- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਨਲਾਈਨ ਹੋਈ ਸੂਬਾ ਪੱਧਰੀ ਮੀਟਿੰਗ ਤੋਂ ਬਾਅਦ ਸੂਬਾ ਆਗੂ ਡਾ. ਪਰਮਜੀਤ ਸਿੰਘ ਕਲਸੀ, ਅਰੁਣ ਕੁਮਾਰ ਅਤੇ ਰਣਬੀਰ ਸਿੰਘ ਸੋਹਲ ਨੇ ਦੱਸਿਆ ਕਿ ਪੰਜਾਬ ਦੇ 1927 ਸੀਨੀਅਰ ਸੈਕੰਡਰੀ ਸਕੂਲਾਂ ਅਤੇ 23 ਜ਼ਿਲ੍ਹਿਆਂ ਦੇ 46 ਡਿਪਟੀ ਡੀਈਓ ਅਹੁਦਿਆਂ ਸਮੇਤ ਕੁੱਲ 1945 ਮਨਜ਼ੂਰਸ਼ੁਦਾ ਅਸਾਮੀਆਂ ਵਿੱਚੋਂ ਲਗਭਗ 1200 ਖਾਲੀ ਹਨ, ਜੋ ਕਰੀਬ 62 ਫ਼ੀਸਦੀ ਬਣਦੀਆਂ ਹਨ।

ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ: ਪੰਜਾਬ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪ੍ਰਿੰਸੀਪਲਾਂ ਦੀਆਂ ਵੱਡੀ ਗਿਣਤੀ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਲੈ ਕੇ ਗੌਰਮਿੰਟ ਸਕੂਲ ਲੈਕਚਰਾਰ ਪ੍ਰਮੋਸ਼ਨ ਫਰੰਟ ਪੰਜਾਬ ਨੇ ਚਿੰਤਾ ਜਤਾਈ ਹੈ। ਜਥੇਬੰਦੀ ਨੇ ਦਾਅਵਾ ਕੀਤਾ ਕਿ ਪ੍ਰਿੰਸੀਪਲਾਂ ਅਤੇ ਡਿਪਟੀ ਡੀਈਓ ਦੀਆਂ ਕਰੀਬ 1200 ਅਸਾਮੀਆਂ ਖਾਲੀ ਹੋਣ ਕਾਰਨ ਸਕੂਲਾਂ ਦੇ ਪ੍ਰਬੰਧਨ ਦੇ ਨਾਲ-ਨਾਲ ਵਿਦਿਆਰਥੀਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੋ ਰਹੀ ਹੈ। ਆਨਲਾਈਨ ਹੋਈ ਸੂਬਾ ਪੱਧਰੀ ਮੀਟਿੰਗ ਤੋਂ ਬਾਅਦ ਸੂਬਾ ਆਗੂ ਡਾ. ਪਰਮਜੀਤ ਸਿੰਘ ਕਲਸੀ, ਅਰੁਣ ਕੁਮਾਰ ਅਤੇ ਰਣਬੀਰ ਸਿੰਘ ਸੋਹਲ ਨੇ ਦੱਸਿਆ ਕਿ ਪੰਜਾਬ ਦੇ 1927 ਸੀਨੀਅਰ ਸੈਕੰਡਰੀ ਸਕੂਲਾਂ ਅਤੇ 23 ਜ਼ਿਲ੍ਹਿਆਂ ਦੇ 46 ਡਿਪਟੀ ਡੀਈਓ ਅਹੁਦਿਆਂ ਸਮੇਤ ਕੁੱਲ 1945 ਮਨਜ਼ੂਰਸ਼ੁਦਾ ਅਸਾਮੀਆਂ ਵਿੱਚੋਂ ਲਗਭਗ 1200 ਖਾਲੀ ਹਨ, ਜੋ ਕਰੀਬ 62 ਫ਼ੀਸਦੀ ਬਣਦੀਆਂ ਹਨ।
ਉਨ੍ਹਾਂ ਕਿਹਾ ਕਿ ਸਾਲ 2022 ਵਿੱਚ 194 ਪ੍ਰਿੰਸੀਪਲਾਂ ਦੀਆਂ ਤਰੱਕੀਆਂ ਹੋਈਆਂ ਸਨ, ਪਰ ਕੇਵਲ 149 ਅਧਿਕਾਰੀਆਂ ਨੇ ਹੀ ਅਹੁਦਾ ਸੰਭਾਲਿਆ। ਇਸ ਤੋਂ ਬਾਅਦ ਕਾਨੂੰਨੀ ਵਿਵਾਦਾਂ ਅਤੇ ਵਿਭਾਗੀ ਕਾਰਵਾਈ ਕਾਰਨ ਤਰੱਕੀਆਂ ਰੁਕ ਗਈਆਂ। ਹੁਣ ਹਾਈ ਕੋਰਟ ਵਿੱਚ ਲੰਬਿਤ ਮਾਮਲਿਆਂ 'ਤੇ ਸਟੇਅ ਖ਼ਤਮ ਹੋ ਚੁੱਕੀ ਹੈ, ਇਸ ਲਈ ਤਰੱਕੀਆਂ ਕਰਨ ਵਿੱਚ ਕੋਈ ਰੁਕਾਵਟ ਨਹੀਂ ਹੈ।
ਜਥੇਬੰਦੀ ਅਨੁਸਾਰ ਪ੍ਰਿੰਸੀਪਲਾਂ ਦੀਆਂ 75 ਫ਼ੀਸਦੀ ਅਸਾਮੀਆਂ ਤਰੱਕੀ ਰਾਹੀਂ ਭਰੀਆਂ ਜਾਣੀਆਂ ਹਨ, ਜਿਨ੍ਹਾਂ ਵਿੱਚ ਲੈਕਚਰਾਰਾਂ, ਹੈੱਡਮਾਸਟਰਾਂ ਅਤੇ ਵੋਕੇਸ਼ਨਲ ਲੈਕਚਰਾਰਾਂ ਲਈ ਵੱਖ-ਵੱਖ ਕੋਟੇ ਨਿਰਧਾਰਤ ਹਨ। ਤਿੰਨਾਂ ਕਾਡਰਾਂ ਦੀ ਸੀਨੀਅਰਤਾ ਸੂਚੀ ਵੀ ਜਾਰੀ ਹੋ ਚੁੱਕੀ ਹੈ ਅਤੇ ਇਸ 'ਤੇ ਕੋਈ ਅਦਾਲਤੀ ਰੋਕ ਨਹੀਂ ਹੈ।
ਫਰੰਟ ਨੇ ਮੁੱਖ ਮੰਤਰੀ ਭਗਵੰਤ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਕੱਤਰ ਸਕੂਲ ਸਿੱਖਿਆ ਸੋਨਾਲੀ ਗਿਰੀ ਨੂੰ ਅਪੀਲ ਕੀਤੀ ਕਿ ਵਿਦਿਆਰਥੀਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਿੰਸੀਪਲਾਂ ਦੀਆਂ ਖਾਲੀ ਅਸਾਮੀਆਂ ਤੁਰੰਤ ਤਰੱਕੀਆਂ ਰਾਹੀਂ ਭਰੀਆਂ ਜਾਣ। ਉਨ੍ਹਾਂ ਕਿਹਾ ਕਿ ਇਸ ਨਾਲ ਲੰਬੇ ਤਜਰਬੇ ਵਾਲੇ ਯੋਗ ਲੈਕਚਰਾਰਾਂ ਨੂੰ ਮੌਕਾ ਮਿਲੇਗਾ ਅਤੇ ਸਕੂਲੀ ਸਿੱਖਿਆ ਪ੍ਰਬੰਧ ਹੋਰ ਮਜ਼ਬੂਤ ਹੋਵੇਗਾ।
ਖਾਲੀ ਅਸਾਮੀਆਂ ਵਾਲੇ ਪ੍ਰਮੁੱਖ ਜ਼ਿਲ੍ਹੇ
ਜਲੰਧਰ – 110
ਲੁਧਿਆਣਾ – 100
ਬਠਿੰਡਾ – 90
ਗੁਰਦਾਸਪੁਰ – 70
ਸੰਗਰੂਰ – 66
ਹੁਸ਼ਿਆਰਪੁਰ – 66
ਮੋਗਾ – 64
ਤਰਨਤਾਰਨ – 61
ਅੰਮ੍ਰਿਤਸਰ – 50
ਐੱਸਬੀਐੱਸ ਨਗਰ – 46