ਅੱਧੀ ਰਾਤ ਨੂੰ ਝੱਖੜ ਤੇ ਮੀਂਹ ਕਾਰਨ ਬਿਜਲੀ ਹੋਈ ਗੁੱਲ
ਅੱਧੀ ਰਾਤ ਨੂੰ ਝੁੱਲੇ ਝੱਖੜ ਅਤੇ ਜ਼ਬਰਦਸਤ ਬਰਸਾਤ ਨਾਲ ਬਿਜਲੀ ਹੋਈ ਗੁੱਲ
Publish Date: Mon, 11 May 2026 05:17 PM (IST)
Updated Date: Mon, 11 May 2026 05:18 PM (IST)

ਸ਼ਾਮ ਤਿਵਾੜੀ, ਪੰਜਾਬੀ ਜਾਗਰਣ ਬਟਾਲਾ: ਬੀਤੀ ਦੇਰ ਰਾਤ ਝੁਲੇ ਤੇਜ਼ ਝੱਖੜ ਅਤੇ ਹੋਈ ਜ਼ਬਰਦਸਤ ਬਰਸਾਤ ਨਾਲ ਜਿੱਥੇ ਬਿਜਲੀ ਸਪਲਾਈ ਪੂਰੀ ਤਰ੍ਹਾਂ ਬੰਦ ਹੋ ਗਈ, ਉੱਥੇ ਨਾਲ ਹੀ ਇਸ ਝੱਖੜ ਨਾਲ ਕਈ ਮੇਨ ਸੜਕਾਂ ’ਤੇ ਰੁੱਖ ਡਿੱਗਣ ਨਾਲ ਆਵਾਜਾਈ ਵੀ ਬੰਦ ਹੋ ਗਈ। ਇੱਥੇ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਬੀਤੀ ਅੱਧੀ ਰਾਤ ਨੂੰ ਸਾਢੇ 12 ਵਜੇ ਦੇ ਕਰੀਬ ਜਿੱਥੇ ਮੌਸਮ ਨੇ ਆਪਣਾ ਕਹਿਰ ਬਰਪਾਉਂਦਿਆਂ ਤੇਜ਼ ਝੱਖੜ ਦਾ ਰੂਪ ਧਾਰਨ ਕਰ ਲਿਆ, ਉੱਥੇ ਨਾਲ ਹੀ ਬਰਸਾਤ ਵੀ ਆਪਣਾ ਰੰਗ ਦਿਖਾਉਣਾ ਪਿੱਛੇ ਨਹੀਂ ਰਹੀ। ਪੂਰੇ ਜ਼ੋਰਾਂ ’ਤੇ ਹੋਈ ਤੇਜ਼ ਤਰਾਰ ਬਰਸਾਤ ਦੇ ਨਾਲ ਨਾਲ ਝੁੱਲੇ ਤੇਜ਼ ਝੱਖੜ ਨੇ ਬਟਾਲਾ ਸ਼ਹਿਰ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਚੋਂ ਲੰਘਦੀਆਂ ਮੇਨ ਰੋਡਾਂ ’ਤੇ ਜਿੱਥੇ ਦਰਖਤ ਡੇਗ ਦਿੱਤੇ, ਉੱਥੇ ਨਾਲ ਹੀ ਬਿਜਲੀ ਸਪਲਾਈ ਵੀ ਕਾਫੀ ਦੇਰ ਤੱਕ ਬੰਦ ਰਹਿਣ ਨਾਲ ਲੋਕਾਂ ਨੂੰ ਭਾਰੀ ਦਿੱਕਤਾਂ ਪੇਸ਼ ਆਈਆਂ। ਹੋਰ ਤਾਂ ਹੋਰ ਇਸ ਝੱਖੜ ਕਾਰਨ ਟੈਲੀਫੋਨ ਦੀਆਂ ਤਾਰਾਂ ਟੁੱਟਣ ਕਰਕੇ ਇੰਟਰਨੈਟ ਸੇਵਾਵਾਂ ਵੀ ਪ੍ਰਭਾਵਿਤ ਹੋ ਗਈਆਂ ਕਿਉਂਕਿ ਇਹ ਝੱਖੜ ਅਤੇ ਬਰਸਾਤ ਇੰਨੀ ਜ਼ਬਰਦਸਤੀ ਸੀ ਕਿ ਹਰ ਕੋਈ ਇਸ ਨੂੰ ਦੇਖ ਕੇ ਠਠੰਬਰ ਗਿਆ। ਹੋ ਸਕਦਾ ਹੈ ਕਿ ਇਸ ਬਰਸਾਤ ਨੇ ਆਪਣਾ ਕਹਿਰ ਕਈ ਗਰੀਬਾਂ ਦੇ ਕੱਚੇ ਘਰਾਂ ’ਤੇ ਵੀ ਵਰਾਇਆ ਹੋਵੇ, ਜਿਸ ਨਾਲ ਉਹਨਾਂ ਗਰੀਬਾਂ ਦੇ ਘਰਾਂ ਦੀ ਛੱਤਾਂ ਡਿੱਗ ਗਈਆਂ ਹੋਣ, ਪਰ ਫਿਲਹਾਲ ਅਜਿਹਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਉਧਰ ਇਹ ਵੀ ਦੱਸਦੇ ਚੱਲੀਏ ਕਿ ਇਹ ਝੁੱਲੇ ਝੱਖੜ ਕਾਰਨ ਜਿੱਥੇ ਲੋਕਾਂ ਦੀਆਂ ਟੀਨਾਂ ਤੱਕ ਉੱਡ ਗਈਆਂ, ਉੱਥੇ ਨਾਲ ਹੀ ਇਸ ਬਰਸਾਤ ਲੋਕਾਂ ਦਾ ਭਾਰੀ ਮਾਲੀ ਨੁਕਸਾਨ ਕਰਨ ਦੇ ਨਾਲ ਬਿਜਲੀ ਦੇ ਪੋਲ ਵੀ ਡੇਗੇ। ਇਸ ਤੋਂ ਇਲਾਵਾ ਆਮ ਲੋਕਾਂ ’ਚ ਭਾਰੀ ਸਹਿਮ ਵੀ ਦੇਖਣ ਨੂੰ ਮਿਲਿਆ। ਟੁੱਟੇ ਦਰੱਖਤਾਂ ਦੇ ਸੜਕਾਂ ਤੇ ਡਿੱਗਣ ਨਾਲ ਆਵਾਜਾਈ ਜਿੱਥੇ ਰੁਕ ਪਈ ਦਿਖਾਈ ਦਿੱਤੀ, ਉਥੇ ਨਾਲ ਹੀ ਸਵੇਰ ਤੱਕ ਇਹ ਦਰਖਤ ਸੜਕਾਂ ਦੇ ਡਿੱਗੇ ਨਜ਼ਰ ਆਏ।