ਜ਼ਿਲ੍ਹੇ 'ਚ 29 ਥਾਵਾਂ 'ਤੇ ਮਨਾਇਆ ਗਿਆ ਕੌਮਾਂਤਰੀ ਯੋਗ ਦਿਵਸ, ਜਿਮਨੇਜ਼ੀਅਮ ਹਾਲ ਵਿਖੇ ਹੋਇਆ ਜ਼ਿਲ੍ਹਾ ਪੱਧਰੀ ਸਮਾਗਮ
ਜ਼ਿਲ੍ਹੇ 'ਚ ਕੌਮਾਂਤਰੀ ਯੋਗ ਦਿਵਸ ਐਤਵਾਰ ਨੂੰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਜ਼ਿਲ੍ਹੇ ਭਰ 'ਚ 29 ਥਾਵਾਂ 'ਤੇ ਯੋਗ ਕੈਂਪ ਲਗਾਏ ਗਏ, ਜਿਨ੍ਹਾਂ 'ਚ ਲਗਭਗ 20 ਹਜ਼ਾਰ ਲੋਕਾਂ ਨੇ ਹਿੱਸਾ ਲਿਆ। ਜ਼ਿਲ੍ਹਾ ਪੱਧਰੀ ਮੁੱਖ ਸਮਾਗਮ ਨਿਊ ਜਿਮਨੇਜ਼ੀਅਮ ਹਾਲ ਗੁਰਦਾਸਪੁਰ ਵਿਖੇ ਕਰਵਾਇਆ ਗਿਆ।
Publish Date: Sun, 21 Jun 2026 11:09 AM (IST)
Updated Date: Sun, 21 Jun 2026 11:11 AM (IST)

ਜਾਗਰਣ ਸੰਵਾਦਦਾਤਾ, ਗੁਰਦਾਸਪੁਰ : ਜ਼ਿਲ੍ਹੇ 'ਚ ਕੌਮਾਂਤਰੀ ਯੋਗ ਦਿਵਸ ਐਤਵਾਰ ਨੂੰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਜ਼ਿਲ੍ਹੇ ਭਰ 'ਚ 29 ਥਾਵਾਂ 'ਤੇ ਯੋਗ ਕੈਂਪ ਲਗਾਏ ਗਏ, ਜਿਨ੍ਹਾਂ 'ਚ ਲਗਭਗ 20 ਹਜ਼ਾਰ ਲੋਕਾਂ ਨੇ ਹਿੱਸਾ ਲਿਆ। ਜ਼ਿਲ੍ਹਾ ਪੱਧਰੀ ਮੁੱਖ ਸਮਾਗਮ ਨਿਊ ਜਿਮਨੇਜ਼ੀਅਮ ਹਾਲ ਗੁਰਦਾਸਪੁਰ ਵਿਖੇ ਕਰਵਾਇਆ ਗਿਆ।
ਯੋਗ ਦਿਵਸ ਦੇ ਮੌਕੇ 'ਤੇ ਕਰਵਾਏ ਗਏ ਇਸ ਜ਼ਿਲ੍ਹਾ ਪੱਧਰੀ ਸਮਾਗਮ 'ਚ ਵਿਦਿਆਰਥੀਆਂ ਅਤੇ ਖਿਡਾਰੀਆਂ ਸਮੇਤ ਵੱਡੀ ਗਿਣਤੀ 'ਚ ਆਮ ਲੋਕਾਂ ਨੇ ਵੀ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਸ਼ਹਿਰ ਦੇ ਫਿਸ਼ ਪਾਰਕ, ਡੀ.ਏ.ਵੀ. ਸਕੂਲ, ਪੀ.ਐੱਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ, ਪੰਡਿਤ ਮੋਹਨ ਲਾਲ ਐੱਸ.ਡੀ. ਕਾਲਜ ਫ਼ਤਿਹਗੜ੍ਹ ਚੂੜੀਆਂ, ਮੋਹਿਨੀ ਮੰਦਰ ਗਾਂਧੀ ਗਰਾਊਂਡ ਧਾਰੀਵਾਲ, ਸ਼ਿਵ ਮੰਦਰ ਪਾਰਕ ਕਲਾਨੌਰ ਅਤੇ ਸ਼੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਡੇਰਾ ਬਾਬਾ ਨਾਨਕ ਵਿਖੇ ਵੀ ਯੋਗ ਦਿਵਸ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ ਉਲੀਕੇ ਗਏ।
ਬਟਾਲਾ 'ਚ ਦੋ ਡਜ਼ਨ ਦੇ ਕਰੀਬ ਥਾਵਾਂ 'ਤੇ ਲੱਗੇ ਕੈਂਪ
ਬਟਾਲਾ ਸ਼ਹਿਰ 'ਚ ਵੀ ਵੱਖ-ਵੱਖ ਸੰਸਥਾਵਾਂ ਵੱਲੋਂ ਲਗਭਗ ਦੋ ਡਜ਼ਨ ਥਾਵਾਂ 'ਤੇ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ।
ਭਾਰਤੀ ਯੋਗ ਸੰਸਥਾਨ
ਬਟਾਲਾ ਇਕਾਈ ਵੱਲੋਂ ਜ਼ਿਲ੍ਹਾ ਪ੍ਰਧਾਨ ਨਵੀਨ ਕੁਮਾਰ ਦੀ ਅਗਵਾਈ 'ਚ ਹਜ਼ੀਰਾ ਪਾਰਕ ਵਿਖੇ ਸਵੇਰੇ 5:30 ਤੋਂ 7:00 ਵਜੇ ਤੱਕ ਯੋਗ ਅਭਿਆਸ ਕਰਵਾਇਆ ਗਿਆ।
ਆਰਟ ਆਫ਼ ਲਿਵਿੰਗ, ਅਰੋਗਿਆ ਭਾਰਤੀ ਅਤੇ ਫੁੱਟਬਾਲ ਟੀਮ ਜੈਤੋ ਸਰਜਾ
ਇਨ੍ਹਾਂ ਵੱਲੋਂ ਪਿੰਡ ਦੇ ਫੁੱਟਬਾਲ ਮੈਦਾਨ 'ਚ ਯੋਗ ਗੁਰੂ ਸ਼ਕਤੀ ਹੰਡਾ ਅਤੇ ਰਾਸ਼ਟਰੀ ਫੁੱਟਬਾਲ ਚੈਂਪੀਅਨ ਸਿਮਰਨਜੀਤ ਸਿੰਘ ਦੀ ਅਗਵਾਈ ਹੇਠ ਸਵੇਰੇ 5:30 ਤੋਂ 7:00 ਵਜੇ ਤੱਕ ਕੈਂਪ ਲਗਾਇਆ ਗਿਆ।
ਰਾਸ਼ਟਰੀ ਸਵੈਮ ਸੇਵਕ ਸੰਘ
ਆਰ.ਐੱਸ.ਐੱਸ. ਵੱਲੋਂ ਰੋਜ਼ਾਨਾ ਲੱਗਣ ਵਾਲੀਆਂ 12 ਸ਼ਾਖਾਵਾਂ ਦੇ ਸਥਾਨਾਂ 'ਤੇ ਅੰਮ੍ਰਿਤਸਰ ਵਿਭਾਗ ਸੰਚਾਲਕ ਅਰੁਣ ਅਗਰਵਾਲ ਅਤੇ ਜ਼ਿਲ੍ਹਾ ਸੰਘ ਸੰਚਾਲਕ ਕਿਸ਼ਨ ਲਾਲ ਗੁਪਤਾ ਤੇ ਸਾਥੀਆਂ ਦੀ ਅਗਵਾਈ 'ਚ ਸਵੇਰੇ 6:00 ਤੋਂ 7:00 ਵਜੇ ਤੱਕ ਯੋਗ ਕੀਤਾ ਗਿਆ।
ਹੋਰ ਪ੍ਰਮੁੱਖ ਸਥਾਨ
ਸ਼੍ਰੀ ਰਾਮ ਤਲਾਈ ਮੰਦਰ 'ਚ ਵਿਜੇ ਆਨੰਦ ਦੀ ਅਗਵਾਈ ਹੇਠ ਸਵੇਰੇ 6:15 ਤੋਂ 7:15 ਵਜੇ ਤੱਕ, ਪਤੰਜਲੀ ਯੋਗਪੀਠ ਵੱਲੋਂ ਰਾਜ ਲੂਥਰਾ ਦੀ ਅਗਵਾਈ 'ਚ ਗੁਰੂ ਨਾਨਕ ਕਾਲਜ ਦੇ ਮੈਦਾਨ 'ਚ ਸਵੇਰੇ 5:15 ਤੋਂ 6:30 ਵਜੇ ਤੱਕ ਅਤੇ ਸੁਦਰਸ਼ਨ ਸਰਹੀਨ ਦੀ ਅਗਵਾਈ 'ਚ ਵੀਰ ਹਕੀਕਤ ਰਾਏ ਦੀ ਸਮਾਧੀ 'ਤੇ ਯੋਗ ਸੈਸ਼ਨ ਕਰਵਾਏ ਗਏ।
ਸਰਕਾਰੀ ਕਾਲਜ ਗੁਰਦਾਸਪੁਰ 'ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਦਿਵਸ
ਸਰਕਾਰੀ ਕਾਲਜ ਗੁਰਦਾਸਪੁਰ 'ਚ ਕੌਮਾਂਤਰੀ ਯੋਗ ਦਿਵਸ ਪੂਰੀ ਸ਼ਰਧਾ, ਉਤਸ਼ਾਹ ਅਤੇ ਸਮਰਪਣ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਕਾਲਜ ਦੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਨੇ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਭੱਲਾ ਦੀ ਅਗਵਾਈ 'ਚ ਲਗਾਏ ਗਏ ਯੋਗ ਸੈਸ਼ਨ 'ਚ ਹਿੱਸਾ ਲਿਆ ਅਤੇ ਵੱਖ-ਵੱਖ ਆਸਨਾਂ, ਪ੍ਰਾਣਾਯਾਮ ਤੇ ਧਿਆਨ ਕਿਰਿਆਵਾਂ ਦਾ ਅਭਿਆਸ ਕੀਤਾ। ਸਾਰੇ ਭਾਗੀਦਾਰਾਂ ਨੇ ਆਪਣੇ ਤਨ, ਮਨ ਅਤੇ ਆਤਮਾ ਨੂੰ ਸਿਹਤਮੰਦ ਰੱਖਣ ਲਈ ਯੋਗ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਦਾ ਸੰਕਲਪ ਲਿਆ।
ਪ੍ਰੋਗਰਾਮ ਦੌਰਾਨ ਕਾਲਜ ਦੇ ਪ੍ਰੋਫੈਸਰ ਗੁਰਦੀਪ ਸਿੰਘ ਨੇ ਕੌਮਾਂਤਰੀ ਯੋਗ ਦਿਵਸ ਦੇ ਮਹੱਤਵ 'ਤੇ ਵਿਸਤਾਰਪੂਰਵਕ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਯੋਗ ਭਾਰਤ ਦੀ ਪ੍ਰਾਚੀਨ ਅਤੇ ਅਣਮੁੱਲੀ ਦਾਤ ਹੈ, ਜੋ ਸਰੀਰਕ ਸਿਹਤ, ਮਾਨਸਿਕ ਸ਼ਾਂਤੀ ਅਤੇ ਅਧਿਆਤਮਿਕ ਤਰੱਕੀ ਦਾ ਸਭ ਤੋਂ ਵਧੀਆ ਸਾਧਨ ਹੈ। ਇਹ ਮਨੁੱਖ ਨੂੰ ਤਣਾਅ ਤੋਂ ਮੁਕਤੀ ਦਿਵਾਉਣ, ਸਕਾਰਾਤਮਕ ਸੋਚ ਵਿਕਸਿਤ ਕਰਨ ਅਤੇ ਕੁਦਰਤ ਨਾਲ ਜੁੜੇ ਰਹਿਣ ਦੀ ਪ੍ਰੇਰਣਾ ਦਿੰਦਾ ਹੈ। ਉਨ੍ਹਾਂ ਨੇ ਸਟਾਫ਼ ਮੈਂਬਰਾਂ ਨੂੰ ਵੱਖ-ਵੱਖ ਯੋਗ ਕਿਰਿਆਵਾਂ ਦਾ ਅਭਿਆਸ ਕਰਵਾਇਆ ਅਤੇ ਰੋਜ਼ਾਨਾ ਯੋਗ ਕਰਨ ਲਈ ਪ੍ਰੇਰਿਤ ਕੀਤਾ।