ਪੰਜਾਬ 'ਚ ਭਿਆਨਕ ਹਾਦਸਾ: ਬਿਨਾਂ ਸਾਈਨ ਬੋਰਡ ਦੇ ਪੁੱਟੇ 40 ਫੁੱਟ ਡੂੰਘੇ ਟੋਏ 'ਚ ਡਿੱਗੇ 3 ਬਾਈਕ ਸਵਾਰ, ਹਾਲਤ ਗੰਭੀਰ;ਕਾਰਵਾਈ ਦੀ ਮੰਗ ਥਾਣਾ ਕੋਟਲੀ ਸੂਰਤ ਮੱਲ੍ਹੀ ਅਧੀਨ ਆਉਂਦੇ ਪਿੰਡ ਗਿੱਲਾਂਵਾਲੀ ਵਿਖੇ ਬਣਾਏ ਜਾ ਰਹੇ ਪੁਲ ਦੇ 40 ਫੁੱਟ ਡੂੰਘੇ ਖੱਡੇ ’ਚ ਡਿੱਗਣ ਕਾਰਨ ਤਿੰਨ ਨੌਜਵਾਨ ਗੰਭੀਰ ਜ਼ਖਮੀ ਹੋ ਗਏ। ਸਬੰਧਤ ਵਿਭਾਗ ਵਿਰੁੱਧ ਰੋਸ ਪ੍ਰਦਰਸ਼ਨ ਕਰਦੇ ਹੋਏ ਪਿੰਡ ਵਾਸੀਆਂ ਵਿਜੇ ਸਿੰਘ, ਹਰਪ੍ਰੀਤ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਗਿੱਲਾਵਾਲੀ ਵਿਖੇ ਬਣਾਏ ਜਾ ਰਹੇ ਪੁੱਲ ਦਾ ਕੰਮ ਪਿਛਲੇ ਕਰੀਬ 3-4 ਮਹੀਨੇ ਤੋਂ ਰੁਕਿਆ ਗਿਆ ਹੈ।
Publish Date: Sun, 12 Jul 2026 09:34 AM (IST)
Updated Date: Sun, 12 Jul 2026 09:35 AM (IST)
ਧਰਮਿੰਦਰ ਸਿੰਘ ਬਾਠ\ਨਿਸ਼ਾਨ ਸਿੰਘ ਰੰਧਾਵਾ, ਪੰਜਾਬੀ ਜਾਗਰਣ, ਫਤਿਹਗੜ੍ਹ ਚੂੜੀਆਂ\ਧਿਆਨਪੁਰ : ਥਾਣਾ ਕੋਟਲੀ ਸੂਰਤ ਮੱਲ੍ਹੀ ਅਧੀਨ ਆਉਂਦੇ ਪਿੰਡ ਗਿੱਲਾਂਵਾਲੀ ਵਿਖੇ ਬਣਾਏ ਜਾ ਰਹੇ ਪੁਲ ਦੇ 40 ਫੁੱਟ ਡੂੰਘੇ ਖੱਡੇ ’ਚ ਡਿੱਗਣ ਕਾਰਨ ਤਿੰਨ ਨੌਜਵਾਨ ਗੰਭੀਰ ਜ਼ਖਮੀ ਹੋ ਗਏ। ਸਬੰਧਤ ਵਿਭਾਗ ਵਿਰੁੱਧ ਰੋਸ ਪ੍ਰਦਰਸ਼ਨ ਕਰਦੇ ਹੋਏ ਪਿੰਡ ਵਾਸੀਆਂ ਵਿਜੇ ਸਿੰਘ, ਹਰਪ੍ਰੀਤ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਗਿੱਲਾਵਾਲੀ ਵਿਖੇ ਬਣਾਏ ਜਾ ਰਹੇ ਪੁੱਲ ਦਾ ਕੰਮ ਪਿਛਲੇ ਕਰੀਬ 3-4 ਮਹੀਨੇ ਤੋਂ ਰੁਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਬੰਧਤ ਵਿਭਾਗ ਵੱਲੋਂ ਇਸ ਪੁਲ ਦੇ ਨਿਰਮਾਣ ਸਬੰਧੀ ਨਾ ਤਾਂ ਕੋਈ ਸਾਈਨ ਬੋਰਡ ਲਾਇਆ ਗਿਆ ਹੈ ਅਤੇ ਨਾ ਹੀ ਇੱਥੇ ਕੋਈ ਲਾਈਟ ਲਾਈ ਗਈ ਹੈ। ਉਨ੍ਹਾਂ ਕਿਹਾ ਕਿ ਬੀਤੀ ਰਾਤ ਪਿੰਡ ’ਚ ਇਕ ਪਰਿਵਾਰ ਵੱਲੋਂ ਜਗਰਾਤਾ ਕਰਵਾਇਆ ਗਿਆ, ਜਿਸ ਵਿਚ ਸ਼ਾਮਲ ਹੋਣ ਲਈ ਸਬੰਧਤ ਪਰਿਵਾਰ ਦੇ ਤਿੰਨ ਨੌਜਵਾਨ ਲਵਪ੍ਰੀਤ, ਜਤਿੰਦਰ ਸਿੰਘ ਅਤੇ ਕਰਨ ਸਿੰਘ ਪਿੰਡ ’ਚ ਆਏ ਹੋਏ ਸਨ। ਉਨ੍ਹਾਂ ਕਿਹਾ ਕਿ ਬੀਤੀ ਰਾਤ ਜਦ ਉਕਤ ਨੌਜਵਾਨ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਜਾ ਰਹੇ ਸਨ ਤਾਂ ਉਹ ਅਚਾਨਕ ਇਸ ਪੁਲ ਦੇ 40 ਫੁੱਟ ਡੂੰਘੇ ਖੱਡੇ ’ਚ ਡਿੱਗਣ ਕਾਰਨ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਦਾ ਇਲਾਜ ਅੰਮ੍ਰਿਤਸਰ ਦੇ ਇਕ ਹਸਪਤਾਲ ‘ਚ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਹਾਦਸਾ ਸਬੰਧਤ ਵਿਭਾਗ ਦੀ ਲਾਪਰਵਾਹੀ ਦੇ ਚਲਦਿਆਂ ਵਾਪਰਿਆ ਹੈ।
ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਪੁੱਲ਼ ਨੂੰ ਬਣਾਉਣ ਵਾਲੇ ਸਬੰਧਤ ਅਧਿਕਾਰੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਇਸ ਪੁਲ ਦਾ ਨਿਰਮਾਣ ਜਲਦ ਤੋਂ ਜਲਦ ਕਰਵਾਇਆ ਜਾਵੇ ਤਾਂ ਜੋ ਭਵਿੱਖ ’ਚ ਕੋਈ ਹੋਰ ਹਾਦਸਾ ਨਾ ਵਾਪਰ ਸਕੇ।