ਸਿਹਤ ਸੇਵਾਵਾਂ ਸਬੰਧੀ ਕੀਤੀ ਵਿਚਾਰ ਚਰਚਾ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਸਿਵਲ ਸਰਜਨ ਦੀ ਪ੍ਰਧਾਨਗੀ ਹੇਠ ਅਹਿਮ ਮੀਟਿੰਗ
Publish Date: Mon, 13 Jul 2026 03:40 PM (IST)
Updated Date: Mon, 13 Jul 2026 03:42 PM (IST)
ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ: ਪੰਜਾਬ ਸਰਕਾਰ ਵੱਲੋਂ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਅਤੇ ਸਿਹਤ ਮੰਤਰੀ ਦੀਆਂ ਹਿਦਾਇਤਾਂ ਅਨੁਸਾਰ ਸਿਵਲ ਸਰਜਨ ਡਾ. ਮਹੇਸ਼ ਕੁਮਾਰ ਪ੍ਰਭਾਕਰ ਦੀ ਪ੍ਰਧਾਨਗੀ ਹੇਠ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਅਤੇ ਪ੍ਰੋਗਰਾਮ ਅਫਸਰਾਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਮੌਕੇ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਅਤੇ ਸਿਹਤ ਪ੍ਰੋਗਰਾਮਾਂ ਨੂੰ ਵਧੀਆ ਢੰਗ ਨਾਲ ਚਲਾਉਣ ਸੰਬੰਧੀ ਵਿਸਤ੍ਰਿਤ ਚਰਚਾ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਗੁਰਦਾਸਪੁਰ ਡਾ. ਮਹੇਸ਼ ਪ੍ਰਭਾਕਰ ਨੇ ਕਿਹਾ ਕਿ ਪਰਿਵਾਰ ਨਿਯੋਜਨ ਸਮੇਂ ਦੀ ਮੰਗ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਮਨਾਏ ਜਾ ਰਹੇ ਵਿਸ਼ਵ ਆਬਾਦੀ ਦਿਵਸ ਦੌਰਾਨ ਸਿਹਤ ਸੰਸਥਾਵਾਂ ਵਿੱਚ ਨਸਬੰਦੀ ਅਤੇ ਨਲਬੰਦੀ ਦੇ ਕੇਸ ਕੀਤੇ ਜਾ ਰਹੇ ਹਨ। ਸਿਹਤ ਮੁਲਾਜ਼ਮਾਂ ਵੱਲੋਂ ਲੋਕਾਂ ਨੂੰ ਪਰਿਵਾਰ ਨਿਯੋਜਨ ਦੇ ਸਾਧਨਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦਿਨੀਂ ਬਰਸਾਤ ਰੁੱਤ ਦੌਰਾਨ ਮੱਛਰ ਜਨਿਤ ਰੋਗ ਫੈਲਣ ਦਾ ਖ਼ਦਸ਼ਾ ਹੈ, ਜਿਸ ਲਈ ਸਿਹਤ ਮੁਲਾਜ਼ਿਮ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਫੀਲਡ ਟੀਮਾਂ ਵੱਲੋਂ ਲਾਰਵਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੱਛਰ ਦੇ ਖਾਤਮੇ ਲਈ ਸਪਰੇਅ ਵੀ ਕੀਤੀ ਜਾ ਰਹੀ ਹੈ। ਮੀਟਿੰਗ ਦੌਰਾਨ ਗਰਭਵਤੀ ਮਹਿਲਾਵਾਂ ਦੀ ਸੰਭਾਲ, ਸੁਰੱਖਿਅਤ ਡਿਲਿਵਰੀ, ਟੀਕਾਕਰਨ ਅਤੇ ਬੱਚਿਆਂ ਦੀ ਪੋਸ਼ਣ ਸਥਿਤੀ, ਮੁੱਖ ਮੰਤਰੀ ਸਿਹਤ ਯੋਜਨਾ, ਏਡਜ਼ ਕੰਟਰੋਲ ਪ੍ਰੋਗਰਾਮ, ਟੀਬੀ ਮੁਹਿੰਮ, ਡੇਂਗੂ ਸੀਜ਼ਨ ਅਤੇ ਹੋਰ ਪ੍ਰੋਗਰਾਮਾਂ ਦੀ ਚਰਚਾ ਵਿਸਥਾਰ ਨਾਲ ਕੀਤੀ ਗਈ। ਸਾਰੇ ਅਧਿਕਾਰੀਆਂ ਅਤੇ ਸਟਾਫ਼ ਨੂੰ ਨਿਰਧਾਰਤ ਟੀਚੇ ਸਮੇਂ ਸਿਰ ਅਤੇ ਪੂਰੀ ਜ਼ਿੰਮੇਵਾਰੀ ਨਾਲ ਪੂਰੇ ਕਰਨ ਲਈ ਸਪਸ਼ਟ ਹਿਦਾਇਤਾਂ ਜਾਰੀ ਕੀਤੀਆਂ ਗਈਆਂ। ਨਾਲ ਹੀ ਸਿਹਤ ਸੇਵਾਵਾਂ ਦੀ ਗੁਣਵੱਤਾ ਅਤੇ ਪਹੁੰਚ ਨੂੰ ਹਰ ਪੱਧਰ ’ਤੇ ਯਕੀਨੀ ਬਣਾਉਣ ਦੀ ਅਪੀਲ ਕੀਤੀ ਗਈ। ਸਿਵਲ ਸਰਜਨ ਨੇ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਰਿਕਾਰਡ ਕੀਪਿੰਗ ਨੂੰ ਠੀਕ ਕਰਨ ਲਈ ਵੀ ਕਿਹਾ। ਸਮੂਹ ਐੱਸਐੱਮਓਜ਼ ਨੂੰ ਨੈਸ਼ਨਲ ਪ੍ਰੋਗਰਾਮਾਂ ਦੀ ਸਮੇਂ-ਸਮੇਂ ਤੇ ਆਪਣੇ ਪੱਧਰ ’ਤੇ ਸਮੀਖਿਆ ਕਰਨ ਲਈ ਕਿਹਾ ਗਿਆ। ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਤੇਜਿੰਦਰ ਕੌਰ, ਸਹਾਇਕ ਸਿਵਲ ਸਰਜਨ ਡਾ. ਪ੍ਰਭਜੋਤ ਕਲਸੀ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਭਾਵਨਾ ਸ਼ਰਮਾ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਰਮੇਸ਼ ਕੁਮਾਰ, ਡੀਡੀਐੱਚਓ ਡਾ. ਵਿਨੋਦ ਭਗਤ, ਜ਼ਿਲ੍ਹਾ ਟੀਬੀ ਅਫ਼ਸਰ ਡਾ. ਸਚੇਤਨ ਅਬਰੋਲ, ਐਪੀਡੀਮੋਲੋਜਿਸਟ ਡਾ. ਵੰਦਨਾ, ਐੱਸਐੱਮਓ ਡਾ. ਰਵਿੰਦਰ ਸਿੰਘ, ਡਾ. ਵਰਿੰਦਰ ਮੋਹਨ, ਡਾ. ਲਲਿਤ ਮੋਹਨ, ਡਾ. ਜਸਵਿੰਦਰ ਸਿੰਘ, ਡਾ. ਅੰਕੁਰ ਕੌਸ਼ਲ, ਡਾ. ਅਮਰਦੀਪ ਸਿੰਘ ਬੈਂਸ, ਡਾ. ਅਨੀਤਾ ਮਹਾਜਨ, ਡਾ. ਸੰਦੀਪ ਸਿੰਘ, ਡਾ. ਪਰਜੀਤ ਕੌਰ, ਡਾ. ਹੇਮ ਲਤਾ, ਡਾ. ਨਵਦੀਪ ਕੌਰ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।