- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਥਾਂ ’ਤੇ ਭਗਵਾਨ ਭੋਲੇ ਨਾਥ ਪਾਤਾਲ ਤੋਂ ਧਰਤੀ ’ਤੇ ਪ੍ਰਗਟ ਹੋਏ ਸਨ ਅਤੇ ਇਸ ਥਾਂ ’ਤੇ ਭਗਵਾਨ ਵੇਦਵਿਆਸ ਜੀ ਨੇ ਦੁਆਪਰ ਯੁਗ ਵਿੱਚ ਕੁਝ ਸਮਾਂ ਬਿਤਾਇਆ।

ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ : ਮਹਾਭਾਰਤ ਦੇ ਮੁੱਖ ਤੇ ਅਹਿਮ ਕਿਰਦਾਰ ਪਾਂਡਵ 12 ਸਾਲ ਦਾ ਵਣਵਾਸ ਕੱਟਣ ਤੋਂ ਬਾਅਦ ਜਦੋਂ 13 ਵੇਂ ਸਾਲ ਅਗਿਆਤਵਾਸ ਵਿਚ ਗਏ ਸਨ ਤਾਂ ਇਸ ਦੌਰਾਨ ਉਨ੍ਹਾਂ ਵਲੋਂ ਆਪਣਾ ਜਿਆਦਾ ਸਮਾਂ ਰਾਜਸਥਾਨ ਵਿਚ ਗੁਜਾਰਿਆ ਗਿਆ ਸੀ ਪਰ ਲੋਕ ਕਥਾਵਾਂ ਅਨੁਸਾਰ ਇਸ 13ਵੇਂ ਸਾਲ ਦੇ ਸ਼ੁਰੂਆਤੀ ਸਮੇਂ ਉਹ ਮੌਜੂਦਾ ਪੰਜਾਬ ਵਿਚ ਵੀ ਰਹੇ। ਦਸੂਹਾ ਤੋਂ ਇਲਾਵਾ ਗੁਰਦਾਸਪੁਰ ਦੇ ਧਮਰਾਈ ਅਤੇ ਮੁਕਤੇਸ਼ਵਰ ਪਠਾਨਕੋਟ ਵਿਚ ਉਨ੍ਹਾਂ ਨੇ ਆਪਣਾ ਸਮਾਂ ਬਿਤਾਇਆ। ਇੱਥੇ ਉਨ੍ਹਾਂ ਦੀਆਂ ਕਈ ਨਿਸ਼ਾਨੀਆਂ ਵੀ ਹਨ। ਇਤਿਹਾਸ ਵਿਚ ਬੇਸ਼ੱਕ ਇਸਦਾ ਉਲੇਖ ਨਹੀਂ ਮਿਲਦਾ ਪਰ ਇਤਿਹਾਸਕਾਰ ਇਨ੍ਹਾਂ ਸੰਦਰਭਾਂ ਨੂੰ ਨਕਾਰਦੇ ਵੀ ਨਹੀਂ ਹਨ। ਪੰਜਾਬੀ ਜਾਗਰਣ ਵੱਲੋਂ ਇਕ ਐਸੇ ਹੀ ਹਜ਼ਾਰਾਂ ਸਾਲ ਪੁਰਾਣੇ ਸਥਾਨ ਦਾ ਦੌਰਾ ਕੀਤਾ ਗਿਆ, ਜੋ ਆਪਣੇ ਆਪ ਵਿਚ ਹਜ਼ਾਰਾਂ ਸਾਲ ਦਾ ਇਤਿਹਾਸ ਅਤੇ ਪੁਰਾਤਣ ਘਟਨਾਵਾਂ ਨੂੰ ਸਮੋਈ ਬੈਠਾ ਹੈ ਪਰ ਸਮੇਂ ਸਮੇਂ ਦੀਆਂ ਸਰਕਾਰਾਂ ਤੇ ਟੂਰਿਜ਼ਮ ਵਿਭਾਗ ਦੀ ਤਰਫੋ ਅਣਦੇਖੀ ਦਾ ਸ਼ਿਕਾਰ ਹੈ।
ਦੀਨਾਨਗਰ ਤੋਂ 4 ਕਿਲੋਮੀਟਰ ਦੂਰ ਸ਼ਿਵ ਮੰਦਿਰ ਧਮਰਾਈ (ਸੰਮੂ ਚੱਕ) ਜਿਸਨੂੰ ਸ਼ਿਵਾ ਦੀ ਖੱਡ ਨਾਲ ਜਾਣਿਆ ਜਂਦਾ ਹੈ, ਇਕ ਪ੍ਰਾਚੀਨ ਧਾਰਮਿਕ ਸਥਾਨ ਹੈ। ਇਹ ਪਰਦੇਸ਼ ਕਿਸੇ ਵਕਤ ਜੰਮੂ ਪਰਗ ਦਾ ਹਿੱਸਾ ਰਿਹਾ। ਇਸ ਸਮੇਂ ਇਹ ਜ਼ਿਲ੍ਹਾ ਗੁਰਦਾਸਪੁਰ ਦਾ ਹਿੱਸਾ ਹੈ। ਮੰਦਿਰ ਦੇ ਪਰਵੇਸ਼ ਦੁਆਰ ’ਤੇ ਹੀ ਇਸਦਾ ਇਤਿਹਾਸ ਲਿਖਿਆ ਹੋਇਆ ਨਜ਼ਰੀ ਪੈਂਦਾ ਹੈ ਜਿਸਨੂੰ ਪੜ੍ਹ ਕੇ ਇਨਸਾਨ ਹਜ਼ਾਰਾਂ ਸਾਲ ਪਿੱਛੇ ਦੀ ਕਾਲ ਵਿਚ ਪਹੁੰਚ ਜਾਂਦਾ ਹੈ। ਇਤਿਹਾਸ ਅਨੁਸਾਰ ਯੁਗਾਂ-ਯੁਗਾਂ ਤੋਂ ਰਿਸ਼ੀ-ਮੁਨੀ ਪਰਮੇਸ਼ਵਰ ਦੀ ਭਗਤੀ ਦਾ ਮਾਰਗ ਅਪਣਾਉਣ ਲਈ ਪ੍ਰੇਰਨਾ ਦਿੰਦੇ ਆਏ ਹਨ ਅਤੇ ਕੁਝ ਥਾਵਾਂ ’ਤੇ ਭਗਵਾਨ ਭੋਲੇ ਨਾਥ ਜੀ ਨੇ ਖੁਦ ਪ੍ਰਗਟ ਹੋ ਕੇ ਈਸ਼ਵਰ ਭਗਤੀ ਨਾਲ ਜੋੜਿਆ। ਐਸਾ ਹੀ ਇਕ ਸਥਾਨ ਸ਼ਿਵ ਖੱਡ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਥਾਂ ’ਤੇ ਭਗਵਾਨ ਭੋਲੇ ਨਾਥ ਪਾਤਾਲ ਤੋਂ ਧਰਤੀ ’ਤੇ ਪ੍ਰਗਟ ਹੋਏ ਸਨ ਅਤੇ ਇਸ ਥਾਂ ’ਤੇ ਭਗਵਾਨ ਵੇਦਵਿਆਸ ਜੀ ਨੇ ਦੁਆਪਰ ਯੁਗ ਵਿੱਚ ਕੁਝ ਸਮਾਂ ਬਿਤਾਇਆ।
ਇੱਥੇ ਹੀ ਸਮਾਧੀ-ਲੀਨ ਬਾਬਾ ਸ਼੍ਰੀ ਨਾਥ ਜੀ ਦੇ ਦਰਸ਼ਨ ਹੋਏ। ਕਹਿੰਦੇ ਹਨ ਪਾਂਡਵਾਂ ਦਾ ਤੇਰ੍ਹਵਾਂ ਸਾਲ ਦਾ ਅਗਿਆਤਵਾਸ ਇੱਥੇ ਹੀ ਸ਼ੁਰੂ ਹੋਇਆ ਅਤੇ ਪਾਂਡਵਾਂ ਨੇ ਹੀ ਸੁਰੰਗ ਰੂਪੀ ਰਸਤਿਆਂ ਦਾ ਨਿਰਮਾਣ ਕੀਤਾ ਅਤੇ ਸੁਰੰਗ ਦੇ ਰਸਤੇ ਹੀ ਪਾਂਡਵ ਰਾਜਾ ਵਿਰਾਟ ਦੀ ਸੀਮਾ ਵਿੱਚ ਵੈਸ਼ ਕੀਤਾ। ਇਹ ਸੁਰੰਗ ਪਿੰਡੋਰੀ ਧਾਮ, ਹਰੀਦੁਆਰ, ਸ਼੍ਰੀ ਨਗਰ ਤਥਾ ਹੋਰ ਵੀ ਕਈ ਥਾਵਾਂ ਵੱਲ ਜਾਂਦੀ ਸੀ। ਕਦੀ-ਕਦੀ ਪਾਂਡਵ ਇਸ ਰਸਤੇ ਤੋਂ ਪਾਤਾਲੇਸ਼ਵਰ ਦੀ ਪੂਜਾ ਲਈ ਆਉਂਦੇ ਜਾਂਦੇ ਸਨ। ਇਹ ਸੁਰੰਗ ਮੰਦਰ ਦੇ ਪ੍ਰਾਂਗਣ ਵਿੱਚ ਦੱਖਣ ਵੱਲ ਹੁੰਦੀ ਸੀ। ਹੁਣ ਇਸ ਸੁਰੰਗ ਨੂੰ ਸੰਤਾਂ ਦੀ ਦੇਖ-ਰੇਖ ਤੋਂ ਬੰਦ ਕਰਵਾ ਦਿੱਤਾ ਹੈ।
ਇੱਕ ਕਹਾਣੀ ਇਹ ਵੀ ਹੈ ਕਿ ਮਾਤਾ ਕੁੰਤੀ ਨੂੰ ਜਲ ਪੀਣ ਦੀ ਇੱਛਾ ਹੋਈ ਤਾਂ ਪਾਂਡਵਾਂ ਨੂੰ ਦੂਰ-ਦੂਰ ਤੱਕ ਜਲ ਨਜ਼ਰ ਨਹੀਂ ਆਇਆ। ਤਾਂ ਅਰਜੁਨ ਨੇ ਬਾਣ ਮਾਰ ਕੇ ਧਰਤੀ ਤੋਂ ਜਲਧਾਰਾ ਉਤਪੰਨ ਕੀਤੀ। ਇਸ ਜਲ ਨੂੰ ਗੰਗਾ ਅੰਮ੍ਰਿਤ ਵੀ ਕਹਿੰਦੇ ਹਨ ਕਿਉਂਕਿ ਇਹ ਜਲ ਗੰਗਾ ਦੀ ਗੋਦ ਤੋਂ ਨਿਕਲਿਆ ਹੈ ਤੇ ਇਹ ਬਾਣ-ਗੰਗਾ ਦੇ ਨਾਮ ਨਾਲ ਪ੍ਰਸਿੱਧ-ਵਿਸ਼ਵਪ੍ਰਸਿੱਧ ਹੈ। ਇਸ ਗੰਗਾ ਵਿੱਚ ਇਸ਼ਨਾਨ ਕਰਨ ਨਾਲ ਜੋ ਸਾਂਕੜੇ ਦੀ ਬਿਮਾਰੀ ਤੋਂ ਪੀੜਿਤ ਹੈ ਉਹ ਬੱਚੇ ਠੀਕ ਹੋ ਜਾਂਦੇ ਹਨ। ਉੱਧਰ ਸ਼੍ਰੀ ਨਾਥ ਜੀ ਨੇ ਪਾਂਡਵਾਂ ਨੂੰ ਫਤਹਿ ਦਾ ਵਰਦਾਨ ਦਿੱਤਾ। ਉਸ ਤੋਂ ਬਾਅਦ ਉਸ ਤੇਜਸਵੀ ਦਾ ਨਾਮ ਫਤਹਿ ਨਾਥ ਪੈ ਗਿਆ।
ਇਕ ਕਹਾਣੀ ਦੇ ਅਨੁਸਾਰ ਇੱਥੇ ਕਾਲੇ ਘਣੇ ਵਣ ’ਚ ਗਊਵਾਂ ਚਰਦੀਆਂ ਸਨ। ਉਨ੍ਹਾਂ ਵਿੱਚੋਂ ਇੱਕ ਪਾਂਡੂ ਗਊ ਪਾਤਾਲੇਸ਼ਵਰ ਮਹਾਦੇਵ ਦੀ ਪਿੰਡੀ ਦੇ ਉੱਪਰ ਆਪਣੇ ਦੁੱਧ ਦੀ ਧਾਰਾ ਪਾਉਂਦੀ ਸੀ। ਕਹਿੰਦੇ ਹਨ ਕਿ ਬਹੁਤ ਸਮਾਂ ਪਹਿਲਾਂ ਇੱਥੇ ਬਹੁਤ ਘਣਾ ਜੰਗਲ ਸੀ ਅਤੇ ਰਾਜਾ ਅਕਬਰ ਆਪਣੇ ਸੈਨਿਕਾਂ ਨਾਲ ਇੱਥੇ ਠਹਿਰਿਆ ਸੀ। ਅਕਬਰ ਦੀ ਮੁਲਾਕਾਤ ਤੇਜਸਵੀ ਸ਼੍ਰੀ ਫਤਹਿ ਨਾਥ ਜੀ ਨਾਲ ਹੋਈ। ਉਨ੍ਹਾਂ ਦਾ ਸੂਰਜ ਵਾਂਗ ਚਮਕਦਾ ਮੁਖ ਵੇਖ ਕੇ ਅਕਬਰ ਉਨ੍ਹਾਂ ਦੇ ਚਰਨਾਂ ਵਿੱਚ ਪ੍ਰਣਾਮ ਕੀਤਾ ਤੇ ਕਿਹਾ – ਆਪ ਮੈਨੂੰ ਕੋਈ ਨਵਾਂ ਈਸਲਾਮੀ ਪੀਰ-ਪੈਗੰਬਰ ਲੱਗਦੇ ਹੋ। ਅੱਜ ਤੋਂ ਅਸੀਂ ਤੁਹਾਨੂੰ ਪੀਰ ਦੇ ਨਾਮ ਨਾਲ ਜਾਣਾਂਗੇ। ਉਸ ਤੋਂ ਬਾਅਦ ਉਨ੍ਹਾਂ ਦਾ ਨਾਮ ਪੀਰ ਫਤਹਿ ਨਾਥ ਪ੍ਰਚਲਿਤ ਹੋਇਆ।
ਅੱਜ ਵੀ ਮੰਦਰ ਵਿੱਚ ਸੱਤ ਅਖੰਡ ਜੋਤਾਂ ਲਗਾਤਾਰ ਜਗਦੀਆਂ ਹਨ। ਸ਼ਾਸਤਰਾਂ ਦੇ ਅਨੁਸਾਰ ਇੱਕ ਜੋਤੀ ਦਾ ਪ੍ਰਕਾਸ਼ ਬੀਸ ਕੋਸ ਤੱਕ ਜਾਂਦਾ ਹੈ। ਇਨ੍ਹਾਂ ਵਿੱਚੋਂ ਤਿੰਨ ਜੋਤਾਂ ਦੇਸੀ ਘਿਓ ਨਾਲ ਤੇ ਚਾਰ ਦੇਸੀ ਤੇਲ ਨਾਲ ਬਲਦੀਆਂ ਹਨ। ਮੰਦਿਰ ਦੇ ਸੇਵਾਦਾਰ ਰਣਜੋਥ ਸਿੰਘ ਨੇ ਦੱਸਿਆ ਕਿ ਪਾਂਡਵਾਂ ਨੇ ਇਥੇ ਤਪੱਸਿਆ ਕੀਤੀ। ਉਨ੍ਹਾਂ ਨੇ ਉਹ ਸਥਾਨ ਦਿਖਾਇਆ ਜਿੱਥੇ ਅਰਜੁਨ ਨੇ ਤੀਰ ਮਾਰ ਕੇ ਪਾਣੀ ਕੱਢਿਆ ਸੀ। ਇਸ ਨੂੰ ਬਾਣ ਗੰਗਾ ਕਿਹਾ ਜਾਂਦਾ ਹੈ ਅਤੇ ਇਹ ਅੱਜ ਵੀ ਵਹਿ ਰਹੀ ਹੈ। ਅਫਸੋਸ ਇਕ ਥਾਂ ਦੇ ਆਲੇ ਦੁਆਲੇ ਕਈ ਫੁੱਟ ਉਚੀਆਂ ਜੜੀ ਬੂਟੀਆਂ ਉੱਗੀਆਂ ਹਨ ਅਤੇ ਕੋਈ ਸਾਂਭ ਸੰਭਾਲ ਨਹੀਂ ਕੀਤੀ ਗਈ। ਇਹ ਸਥਾਨ ਦੇਖ ਕੇ ਲਗਦਾ ਹੈ ਕਿ ਕਦੇ ਬੇਹੱਦ ਰਮਨੀਕ ਹੁੰਦਾ ਸੀ। ਇਥੇ ਕਈ ਸਾਲ ਪੁਰਾਣੇ ਰੁੱਖ ਹਨ। ਵੱਡੀ ਗਿਣਤੀ ਵਿਚ ਮੋਰ ਪੈਲਾਂ ਪਾਉਂਦੇ ਅੱਜ ਵੀ ਨਜ਼ਰ ਆਉੱਦੇ ਹਨ।
ਇਤਿਹਾਸਕਾਰ ਪ੍ਰੋ. ਰਾਜ ਕੁਮਾਰ ਦੱਸਦੇ ਹਨ ਕਿ ਸਦੀਆਂ ਤੋਂ ਗੁਰਦਾਸਪੁਰ ਦਾ ਇਹ ਖੇਤਰ ਰਿਸ਼ੀਆਂ ਮੁਨੀਆਂ ਅਤੇ ਸਾਧੂ ਸੰਤਾਂ ਦੀ ਸ਼ਰਨ ਸਥਲੀ ਅਤੇ ਤਪੱਸਿਆ ਦਾ ਕੇਂਦਰ ਰਿਹਾ। ਪਨਿਆੜ, ਧਮਰਾਈ, ਕਟਾਰੂਚੱਕ, ਅਚਲੇਸ਼ਵਰ ਆਦਿ ਸਥਾਨ ਗੋਰਖ ਪੰਥੀਆਂ ਦੇ ਕੇਂਦਰ ਰਹੇ। ਧਮਰਾਈ ਵਿਖੇ ਸ਼ਿਵਾ ਦੀ ਖੱਡ ਨਾਮਕ ਪ੍ਰਾਚੀਨ ਮੰਦਿਰ ਹੈ। ਇਹ ਸ਼ੈਵ ਮਤ ਨੂੰ ਮੰਨਣ ਵਾਲੇ ਨਾਥ ਪੰਥੀਆਂ ਦਾ ਇਕ ਪਰਾਚੀਨ ਮੱਠ ਰਿਹਾ। ਇਸਦੇ ਆਲੇ-ਦੁਆਲੇ ਘਣਾ ਜੰਗਲ ਹੁੰਦਾ ਸੀ। ਇੱਥੇ ਬਿਆਸ ਤੇ ਉਸਦੀ ਸਹਾਇਕ ਨਦੀ ਜਿਸਨੂੰ ਚੱਕੀ ਆਖਦੇ ਹਨ, ਦੀਆਂ ਕਈ ਧਾਰਾਵਾਂ ਵਹਿੰਦੀਆਂ ਸਨ। ਸ਼ਿਵਾ ਦੀ ਖੱਡ ਦਾ ਸੰਬੰਧ ਪਾਂਡਵਾਂ ਦੇ ਵਣਵਾਸ ਤੇ ਉਨ੍ਹਾਂ ਦੇ ਅਗਿਆਤਵਾਸ ਦੇ 13 ਵੇਂ ਸਾਲ ਨਾਲ ਵੀ ਜੋੜਿਆ ਜਾਂਦਾ ਹੈ। ਇਰ ਕਹਾਣੀ ਪਠਾਨਕੋਟ ਦੇ ਮੁਕਤੇਸ਼ਵਰ ਨਾਲ ਵੀ ਜੁੜੀ ਹੈ। ਇਹ ਪ੍ਰਤੀਤ ਹੁੰਦਾ ਹੈ ਕਿ ਸਮੇਂ ਦੇ ਸ਼ਾਸਕਾਂ ਨੇ ਸ਼ੈਵ ਮੱਤ ਦੇ ਇਸ ਕੇਂਦਰ ਦੇ ਨਾਂ ਜ਼ਮੀਨਾਂ ਅਤੇ ਜਗੀਰਾਂ ਲਗਾਈਆਂ ਹੋਣਗੀਆਂ ਪਰ ਹੌਲੀ-ਹੌਲੀ ਇਸ ਪਵਿੱਤਰ ਸਥਾਨ ਦੀ ਮਹੱਤਤਾ ਘਟਦੀ ਗਈ। ਅੰਗਰੇਜਾਂ ਨੇ 1855 ’ਚ ਮਾਧੋਪੁਰ ਤੋਂ ਯੂਬੀਡੀਸੀ ਨਹਿਰ ਕੱਢ ਕੇ ਇਸ ਖੇਤਰ ਦਾ ਸਬੰਧ ਬਿਆਸ ਤੇ ਉਸਦੀ ਸਹਾਇਕ ਨਦੀ ਨਾਲੋਂ ਤੋੜ ਦਿੱਤਾ ਪਰ ਹਾਲੇ ਵੀ ਭਗਵਾਨ ਸ਼ਿਵ ਦੇ ਪਰਸਿੱਧ ਮੰਦਿਰ ਕੌਲ ਪਾਣੀ ਦੇ ਕਈ ਸੋਮਿਆਂ ਦਾ ਵਹਾਅ ਦੇਖਿਆ ਜਾ ਸਕਦਾ ਹੈ। ਸ਼ਿਵਰਾਤਰੀ ਵਾਲੇ ਦਿਨ ਇੱਥੇ ਵੱਡਾ ਮੇਲਾ ਲੱਗਦਾ ਹੈ। ਪ੍ਰੋ. ਰਾਜ ਕੁਮਾਰ ਸ਼ਰਮਾ ਅਨੁਸਾਰ ਅਜਿਹੀਆਂ ਹਜ਼ਾਰਾਂ ਸਾਲ ਪੁਰਾਣੀਆਂ ਇਤਿਹਾਸਕ ਥਾਵਾਂ ਨੂੰ ਸਰਕਾਰਾਂ ਵੱਲੋਂ ਸਾਂਭਣ ਦੀ ਲੋੜ ਹੈ।