- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਂਗਣਵਾੜੀ ਮੁਲਾਜ਼ਮਾਂ ਦੇ ਬੀਮਾ ਕਵਰੇਜ ਲਈ ਵਿਭਾਗ ਅਤੇ ਜਥੇਬੰਦੀਆਂ ਵਿਚਾਲੇ ਅਹਿਮ ਮੀਟਿੰਗ

ਲਖਬੀਰ ਖੁੰਡਾ, ਪੰਜਾਬੀ ਜਾਗਰਣ
ਧਾਰੀਵਾਲ : ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਪੰਜਾਬ ਦੀਆਂ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਬੀਮਾ ਸੁਰੱਖਿਆ ਦੇ ਘੇਰੇ ਹੇਠ ਲਿਆਉਣ ਦੇ ਮੰਤਵ ਨਾਲ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਆਂਗਨਵਾੜੀ ਮੁਲਾਜ਼ਮਾਂ ਦੀਆਂ ਚਾਰ ਪ੍ਰਮੁੱਖ ਜਥੇਬੰਦੀਆਂ ਵਿਚਾਲੇ ਇੱਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੀ ਅਗਵਾਈ ਵਿਭਾਗ ਦੀ ਡਾਇਰੈਕਟਰ ਡਾ. ਸ਼ੀਨਾ ਅਗਰਵਾਲ ਨੇ ਕੀਤੀ, ਜਦਕਿ ਡਿਪਟੀ ਡਾਇਰੈਕਟਰ ਕੁਲਵਿੰਦਰ ਸਿੰਘ ਅਤੇ ਵੱਖ-ਵੱਖ ਬੈਂਕਾਂ ਦੇ ਉੱਚ ਅਧਿਕਾਰੀ ਵੀ ਹਾਜ਼ਰ ਸਨ।
ਮੀਟਿੰਗ ਵਿੱਚ ਸਰਵ ਆਂਗਨਵਾੜੀ ਵਰਕਰ ਹੈਲਪਰ ਯੂਨੀਅਨ ਪੰਜਾਬ ਦੀ ਸੂਬਾ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ, ਜਨਰਲ ਸਕੱਤਰ ਹਰਪ੍ਰੀਤ ਕੌਰ ਸਿੰਘਪੁਰਾ, ਜ਼ਿਲ੍ਹਾ ਪ੍ਰਧਾਨ ਕੰਵਲਜੀਤ ਕੌਰ ਚਾਹਲ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਬਲਜਿੰਦਰ ਕੌਰ ਸਮੇਤ ਹੋਰ ਜਥੇਬੰਦੀਆਂ ਦੇ ਆਗੂਆਂ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਲਈ ਲਾਈਫ ਇੰਸ਼ੋਰੈਂਸ, ਐਕਸੀਡੈਂਟਲ ਇੰਸ਼ੋਰੈਂਸ, ਫੈਮਿਲੀ ਕਵਰੇਜ, ਮੈਡੀਕਲ ਕਵਰੇਜ, ਜ਼ੀਰੋ ਬੈਲੈਂਸ ਬੈਂਕ ਖਾਤੇ ਅਤੇ ਮੁਫ਼ਤ ਬੈਂਕਿੰਗ ਸਹੂਲਤਾਂ ਮੁਹੱਈਆ ਕਰਵਾਉਣ ਸਬੰਧੀ ਵਿਸਥਾਰਪੂਰਵਕ ਚਰਚਾ ਕੀਤੀ ਗਈ।
ਸੂਬਾ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ ਨੇ ਦੱਸਿਆ ਕਿ ਇਹ ਮੁੱਦਾ ਲੰਬੀ ਬਲਾਕ ਵਿੱਚ ਡਿਊਟੀ ਦੌਰਾਨ ਇੱਕ ਆਂਗਣਵਾੜੀ ਹੈਲਪਰ ਦੇ ਹੋਏ ਦੁਖਦਾਈ ਕਤਲ ਤੋਂ ਬਾਅਦ ਜਥੇਬੰਦੀ ਵੱਲੋਂ ਜ਼ੋਰਦਾਰ ਢੰਗ ਨਾਲ ਉਠਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਮ੍ਰਿਤਕਾ ਦੇ ਪਰਿਵਾਰ ਵਿੱਚ ਛੋਟੇ-ਛੋਟੇ ਬੱਚੇ ਹਨ ਅਤੇ ਇਸ ਘਟਨਾ ਨੇ ਆਂਗਣਵਾੜੀ ਮੁਲਾਜ਼ਮਾਂ ਦੀ ਸਮਾਜਿਕ ਅਤੇ ਆਰਥਿਕ ਸੁਰੱਖਿਆ ਦੇ ਸਵਾਲ ਨੂੰ ਗੰਭੀਰਤਾ ਨਾਲ ਸਾਹਮਣੇ ਲਿਆਂਦਾ ਹੈ। ਜਦੋਂ ਪੀੜਤ ਪਰਿਵਾਰ ਲਈ ਆਰਥਿਕ ਸਹਾਇਤਾ ਅਤੇ ਨੌਕਰੀ ਦੀ ਮੰਗ ਕੀਤੀ ਗਈ ਤਾਂ ਪਤਾ ਲੱਗਾ ਕਿ ਵਿਭਾਗ ਕੋਲ ਅਜਿਹੇ ਮਾਮਲਿਆਂ ਲਈ ਕੋਈ ਵਿਸ਼ੇਸ਼ ਬੀਮਾ ਜਾਂ ਸੁਰੱਖਿਆ ਨੀਤੀ ਮੌਜੂਦ ਨਹੀਂ ਹੈ।
ਬਰਿੰਦਰਜੀਤ ਕੌਰ ਛੀਨਾ ਨੇ ਕਿਹਾ ਕਿ ਪੰਜਾਬ ਵਿੱਚ ਕਰੀਬ 27 ਹਜ਼ਾਰ ਆਂਗਨਵਾੜੀ ਵਰਕਰਾਂ ਅਤੇ ਇੰਨੀਆਂ ਹੀ ਹੈਲਪਰਾਂ ਸਮੇਤ ਲਗਭਗ 54 ਹਜ਼ਾਰ ਮਨਜ਼ੂਰਸ਼ੁਦਾ ਅਸਾਮੀਆਂ ਹਨ, ਜਿਨ੍ਹਾਂ ਵਿੱਚੋਂ 50 ਤੋਂ 51 ਹਜ਼ਾਰ ਅਸਾਮੀਆਂ ਭਰੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਘੱਟ ਮਾਣਭੱਤੇ ’ਤੇ ਸੇਵਾ ਨਿਭਾ ਰਹੀਆਂ ਵਰਕਰਾਂ ਅਤੇ ਹੈਲਪਰਾਂ ਲਈ ਅਜਿਹੀ ਬੀਮਾ ਯੋਜਨਾ ਸਮੇਂ ਦੀ ਮੁੱਖ ਲੋੜ ਹੈ, ਜਿਸ ਵਿੱਚ ਜੀਵਨ ਬੀਮਾ, ਹਾਦਸਾ ਬੀਮਾ, ਪਰਿਵਾਰਕ ਸੁਰੱਖਿਆ ਅਤੇ ਸਿਹਤ ਸਬੰਧੀ ਸਹੂਲਤਾਂ ਸ਼ਾਮਲ ਹੋਣ। ਮੀਟਿੰਗ ਵਿੱਚ ਐਕਸਿਸ ਬੈਂਕ, ਪੰਜਾਬ ਨੈਸ਼ਨਲ ਬੈਂਕ, ਆਈਸੀਆਈਸੀਆਈ ਬੈਂਕ, ਐੱਚਡੀਐੱਫਸੀ ਬੈਂਕ ਅਤੇ ਹੋਰ ਵਿੱਤੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਆਪਣੇ-ਆਪਣੇ ਪ੍ਰਸਤਾਵ ਪੇਸ਼ ਕੀਤੇ। ਹਾਲਾਂਕਿ ਕੁਝ ਬੈਂਕ ਪੂਰੀ ਤਿਆਰੀ ਨਾਲ ਨਾ ਆਉਣ ਕਾਰਨ ਅੰਤਿਮ ਫੈਸਲਾ ਨਹੀਂ ਹੋ ਸਕਿਆ। ਵਿਭਾਗ ਅਤੇ ਜਥੇਬੰਦੀਆਂ ਵੱਲੋਂ ਸੰਬੰਧਿਤ ਬੈਂਕਾਂ ਨੂੰ ਇੱਕ ਤੋਂ ਦੋ ਹਫ਼ਤਿਆਂ ਦਾ ਸਮਾਂ ਦਿੱਤਾ ਗਿਆ ਹੈ ਤਾਂ ਜੋ ਉਹ ਵਿਸਥਾਰਤ ਅਤੇ ਬਿਹਤਰ ਪ੍ਰਸਤਾਵ ਪੇਸ਼ ਕਰ ਸਕਣ।
ਜਨਰਲ ਸਕੱਤਰ ਹਰਪ੍ਰੀਤ ਕੌਰ ਸਿੰਘਪੁਰਾ ਨੇ ਕਿਹਾ ਕਿ ਆਂਗਣਵਾੜੀ ਮੁਲਾਜ਼ਮਾਂ ਦੀ ਸੁਰੱਖਿਆ ਅਤੇ ਭਵਿੱਖ ਨੂੰ ਯਕੀਨੀ ਬਣਾਉਣ ਲਈ ਇਹ ਉਪਰਾਲਾ ਇੱਕ ਇਤਿਹਾਸਕ ਕਦਮ ਸਾਬਤ ਹੋਵੇਗਾ। ਉਨ੍ਹਾਂ ਆਸ ਪ੍ਰਗਟਾਈ ਕਿ ਅਗਲੀ ਮੀਟਿੰਗ ਵਿੱਚ ਸਭ ਤੋਂ ਵਧੀਆ ਬੀਮਾ ਪਾਲਿਸੀ ਨੂੰ ਮਨਜ਼ੂਰੀ ਦੇ ਕੇ ਪੰਜਾਬ ਦੀਆਂ ਹਜ਼ਾਰਾਂ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਇਸ ਦਾ ਲਾਭ ਦਿੱਤਾ ਜਾਵੇਗਾ।