ਗੁਰਦਾਸਪੁਰ ’ਚ ਫੁੱਟਪਾਥਾਂ ’ਤੇ ਨਾਜਾਇਜ਼ ਕਬਜ਼ੇ ਜਾਰੀ, ਪੈਦਲ ਯਾਤਰੀਆਂ ਦੀ ਸੁਰੱਖਿਆ ਦਾਅ ’ਤੇ
ਗੁਰਦਾਸਪੁਰ ਵਿੱਚ ਫੁੱਟਪਾਥਾਂ 'ਤੇ ਨਾਜਾਇਜ਼ ਕਬਜ਼ੇ ਜਾਰੀ, ਪੈਦਲ ਯਾਤਰੀਆਂ ਦੀ ਸੁਰੱਖਿਆ ਦਾਅ 'ਤੇ
Publish Date: Sat, 20 Jun 2026 03:36 PM (IST)
Updated Date: Sat, 20 Jun 2026 03:39 PM (IST)

- ਫੁੱਟਪਾਥਾਂ ’ਤੇ ਕਬਜ਼ਿਆਂ ਕਾਰਨ ਹਾਦਸਿਆਂ ਦਾ ਖਤਰਾ ਵੱਧਿਆ, ਆਵਾਜਾਈ ਦੀ ਸਮੱਸਿਆ ਹੋਈ ਗੰਭੀਰ ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ : ਸੁਪਰੀਮ ਕੋਰਟ ਨੇ ਸੜਕਾਂ ’ਤੇ ਪੈਦਲ ਯਾਤਰੀਆਂ ਲਈ ਬਣੇ ਫੁੱਟਪਾਥਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਅਤੇ ਪੈਦਲ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਸਖ਼ਤ ਨਿਰਦੇਸ਼ ਦਿੱਤੇ ਹਨ ਪਰ ਗੁਰਦਾਸਪੁਰ ਸ਼ਹਿਰ ਵਿੱਚ ਹਾਲਾਤ ਜਿਉਂ ਦੇ ਤਿਉਂ ਬਣੇ ਹੋਏ ਹਨ। ਫੁੱਟਪਾਥਾਂ ’ਤੇ ਦੁਕਾਨਾਂ, ਰੇਹੜੀਆਂ ਅਤੇ ਗੈਰ-ਕਾਨੂੰਨੀ ਪਾਰਕਿੰਗ ਦਾ ਕਬਜ਼ਾ ਜਾਰੀ ਹੈ, ਜਿਸ ਕਾਰਨ ਪੈਦਲ ਯਾਤਰੀਆਂ ਨੂੰ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਸੜਕ ਦੇ ਵਿਚਕਾਰੋਂ ਲੰਘਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਨਾਲ ਨਾ ਸਿਰਫ਼ ਹਾਦਸਿਆਂ ਦਾ ਖਤਰਾ ਵੱਧ ਗਿਆ ਹੈ, ਬਲਕਿ ਆਵਾਜਾਈ ਦੀ ਸਮੱਸਿਆ ਵੀ ਗੰਭੀਰ ਹੋ ਗਈ ਹੈ। ਹਾਲਾਂਕਿ ਨਗਰ ਕੌਂਸਲ ਦੀ ਢਿੱਲੀ ਕਾਰਵਾਈ ਕਾਰਨ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਦੇ ਹੌਸਲੇ ਬੁਲੰਦ ਹਨ। ਸ਼ਹਿਰ ਵਿੱਚ ਪੈਦਲ ਚੱਲਣ ਵਾਲੇ ਲੋਕਾਂ ਲਈ ਫੁੱਟਪਾਥ ਤਾਂ ਬਣਾਏ ਗਏ ਹਨ ਪਰ ਨਾਜਾਇਜ਼ ਕਬਜ਼ਿਆਂ ਕਾਰਨ ਪੈਦਲ ਯਾਤਰੀਆਂ ਨੂੰ ਵਾਹਨਾਂ ਦੇ ਵਿਚਕਾਰੋਂ ਲੰਘਣਾ ਪੈ ਰਿਹਾ ਹੈ। ਦੁਕਾਨਦਾਰਾਂ ਵੱਲੋਂ ਫੁੱਟਪਾਥ ਤੇ ਸਮਾਨ ਰੱਖਣ, ਰੇਹੜੀਆਂ ਲਗਾਉਣ ਨਾਲ ਆਵਾਜਾਈ ਵਿੱਚ ਰੁਕਾਵਟ ਆ ਰਹੀ ਹੈ। ਕਈ ਥਾਵਾਂ ਤੇ ਫੁੱਟਪਾਥ ਨੂੰ ਨਿੱਜੀ ਪਾਰਕਿੰਗ ਵਿੱਚ ਬਦਲ ਦਿੱਤਾ ਗਿਆ ਹੈ, ਜਿਸ ਕਾਰਨ ਪੈਦਲ ਚੱਲਣ ਵਾਲਿਆਂ ਲਈ ਥਾਂ ਹੀ ਨਹੀਂ ਬਚੀ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਨਾਜਾਇਜ਼ ਕਬਜ਼ੇ ਹਟਾਉਣ ਦੀਆਂ ਮੁਹਿੰਮਾਂ ਲੰਬੇ ਸਮੇਂ ਤੋਂ ਠੰਡੀਆਂ ਪੈ ਗਈਆਂ ਹਨ ਅਤੇ ਪ੍ਰਸ਼ਾਸਨਿਕ ਲਾਪਰਵਾਹੀ ਕਾਰਨ ਇਹ ਸਮੱਸਿਆ ਦਿਨੋਂ-ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਇਸ ਕਾਰਨ ਨਾ ਸਿਰਫ਼ ਪੈਦਲ ਯਾਤਰੀਆਂ ਦੀ ਸੁਰੱਖਿਆ ਖਤਰੇ ਵਿੱਚ ਹੈ ਬਲਕਿ ਸੜਕਾਂ ਤੇ ਟ੍ਰੈਫਿਕ ਜਾਮ ਦੀ ਸਥਿਤੀ ਵੀ ਪੈਦਾ ਹੋ ਰਹੀ ਹੈ, ਕਿਉਂਕਿ ਰਾਹਗੀਰਾਂ ਨੂੰ ਸੜਕ ਦਾ ਸਹਾਰਾ ਲੈਣਾ ਪੈਂਦਾ ਹੈ, ਜਿਸ ਨਾਲ ਵਾਹਨਾਂ ਦੀ ਰਫ਼ਤਾਰ ਘੱਟ ਹੋ ਜਾਂਦੀ ਹੈ। ਛੇ ਮਹੀਨਿਆਂ ਤੋਂ ਬੰਦ ਪਈ ਮੁਹਿੰਮ ਕਰੀਬ ਛੇ ਮਹੀਨੇ ਪਹਿਲਾਂ ਹੀ ਨਾਜਾਇਜ਼ ਕਬਜ਼ੇ ਹਟਾਉਣ ਨੂੰ ਲੈ ਕੇ ਨਗਰ ਕੌਂਸਲ ਵੱਲੋਂ ਮੁਹਿੰਮ ਛੇੜੀ ਗਈ ਸੀ, ਪਰ ਉਸ ਤੋਂ ਬਾਅਦ ਇਹ ਮੁਹਿੰਮ ਠੰਡੇ ਬਸਤੇ ਵਿੱਚ ਚਲੇ ਜਾਣ ਕਾਰਨ ਇਸ ਦਾ ਫਾਇਦਾ ਚੁੱਕਦਿਆਂ ਦੁਕਾਨਦਾਰਾਂ ਨੇ ਦੁਕਾਨਾਂ ਦਾ ਸਮਾਨ ਹੱਦ ਤੋਂ ਵੱਧ ਲਗਾਉਣਾ ਸ਼ੁਰੂ ਕਰ ਦਿੱਤਾ। ਜਿਸ ਕਾਰਨ ਸ਼ਹਿਰ ਦੀਆਂ ਸੜਕਾਂ ਦਾ ਆਕਾਰ ਵੀ ਘੱਟ ਗਿਆ ਹੈ। ਇਸ ਕਾਰਨ ਟ੍ਰੈਫਿਕ ਦੀ ਸਮੱਸਿਆ ਵੀ ਪੈਦਾ ਹੋ ਰਹੀ ਹੈ। ਹਾਲਾਂਕਿ ਜਦੋਂ ਇਹ ਮੁਹਿੰਮ ਛੇੜੀ ਜਾਂਦੀ ਹੈ ਤਾਂ ਉਸ ਦੇ ਕੁਝ ਸਮੇਂ ਬਾਅਦ ਫਿਰ ਉਹੀ ਹਾਲਤ ਬਣ ਜਾਂਦੀ ਹੈ। ਹੁਣ ਫਿਰ ਤੋਂ ਸ਼ਹਿਰ ਨਾਜਾਇਜ਼ ਕਬਜ਼ੇ ਦੀ ਲਪੇਟ ਵਿੱਚ ਆ ਗਿਆ ਹੈ। ਪ੍ਰਸ਼ਾਸਨਿਕ ਅਧਿਕਾਰੀ ਨਾਜਾਇਜ਼ ਕਬਜ਼ੇ ਹਟਾਉਣ ਦੀ ਯੋਜਨਾ ਤਾਂ ਬਣਾਉਂਦੇ ਹਨ, ਪਰ ਜ਼ਮੀਨੀ ਪੱਧਰ ਤੇ ਕੋਈ ਕਾਰਵਾਈ ਨਹੀਂ ਹੁੰਦੀ। ਈ-ਰਿਕਸ਼ਾ ਵੀ ਘੱਟ ਜ਼ਿੰਮੇਵਾਰ ਨਹੀਂ ਟ੍ਰੈਫਿਕ ਸਮੱਸਿਆ ਨੂੰ ਹੋਰ ਗੰਭੀਰ ਬਣਾਉਣ ਵਿੱਚ ਈ-ਰਿਕਸ਼ਾ ਚਾਲਕ ਵੀ ਪਿੱਛੇ ਨਹੀਂ ਹਨ। ਸੜਕਾਂ ਤੇ ਗੈਰ-ਕਾਨੂੰਨੀ ਪਾਰਕਿੰਗ ਦਾ ਸਿਲਸਿਲਾ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ। ਬਾਕੀ ਰਹਿੰਦੀ ਈ-ਰਿਕਸ਼ਾ ਵਾਲਿਆਂ ਨੇ ਪੂਰੀ ਕਰ ਦਿੱਤੀ ਹੈ। ਈ-ਰਿਕਸ਼ਾ ਅਤੇ ਰੇਹੜੀਆਂ ਵਾਲੇ ਸੜਕਾਂ ਤੇ ਖੜ੍ਹੇ ਹੋ ਕੇ ਜਾਮ ਦੀ ਸਮੱਸਿਆ ਪੈਦਾ ਕਰ ਰਹੇ ਹਨ। ਰਾਹਗੀਰਾਂ ਨੇ ਸਮੱਸਿਆ ਦਾ ਸਥਾਈ ਹੱਲ ਕਰਨ ਦੀ ਉਠਾਈ ਮੰਗ ਰਾਹਗੀਰ ਮੋਹਿਤ, ਰਾਹੁਲ, ਸੰਨੀ, ਨਿਰਮਲਾ ਨੇ ਦੱਸਿਆ ਕਿ ਸਰਕਾਰ ਨੇ ਲੋਕਾਂ ਦੀ ਸੁਰੱਖਿਆ ਲਈ ਫੁੱਟਪਾਥ ਬਣਾਏ ਹਨ ਪਰ ਇਸ ਤੇ ਦੁਕਾਨਦਾਰਾਂ ਨੇ ਆਪਣਾ ਸਮਾਨ ਲਗਾ ਕੇ ਕਬਜ਼ਾ ਕਰ ਰੱਖਿਆ ਹੈ। ਜਿਸ ਕਾਰਨ ਉਨ੍ਹਾਂ ਨੂੰ ਮਜ਼ਬੂਰਨ ਸੜਕ ਦੇ ਵਿਚਕਾਰੋਂ ਲੰਘਣਾ ਪੈਂਦਾ ਹੈ। ਇਸ ਨਾਲ ਪਿੱਛੋਂ ਆਉਂਦੇ ਵਾਹਨਾਂ ਨਾਲ ਟੱਕਰ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਜਿੰਨੀ ਜਲਦੀ ਹੋ ਸਕੇ ਇਸ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇ ਤਾਂ ਜੋ ਕਿਸੇ ਵਾਹਨ ਨਾਲ ਟੱਕਰਾ ਕੇ ਰਾਹਗੀਰ ਜ਼ਖ਼ਮੀ ਨਾ ਹੋਵੇ। ਦੁਕਾਨਦਾਰਾਂ ਨੂੰ ਕਬਜ਼ੇ ਹਟਾਉਣ ਲਈ ਚਿਤਵਾਨੀ ਦਿੱਤੀ ਜਾਵੇਗੀ : ਸੁਪਰਡੈਂਟ ਨਗਰ ਕੌਂਸਲ ਦੇ ਸੁਪਰਡੈਂਟ ਅਸ਼ੋਕ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਆਉਣ ਵਾਲੇ 15 ਦਿਨਾਂ ਦੇ ਅੰਦਰ ਯੋਜਨਾ ਬਣਾ ਕੇ ਦੁਕਾਨਦਾਰਾਂ ਨੂੰ ਚਿਤਾਵਨੀ ਦਿੱਤੀ ਜਾਵੇਗੀ ਕਿ ਉਹ ਆਪਣੇ ਪੱਧਰ ’ਤੇ ਗੈਰ-ਕਾਨੂੰਨੀ ਕਬਜ਼ੇ ਹਟਾ ਲੈਣ। ਜੇਕਰ ਦੁਕਾਨਦਾਰ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਏ ਤਾਂ ਉਨ੍ਹਾਂ ਦਾ ਚਾਲਾਨ ਅਤੇ ਸਾਮਾਨ ਜ਼ਬਤ ਕੀਤਾ ਜਾਵੇਗਾ।