ਮਾਵਾਂ-ਧੀਆਂ ਸਤਿਕਾਰ ਯੋਜਨਾ: 25 ਜੂਨ ਤੋਂ ਪਹਿਲਾਂ ਫਾਰਮ ਭਰਨ ਵਾਲੀਆਂ ਕਈ ਮਹਿਲਾਵਾਂ ਨੂੰ ਅਜੇ ਨਹੀਂ ਮਿਲੀ ਰਾਸ਼ੀ, ਸਰਕਾਰ ਨੇ ਦਿੱਤਾ ਵੱਡਾ ਭਰੋਸਾ
ਪੰਜਾਬ ਸਰਕਾਰ ਦੀ 'ਮਾਵਾਂ-ਧੀਆਂ ਸਤਿਕਾਰ ਯੋਜਨਾ' ਤਹਿਤ 25 ਜੂਨ ਤੋਂ ਪਹਿਲਾਂ ਫਾਰਮ ਭਰਨ ਵਾਲੀਆਂ ਕਈ ਮਹਿਲਾਵਾਂ ਨੂੰ ਅਜੇ ਤੱਕ ਰਾਸ਼ੀ ਨਾ ਮਿਲਣ ਕਾਰਨ ਉਨ੍ਹਾਂ ਵਿੱਚ ਨਾਰਾਜ਼ਗੀ ਹੈ। ਜਿੱਥੇ ਕੁਝ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਰਾਸ਼ੀ ਪਹੁੰਚਣ ਨਾਲ ਖੁਸ਼ੀ ਹੈ, ਉੱਥੇ ਵੱਡੀ ਗਿਣਤੀ ਵਿੱਚ ਯੋਗ ਮਹਿਲਾਵਾਂ ਅਜੇ ਵੀ ਉਡੀਕ ਕਰ ਰਹੀਆਂ ਹਨ।
Publish Date: Tue, 07 Jul 2026 09:18 AM (IST)
Updated Date: Tue, 07 Jul 2026 09:21 AM (IST)
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ। ਪੰਜਾਬ ਸਰਕਾਰ ਦੀ 'ਮਾਵਾਂ-ਧੀਆਂ ਸਤਿਕਾਰ ਯੋਜਨਾ' ਤਹਿਤ 25 ਜੂਨ ਤੋਂ ਪਹਿਲਾਂ ਫਾਰਮ ਭਰਨ ਵਾਲੀਆਂ ਕਈ ਮਹਿਲਾਵਾਂ ਨੂੰ ਅਜੇ ਤੱਕ ਰਾਸ਼ੀ ਨਾ ਮਿਲਣ ਕਾਰਨ ਉਨ੍ਹਾਂ ਵਿੱਚ ਨਾਰਾਜ਼ਗੀ ਹੈ। ਜਿੱਥੇ ਕੁਝ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਰਾਸ਼ੀ ਪਹੁੰਚਣ ਨਾਲ ਖੁਸ਼ੀ ਹੈ, ਉੱਥੇ ਵੱਡੀ ਗਿਣਤੀ ਵਿੱਚ ਯੋਗ ਮਹਿਲਾਵਾਂ ਅਜੇ ਵੀ ਉਡੀਕ ਕਰ ਰਹੀਆਂ ਹਨ।
ਵਰਕਰਾਂ ਤੇ ਸਖੀਆਂ ਨੂੰ ਕਰਨਾ ਪੈ ਰਿਹਾ ਲੋਕਾਂ ਦੇ ਰੋਸ ਦਾ ਸਾਹਮਣਾ
ਮਹਿਲਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਜਾਤੀ ਸਰਟੀਫਿਕੇਟ, ਆਧਾਰ ਕਾਰਡ, ਵੋਟਰ ਪਛਾਣ ਪੱਤਰ ਅਤੇ ਬੈਂਕ ਖਾਤਿਆਂ ਸਮੇਤ ਸਾਰੇ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾ ਕੇ 25 ਜੂਨ ਤੋਂ ਪਹਿਲਾਂ ਫਾਰਮ ਆਨਲਾਈਨ ਕਰਵਾ ਦਿੱਤੇ ਸਨ ਪਰ ਰਾਸ਼ੀ ਅਜੇ ਤੱਕ ਨਹੀਂ ਮਿਲੀ। ਇਸ ਕਾਰਨ ਲਾਭਪਾਤਰੀਆਂ ਦਾ ਗੁੱਸਾ ਆਂਗਣਵਾੜੀ ਵਰਕਰਾਂ ਅਤੇ ਸਖੀਆਂ 'ਤੇ ਨਿਕਲ ਰਿਹਾ ਹੈ, ਜਿਨ੍ਹਾਂ ਨੇ ਫਾਰਮ ਅਪਲੋਡ ਕੀਤੇ ਸਨ।
ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਵਰਿੰਦਰ ਕੌਰ ਬਾਜਵਾ ਨੇ ਦੱਸਿਆ ਕਿ ਐਪ 'ਤੇ ਫਾਰਮਾਂ ਦਾ ਸਟੇਟਸ ਵਾਰ-ਵਾਰ 'ਪੈਂਡਿੰਗ', 'ਪ੍ਰੋਸੈਸਿੰਗ' ਅਤੇ 'ਰਿਜੈਕਟ' ਦਿਖਾ ਰਿਹਾ ਹੈ। ਸਰਵਰ ਦੀਆਂ ਤਕਨੀਕੀ ਸਮੱਸਿਆਵਾਂ ਅਤੇ ਵੋਟਰ ਆਈਡੀ ਨਾਲ ਸਬੰਧਤ ਦਿੱਕਤਾਂ ਕਾਰਨ ਵੀ ਕੰਮ ਪ੍ਰਭਾਵਿਤ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ 165 ਫਾਰਮ ਅਪਲੋਡ ਕੀਤੇ ਗਏ ਸਨ ਪਰ ਹੁਣ ਤੱਕ ਸਿਰਫ਼ 80 ਮਹਿਲਾਵਾਂ ਨੂੰ ਹੀ ਰਾਸ਼ੀ ਮਿਲੀ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਸਖੀਆਂ ਅਤੇ ਆਂਗਣਵਾੜੀ ਵਰਕਰਾਂ ਨੂੰ ਉਨ੍ਹਾਂ ਦਾ ਮਿਹਨਤਾਨਾ ਵੀ ਅਜੇ ਤੱਕ ਨਹੀਂ ਦਿੱਤਾ ਗਿਆ।
ਅਗਸਤ ਤੱਕ ਸਾਰੇ ਲਾਭਪਾਤਰੀਆਂ ਨੂੰ ਰਾਸ਼ੀ ਮਿਲ ਜਾਵੇਗੀ : ਡੀਪੀਓ
ਇਸ ਸਬੰਧੀ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਜਸਮੀਤ ਕੌਰ ਨੇ ਕਿਹਾ ਕਿ ਫਾਰਮ ਭਰਨ ਵਾਲੀਆਂ ਸਾਰੀਆਂ ਯੋਗ ਮਹਿਲਾਵਾਂ ਦੇ ਖਾਤਿਆਂ ਵਿੱਚ ਅਗਸਤ ਮਹੀਨੇ ਤੱਕ ਰਾਸ਼ੀ ਪਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਐਪ 'ਤੇ ਦਿਖਾਈ ਦੇ ਰਹੇ ਵੱਖ-ਵੱਖ ਸਟੇਟਸ ਤਕਨੀਕੀ ਕਾਰਨਾਂ ਕਰਕੇ ਹਨ ਅਤੇ ਹਰ ਯੋਗ ਲਾਭਪਾਤਰੀ ਨੂੰ ਯੋਜਨਾ ਦਾ ਲਾਭ ਦਿੱਤਾ ਜਾਵੇਗਾ।