- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹੇ ਦੀਆਂ 29 ਥਾਵਾਂ 'ਤੇ ਮਨਾਇਆ ਅੰਤਰਰਾਸ਼ਟਰੀ ਯੋਗ ਦਿਵਸ, 20 ਹਜ਼ਾਰ ਲੋਕਾਂ ਨੇ ਲਿਆ ਭਾਗ

- ਜਿਮਨੇਜ਼ੀਅਮ ਹਾਲ ਵਿੱਚ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ, ਯੋਗ ਦੇ ਲਾਭਾਂ ਬਾਰੇ ਦਿੱਤੀ ਜਾਣਕਾਰੀ
ਸਰਬਜੀਤ ਚਾਹਲ, ਪੰਜਾਬੀ ਜਾਗਰਣ
ਗੁਰਦਾਸਪੁਰ : ਜ਼ਿਲ੍ਹੇ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਐਤਵਾਰ ਨੂੰ ਬੜੇ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਇਸ ਦੌਰਾਨ ਜ਼ਿਲ੍ਹੇ ਵਿੱਚ 29 ਥਾਵਾਂ ’ਤੇ ਯੋਗ ਸ਼ਿਵਿਰ ਲਗਾਏ ਗਏ ਜਿਨ੍ਹਾਂ ਵਿੱਚ ਕਰੀਬ 20 ਹਜ਼ਾਰ ਲੋਕਾਂ ਨੇ ਹਿੱਸਾ ਲਿਆ। ਜ਼ਿਲ੍ਹਾ ਪੱਧਰੀ ਸਮਾਗਮ ਨਿਊ ਜਿਮਨੇਜ਼ੀਅਮ ਹਾਲ ਗੁਰਦਾਸਪੁਰ ਵਿੱਚ ਆਯੋਜਿਤ ਕੀਤਾ ਗਿਆ। ਯੋਗ ਦਿਵਸ ਦੇ ਮੌਕੇ ’ਤੇ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਵਿਦਿਆਰਥੀਆਂ, ਖਿਡਾਰੀਆਂ ਅਤੇ ਵੱਡੀ ਗਿਣਤੀ ਵਿੱਚ ਆਮ ਲੋਕਾਂ ਨੇ ਵੀ ਸ਼ਿਰਕਤ ਕੀਤੀ। ਸ਼ਹਿਰ ਦੇ ਫਿਸ਼ ਪਾਰਕ, ਡੀਏਵੀ ਸਕੂਲ, ਮੋਹਿਨੀ ਮੰਦਿਰ ਗਾਂਧੀ ਗਰਾਊਂਡ ਧਾਰੀਵਾਲ, ਸ਼ਿਵ ਮੰਦਿਰ ਪਾਰਕ ਕਲਾਨੌਰ ਅਤੇ ਸ਼੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਡੇਰਾ ਬਾਬਾ ਨਾਨਕ ਵਿੱਚ ਵੀ ਯੋਗ ਦਿਵਸ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤੇ ਗਏ। ਆਯੁਰਵੇਦ ਡਾਇਰੈਕਟੋਰੇਟ ਪੰਜਾਬ ਵੱਲੋਂ ਆਯੁਸ਼ ਮੰਤਰਾਲੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਦੇ ਸਹਿਯੋਗ ਨਾਲ ਜ਼ਿਲ੍ਹਾ ਪੱਧਰੀ ਯੋਗ ਦਿਵਸ ਸਮਾਰੋਹ ਜਿਮਨੇਜ਼ੀਅਮ ਹਾਲ ਗੁਰਦਾਸਪੁਰ ਵਿੱਚ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ 'ਤੇ ਹਲਕਾ ਗੁਰਦਾਸਪੁਰ ਦੇ ਇੰਚਾਰਜ ਰਮਨ ਬਹਿਲ, ਸਹਾਇਕ ਕਮਿਸ਼ਨਰ (ਜ) ਗੁਰਦਾਸਪੁਰ ਕੁਲਦੀਪ ਚੰਦ, ਐੱਸਡੀਐੱਮ ਗੁਰਦਾਸਪੁਰ ਅਸ਼ੋਕ ਕੁਮਾਰ, ਆਯੁਰਵੈਦਿਕ ਵਿਭਾਗ ਗੁਰਦਾਸਪੁਰ ਦੀ ਨੋਡਲ ਅਧਿਕਾਰੀ ਡਾ. ਸੀਮਾ ਗਰੇਵਾਲ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ, ਖਿਡਾਰੀ ਅਤੇ ਲੋਕ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।
ਇਸ ਮੌਕੇ ਰਮਨ ਬਹਿਲ ਨੇ ਗੁਰਦਾਸਪੁਰ ਵਾਸੀਆਂ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਯੋਗ ਸਿਰਫ਼ ਕਸਰਤ ਨਹੀਂ, ਸਗੋਂ ਸਿਹਤਮੰਦ ਅਤੇ ਸੰਤੁਲਿਤ ਜੀਵਨ ਦਾ ਮਾਰਗ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਯੋਗ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰਾਜ ਸਰਕਾਰ ਵੱਲੋਂ 'ਸੀਐੱਮ ਦੀ ਯੋਗਸ਼ਾਲਾ' ਅਧੀਨ ਹਰ ਮੁਹੱਲੇ ਅਤੇ ਪਿੰਡ-ਪਿੰਡ ਵਿੱਚ ਯੋਗ ਦੀਆਂ ਮੁਫ਼ਤ ਕਲਾਸਾਂ ਲਗਾਈਆਂ ਜਾ ਰਹੀਆਂ ਹਨ, ਜਿਸ ਲਈ ਸਰਕਾਰ ਨੇ ਮਾਹਰ ਯੋਗ ਪ੍ਰਸ਼ਿਕਸ਼ਕਾਂ ਦੀ ਭਰਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਦੇਸ਼ ਭਰ ਵਿੱਚ ਹਜ਼ਾਰਾਂ ਲੋਕ ਰੋਜ਼ਾਨਾ ਇਨ੍ਹਾਂ ਯੋਗ ਕਲਾਸਾਂ ਦਾ ਲਾਭ ਲੈ ਰਹੇ ਹਨ। ਉਨ੍ਹਾਂ ਅੰਤਰਰਾਸ਼ਟਰੀ ਯੋਗ ਦਿਵਸ ਨਾਲ ਸਬੰਧਤ ਵਿਸ਼ੇਸ਼ ਪ੍ਰੋਗਰਾਮ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਸ਼ਲਾਘਾ ਵੀ ਕੀਤੀ।
ਇਸੇ ਦੌਰਾਨ, ਅੰਤਰਰਾਸ਼ਟਰੀ ਯੋਗ ਦਿਵਸ ਦੀ ਮਹੱਤਤਾ 'ਤੇ ਰੌਸ਼ਨੀ ਪਾਉਂਦਿਆਂ ਸਹਾਇਕ ਕਮਿਸ਼ਨਰ (ਜ) ਗੁਰਦਾਸਪੁਰ ਕੁਲਦੀਪ ਚੰਦ ਨੇ ਕਿਹਾ ਕਿ ਡੀਸੀ ਆਦਿਤਿਆ ਉੱਪਲ ਦੀ ਅਗਵਾਈ ਵਿੱਚ ਪੂਰੇ ਜ਼ਿਲ੍ਹੇ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਉਨ੍ਹਾਂ ਕਿਹਾ ਕਿ ਯੋਗ ਸਾਡੀ ਪ੍ਰਾਚੀਨ ਪਰੰਪਰਾ ਦੀ ਅਨਮੋਲ ਦੇਣ ਹੈ। ਉਨ੍ਹਾਂ ਕਿਹਾ ਕਿ ਯੋਗ ਮਨ ਅਤੇ ਸਰੀਰ, ਸੰਜਮ ਅਤੇ ਪੂਰਨਤਾ, ਵਿਅਕਤੀ ਅਤੇ ਕੁਦਰਤ ਦੇ ਵਿਚਕਾਰ ਤਾਲਮੇਲ, ਅਤੇ ਵਿਚਾਰ ਅਤੇ ਕਰਮ ਦੀ ਏਕਤਾ ਨੂੰ ਦਰਸਾਉਂਦਾ ਹੈ, ਜੋ ਸਾਡੀ ਸਿਹਤ ਅਤੇ ਭਲਾਈ ਲਈ ਬਹੁਤ ਕੀਮਤੀ ਹੈ। ਉਨ੍ਹਾਂ ਕਿਹਾ ਕਿ ਯੋਗ ਸਿਰਫ਼ ਅਭਿਆਸ ਹੀ ਨਹੀਂ, ਸਗੋਂ ਆਤਮ-ਖੋਜ ਦੀ ਭਾਵਨਾ ਨੂੰ ਪਛਾਣਨ ਦਾ ਇੱਕ ਉੱਤਮ ਸਾਧਨ ਵੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਪਿੰਡ ਜਾਂ ਸ਼ਹਿਰ ਦੇ ਮੁਹੱਲੇ ਦੇ ਵਸਨੀਕ ਆਪਣੇ ਖੇਤਰ ਵਿੱਚ 'ਸੀ.ਐਮ. ਦੀ ਯੋਗਸ਼ਾਲਾ' ਸ਼ੁਰੂ ਕਰਵਾਉਣਾ ਚਾਹੁੰਦੇ ਹਨ, ਤਾਂ ਉਹ 7669400500 'ਤੇ ਮਿਸ ਕਾਲ ਕਰ ਸਕਦੇ ਹਨ।
ਯੋਗ ਦਿਵਸ ਸਮਾਰੋਹ ਜ਼ਿਲ੍ਹਾ ਗੁਰਦਾਸਪੁਰ ਅਧੀਨ ਗਠਿਤ ਤਿੰਨ-ਮੈਂਬਰੀ ਟੀਮ, ਨੋਡਲ ਅਧਿਕਾਰੀ ਅਤੇ ਯੋਗ ਇੰਚਾਰਜ ਡਾ. ਸੀਮਾ ਗਰੇਵਾਲ (ਸੀਨੀਅਰ ਆਯੁਰਵੈਦਿਕ ਡਾਕਟਰ), ਡਾ. ਨਵਨੀਤ ਸਿੰਘ (ਏਐੱਮਓ) ਅਤੇ ਡਾ. ਰਮਨ ਸਗੋਤਰਾ (ਏਐੱਮਓ) ਦੇ ਆਪਸੀ ਸਹਿਯੋਗ ਨਾਲ ਸਫਲਤਾਪੂਰਵਕ ਸੰਪੰਨ ਹੋਇਆ। ਜ਼ਿਲ੍ਹਾ ਗੁਰਦਾਸਪੁਰ ਅਧੀਨ 12 ਅੰਤਰਰਾਸ਼ਟਰੀ ਯੋਗ ਸਮਾਰੋਹ ਅਤੇ ਯੋਗ ਅਭਿਆਸ ਸਫਲਤਾਪੂਰਵਕ ਆਯੋਜਿਤ ਕੀਤੇ ਗਏ। ਪ੍ਰੋਗਰਾਮ ਤੋਂ ਬਾਅਦ ਉਪਸਥਿਤ ਮਹਾਨੁਭਾਵਾਂ ਲਈ ਜਲਪਾਨ ਦਾ ਪ੍ਰਬੰਧ ਕੀਤਾ ਗਿਆ ਅਤੇ ਉਨ੍ਹਾਂ ਨੂੰ ਪੌਦੇ ਦੇ ਕੇ ਸਨਮਾਨਿਤ ਕੀਤਾ ਗਿਆ। ਡਾ. ਨਵਨੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਸ਼ਿਵਿਰ ਵਿੱਚ ਉਪਸਥਿਤ ਵਿਅਕਤੀਆਂ ਨੂੰ ਯੋਗ ਦੀ ਮਹੱਤਤਾ ਬਾਰੇ ਵਿਸਥਾਰ ਵਿੱਚ ਦੱਸਿਆ ਅਤੇ ਵੱਖ-ਵੱਖ ਯੋਗ ਆਸਣ ਕਰਵਾਏ। ਇਸ ਮੌਕੇ ਰਘਬੀਰ ਸਿੰਘ ਖਾਲਸਾ (ਮੈਂਬਰ, ਇੰਪਰੂਵਮੈਂਟ ਟਰੱਸਟ ਗੁਰਦਾਸਪੁਰ), ਹਿਤੇਸ਼ ਮਹਾਜਨ (ਮੈਂਬਰ, ਇੰਪਰੂਵਮੈਂਟ ਟਰੱਸਟ ਗੁਰਦਾਸਪੁਰ), ਰਾਜਿੰਦਰ ਨੰਦਾ (ਪ੍ਰਧਾਨ, ਟ੍ਰੇਡ ਵਿੰਗ ਹਲਕਾ ਗੁਰਦਾਸਪੁਰ), ਰਾਜਿੰਦਰ ਨੈਅਰ (ਸਮਾਜ ਸੇਵੀ), ਪਰਸ਼ੋਤਮ ਸਿੰਘ (ਜ਼ਿਲ੍ਹਾ ਰੁਜ਼ਗਾਰ ਅਧਿਕਾਰੀ), ਡਾ. ਰਮੇਸ਼ ਅਤ੍ਰੀ, ਰਾਜੀਵ ਠਾਕੁਰ (ਸਕੱਤਰ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ), ਕੰਵਰਜੀਤ ਰੱਤੜਾ (ਐੱਸਡੀਓ), ਵਿਜੈ ਕੁਮਾਰ (ਅਧੀਕ ਸੂਪ੍ਰਿੰਟੈਂਡੈਂਟ), ਸਵਰਨ ਸਿੰਘ, ਡਾ. ਅਮਿਤ ਕੁਮਾਰ, ਵਿਜੈ ਕੁਮਾਰ (ਡੀਡੀਐੱਮਓ, ਜ਼ਿਲ੍ਹਾ ਮੰਡੀ ਬੋਰਡ), ਪਵਨ ਕੁਮਾਰ (ਸਕੱਤਰ, ਮਾਰਕੀਟ ਕਮੇਟੀ) ਆਦਿ ਹਾਜ਼ਰ ਸਨ।