ਸਫ਼ਾਈ ਮੁਲਾਜ਼ਮਾਂ ਦੀ ਹੜਤਾਲ ਜਾਰੀ, 150 ਟਨ ਕੂੜੇ ਨਾਲ ਘੁੱਟ ਰਿਹਾ ਸ਼ਹਿਰ ਦਾ ਦਮ ਨਗਰ ਕੌਂਸਲ ਮੁਲਾਜ਼ਮਾਂ ਦੀ ਹੜਤਾਲ ਜਾਰੀ, 150 ਟਨ ਕੂੜੇ ਨਾਲ ਘੁੱਟ ਰਿਹਾ ਸ਼ਹਿਰ ਦਾ ਦਮ
Publish Date: Sun, 12 Jul 2026 03:46 PM (IST)
Updated Date: Sun, 12 Jul 2026 03:48 PM (IST)
ਕੂੜੇ ਤੋਂ ਫੈਲ ਰਹੀ ਬਦਬੂ, ਕਰਮਚਾਰੀ ਮੰਗਾਂ ’ਤੇ ਅੜੇ, ਸਫ਼ਾਈ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ : ਸ਼ਹਿਰ ਦੀ ਸਫ਼ਾਈ ਵਿਵਸਥਾ ਪੂਰੀ ਤਰ੍ਹਾਂ ਵਿਗੜ ਗਈ ਹੈ। ਨਗਰ ਕੌਂਸਲ ਦੇ ਸਫ਼ਾਈ ਮੁਲਾਜ਼ਮਾਂ ਦੀ ਹੜਤਾਲ ਐਤਵਾਰ ਨੂੰ ਪੰਜਵੇਂ ਦਿਨ ਵਿੱਚ ਪ੍ਰਵੇਸ਼ ਕਰ ਗਈ ਜਿਸ ਕਾਰਨ ਆਮ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਪੰਜ ਦਿਨਾਂ ਤੋਂ ਕੂੜਾ ਨਾ ਚੁੱਕਣ ਕਾਰਨ ਸ਼ਹਿਰ ਦੀਆਂ ਗਲੀਆਂ, ਚੌਰਾਹੇ ਅਤੇ ਮੁੱਖ ਮਾਰਗ ਕੂੜੇ ਦੇ ਵਿਸ਼ਾਲ ਢੇਰਾਂ ਵਿੱਚ ਤਬਦੀਲ ਹੋ ਗਏ ਹਨ। ਹਾਲਾਤ ਇੰਨੇ ਮਾੜੇ ਹੋ ਗਏ ਹਨ ਕਿ ਸ਼ਹਿਰਵਾਸੀਆਂ ਨੂੰ ਸਾਹ ਲੈਣਾ ਮੁਸ਼ਕਲ ਹੋ ਰਿਹਾ ਹੈ ਅਤੇ ਬੀਮਾਰੀਆਂ ਦਾ ਖ਼ਤਰਾ ਮੰਡਰਾਉਣ ਲੱਗ ਪਿਆ ਹੈ। ਸ਼ਹਿਰ ਤੋਂ ਰੋਜ਼ਾਨਾ ਕਰੀਬ 30 ਟਨ ਕੂੜਾ ਨਿਕਲਦਾ ਹੈ। ਪੰਜ ਦਿਨਾਂ ਦੀ ਇਸ ਲੰਮੀ ਹੜਤਾਲ ਮਗਰੋਂ ਇਹ ਅੰਕੜਾ 150 ਟਨ ਤੱਕ ਪਹੁੰਚ ਗਿਆ ਹੈ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਕੂੜੇ ਦੇ ਪਹਾੜ ਵਰਗੇ ਢੇਰ ਲੱਗ ਗਏ ਹਨ। ਤੇਜ਼ ਗਰਮੀ ਕਾਰਨ ਇਸ ਕੂੜੇ ਤੋਂ ਇੰਨੀ ਭਿਆਨਕ ਬਦਬੂ ਆ ਰਹੀ ਹੈ ਕਿ ਲੋਕਾਂ ਦਾ ਸੜਕਾਂ ’ਤੇ ਚੱਲਣਾ ਦੁਭਰ ਹੋ ਗਿਆ ਹੈ। ਉੱਥੇ ਹੀ ਐਤਵਾਰ ਨੂੰ ਹੋਈ ਵਰਖਾ ਨੇ ਸਥਿਤੀ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਵਰਖਾ ਦੇ ਪਾਣੀ ਵਿੱਚ ਭਿੱਜ ਕੇ ਕੂੜਾ ਜਲਦੀ ਸੜਨ ਲੱਗ ਗਿਆ ਹੈ ਜਿਸ ਨਾਲ ਮੱਖੀਆਂ ਤੇ ਮੱਛਰਾਂ ਦੀ ਗਿਣਤੀ ’ਚ ਅਚਾਨਕ ਵਾਧਾ ਹੋ ਗਿਆ ਹੈ। ਇਸ ਕੂੜੇ ਦੇ ਢੇਰ ਤੋਂ ਡੈਂਗੂ, ਮਲੇਰੀਆ, ਚਿਕਨਗੁਨੀਆ ਤੇ ਗੈਸਟ੍ਰੋਇੰਟੈਸਟਾਈਨਲ ਬੀਮਾਰੀਆਂ ਫੈਲਣ ਦਾ ਗੰਭੀਰ ਖ਼ਤਰਾ ਪੈਦਾ ਹੋ ਗਿਆ ਹੈ। ਬਜ਼ਾਰਾਂ ’ਚ ਕੂੜੇ ਦੇ ਢੇਰ ਲੱਗਣ ਕਾਰਨ ਦੁਕਾਨਦਾਰਾਂ ਦਾ ਕੰਮ-ਧੰਦਾ ਠੱਪ ਹੋ ਗਿਆ ਹੈ ਕਿਉਂਕਿ ਗਾਹਕ ਬਦਬੂ ਕਾਰਨ ਦੂਰੋਂ ਹੀ ਮੂੰਹ ਮੋੜ ਲੈਂਦੇ ਹਨ। ਰਿਹਾਇਸ਼ੀ ਇਲਾਕਿਆਂ ਦੇ ਲੋਕ ਪਲਾਸਟਿਕ ਦੀਆਂ ਥੈਲੀਆਂ ’ਚ ਕੂੜਾ ਭਰ ਕੇ ਦੂਰ ਸੁੱਟਣ ਲਈ ਮਜਬੂਰ ਹਨ ਪਰ ਜਗ੍ਹਾ ਹੀ ਨਹੀਂ ਮਿਲ ਰਹੀ। ਲੋਕਾਂ ਦਾ ਕਹਿਣਾ ਹੈ ਕਿ ਕੋਈ ਸੁਣਵਾਈ ਨਹੀਂ ਹੋ ਰਹੀ। ਬੱਚੇ ਸਕੂਲ ਜਾਣ ਤੋਂ ਡਰਦੇ ਹਨ ਤੇ ਬਜ਼ੁਰਗਾਂ ਨੂੰ ਸਾਹ ਲੈਣ ’ਚ ਤਕਲੀਫ਼ ਹੋ ਰਹੀ ਹੈ। ਇਸ ਗੰਭੀਰ ਸੰਕਟ ਦੇ ਬਾਵਜੂਦ ਨਗਰ ਕੌਂਸਲ ਪ੍ਰਸ਼ਾਸਨ ਕੁਝ ਨਹੀਂ ਕਰ ਸਕ ਰਿਹਾ। ਸਿਹਤ ਮਾਹਿਰਾਂ ਨੇ ਇਸ ਸਥਿਤੀ ਨੂੰ ਲੈ ਕੇ ਗੰਭੀਰ ਚਿਤਾਵਨੀ ਦਿੱਤੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਆਉਣ ਵਾਲੇ ਦਿਨਾਂ ’ਚ ਕੂੜਾ ਨਹੀਂ ਚੁੱਕਿਆ ਗਿਆ ਤਾਂ ਇਹ ਸ਼ਹਿਰ ਵਿੱਚ ਬੀਮਾਰੀ ਫੈਲਾ ਸਕਦੀ ਹੈ। ਗਰਮੀ ਅਤੇ ਨਮੀ ਦੇ ਇਸ ਮੌਸਮ ਵਿੱਚ ਕੂੜੇ ’ਚ ਮੌਜੂਦ ਸੂਖਮ-ਜੀਵ ਬਹੁਤ ਤੇਜ਼ੀ ਨਾਲ ਵਧਦੇ ਹਨ, ਜਿਸ ਨਾਲ ਹੈਜ਼ਾ ਤੇ ਟਾਈਫਾਈਡ ਵਰਗੀਆਂ ਮਹਾਂਮਾਰੀਆਂ ਫੈਲ ਸਕਦੀਆਂ ਹਨ। ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸੇ ਵੀ ਕੀਮਤ ’ਤੇ ਕਰਮਚਾਰੀਆਂ ਦੀਆਂ ਮੰਗਾਂ ’ਤੇ ਵਿਚਾਰ ਕੀਤਾ ਜਾਵੇ ਅਤੇ ਸਫ਼ਾਈ ਵਿਵਸਥਾ ਬਹਾਲ ਕੀਤੀ ਜਾਵੇ। ਹੜਤਾਲ ਕਾਰਨ ਪੈਦਾ ਹੋਇਆ ਕੂੜਾ ਸੰਕਟ ਹੁਣ ਗੰਭੀਰ ਮੁੱਦਾ ਬਣ ਗਿਆ ਹੈ। ਜਿੱਥੇ ਇਕ ਪਾਸੇ ਕਰਮਚਾਰੀ ਆਪਣੇ ਅਧਿਕਾਰਾਂ ਲਈ ਜੱਦੋ-ਜਹਿਦ ਕਰ ਰਹੇ ਹਨ, ਉੱਥੇ ਦੂਜੇ ਪਾਸੇ ਆਮ ਲੋਕ ਬੀਮਾਰੀ ਤੇ ਬਦਬੂ ਦੇ ਵਿਚਕਾਰ ਜੀਉਣ ਲਈ ਮਜਬੂਰ ਹਨ। ਹੁਣ ਲੋੜ ਹੈ ਕਿ ਸਰਕਾਰ ਗੰਭੀਰਤਾ ਦਿਖਾਏ ਅਤੇ ਲੋਕਾਂ ਦੇ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਹੜਤਾਲ ਖ਼ਤਮ ਕਰਵਾਈ ਜਾਵੇ, ਨਹੀਂ ਤਾਂ ਆਉਣ ਵਾਲੇ ਦਿਨ ਸ਼ਹਿਰ ਲਈ ਕਿਸੇ ਵੱਡੀ ਆਫ਼ਤ ਤੋਂ ਘੱਟ ਨਹੀਂ ਹੋਣਗੇ। --------------- ਇਹ ਹਨ ਮੁਲਾਜ਼ਮਾਂ ਦੀਆਂ ਮੰਗਾਂ ਹੜਤਾਲ ’ਤੇ ਸਫ਼ਾਈ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਰਕਾਰ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਹੜਤਾਲ ਜਾਰੀ ਰਹੇਗੀ। ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਮਨੀਸ਼ ਗਿੱਲ ਨੇ ਦੱਸਿਆ ਕਿ ਪੂਰੇ ਪੰਜਾਬ ਵਿੱਚ ਸਫ਼ਾਈ ਸੇਵਕ ਯੂਨੀਅਨ ਪੰਜਾਬ ਦੀ ਪ੍ਰਾਂਤਿਕ ਕਮੇਟੀ ਦੇ ਸੱਦੇ ਤੇ ਸਾਰੇ ਸਫ਼ਾਈ ਕਰਮਚਾਰੀ ਕੰਮ ਛੱਡ ਕੇ ਹੜਤਾਲ ਤੇ ਚਲੇ ਗਏ ਹਨ ਅਤੇ ਇਹ ਹੜਤਾਲ ਅਣਮਿੱਥੇ ਸਮੇਂ ਲਈ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਸਫ਼ਾਈ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਨਹੀਂ ਮੰਨ ਲਈਆਂ ਜਾਂਦੀਆਂ। ਯੂਨੀਅਨ ਦੀਆਂ ਮੰਗਾਂ ਵਿੱਚ ਠੇਕਾ ਪ੍ਰਥਾ ਖ਼ਤਮ ਕਰਕੇ ਆਊਟਸੋਰਸ ਰਾਹੀਂ ਕੰਮ ਕਰ ਰਹੇ ਕਰਮਚਾਰੀਆਂ ਨੂੰ ਨਿਯਮਤ ਅਹੁਦਿਆਂ ’ਤੇ ਵਿਭਾਗ ਅਧੀਨ ਲਿਆਉਣਾ, ਦਸ ਸਾਲ ਦੀ ਨੀਤੀ ਨੂੰ ਰੱਦ ਕਰਕੇ ਚੌਥੀ ਸ਼੍ਰੇਣੀ ਦੇ ਕਰਮਚਾਰੀਆਂ ਨੂੰ ਉਨ੍ਹਾਂ ਦੀ ਸੇਵਾ ਵਿੱਚ ਤਿੰਨ ਸਾਲ ਪੂਰੇ ਹੋਣ ’ਤੇ ਨਿਯਮਤ ਕਰਨਾ, 23-06-2021 ਨੂੰ ਜਾਰੀ ਨੋਟੀਫਿਕੇਸ਼ਨ ਦੇ ਆਧਾਰ ’ਤੇ ਬਾਕੀ ਆਊਟਸੋਰਸ ਕਰਮਚਾਰੀਆਂ ਨੂੰ ਤੁਰੰਤ ਵਿਭਾਗ ਅਧੀਨ ਕਰਨਾ, ਯੂਪੀਐੱਸ ਨੂੰ ਰੱਦ ਕਰਕੇ ਪੁਰਾਣੀ ਪੈਨਸ਼ਨ ਬਹਾਲ ਕਰਨਾ, ਨਗਰ ਕੌਂਸਲਾਂ ਵਿੱਚ ਈਪੀਐੱਫ ਯੋਜਨਾ ਲਾਗੂ ਕਰਨਾ, ਆਰਥਿਕ ਆਧਾਰ ’ਤੇ ਨੌਕਰੀਆਂ ਬਿਨਾਂ ਸ਼ਰਤ ਦੇਣਾ ਆਦਿ ਸ਼ਾਮਲ ਹਨ। ਆਗੂਆਂ ਦਾ ਕਹਿਣਾ ਹੈ ਕਿ ਮੌਜੂਦਾ ਸਰਕਾਰ ਵੱਲੋਂ ਸਫ਼ਾਈ ਕਰਮਚਾਰੀਆਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ ਹੈ, ਜਿਸ ਕਾਰਨ ਸਾਰੇ ਸਫ਼ਾਈ ਕਰਮਚਾਰੀਆਂ ਵਿੱਚ ਰੋਸ ਹੈ। ਉਹ ਆਪਣੀਆਂ ਮੰਗਾਂ ਨੂੰ ਲੈ ਕੇ ਇਸ ਹੜਤਾਲ ਨੂੰ ਜਾਰੀ ਰੱਖਣਗੇ ਅਤੇ ਸਰਕਾਰ ਨੂੰ ਆਪਣੇ ਸੰਘਰਸ਼ ਦੇ ਅੱਗੇ ਝੁੱਕਣ ਲਈ ਮਜਬੂਰ ਕਰਨਗੇ।