਦ ਪਰਿਵਾਰਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੂਬੇਦਾਰ ਸਤਿੰਦਰ ਸਿੰਘ, ਇੰਸਪੈਕਟਰ ਸਤਨਾਮ ਸਿੰਘ, ਹਵਲਦਾਰ ਸੰਜੇ, ਪਵਨ ਚੌਹਾਨ, ਕਰਮਜੀਤ ਸਿੰਘ, ਹਰਕੰਵਲ ਸਿੰਘ, ਅਸ਼ਵਨੀ ਕੁਮਾਰ ਆਦਿ ਹਾਜ਼ਰ ਸਨ।