ਬਟਾਲਾ ’ਚ ਅਣਪਛਾਤਿਆਂ ਨੇ ਹਸਪਤਾਲ ’ਤੇ ਚਲਾਈਆਂ ਗੋਲੀਆਂ
ਬਟਾਲਾ ‘ਚ ਫਿਰ ਚੱਲੀਆਂ ਗੋਲੀਆਂ, ਅਣਪਛਾਤੇ ਵਿਅਕਤੀਆਂ ਨੇ ਹਸਪਤਾਲ ’ਤੇ ਚਲਾਈਆਂ ਗੋਲੀਆਂ
Publish Date: Tue, 09 Jun 2026 08:03 PM (IST)
Updated Date: Wed, 10 Jun 2026 04:09 AM (IST)

ਫੋਟੋ: 09ਬੀਟੀਐਲ11 ਗੋਲੀਆਂ ਲੱਗਣ ਨਾਲ ਚਕਨਾਚੂਰ ਹੋਇਆ ਸ਼ੀਸ਼ਾ। ਫੋਟੋ: 09ਬੀਟੀਐਲ12 ਜ਼ਖਮੀ ਹੋਈ ਨਰਸ ਕੋਲ ਖੜੀਆਂ ਸਟਾਫ ਮੈਂਬਰ। * ਚਾਰ ਰਾਊਂਡ ਫਾਇਰ ਹਸਪਤਾਲ ਦੇ ਗੇਟ ’ਤੇ ਕੀਤੇ, ਕੱਚ ਵਾਲਾ ਗੇਟ ਚਕਨਾਚੂਰ ਹੋਇਆ * ਅੱਖਾਂ ’ਚ ਕੱਚ ਦੇ ਟੁੱਕੜੇ ਪੈਣ ਕਾਰਨ ਇਕ ਨਰਸ ਹੋਈ ਜ਼ਖ਼ਮੀ ਸ਼ਾਮ ਤਿਵਾੜੀ, ਪੰਜਾਬੀ ਜਾਗਰਣ ਬਟਾਲਾ : ਸ਼ਹਿਰ ’ਚ ਆਏ ਦਿਨ ਗੋਲ਼ੀਆਂ ਚੱਲਣ ਕਾਰਨ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਅੱਜ ਬਟਾਲਾ ਦੇ ਗੌਂਸਪੁਰਾ ਰੋਡ ’ਤੇ ਮਾਹੌਲ ਉਸ ਸਮੇਂ ਤਣਾਅਪੂਰਨ ਬਣ ਗਿਆ ਜਦੋਂ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਆਏ 2 ਅਣਪਛਾਤਿਆਂ ਵੱਲੋਂ ਛੀਨਾ ਹਸਪਤਾਲ ਦੇ ਗੇਟ ’ਤੇ ਗੋਲ਼ੀਆਂ ਚੱਲਾ ਦਿੱਤੀਆਂ ਗਈਆਂ ਅਤੇ ਇਸ ਘਟਨਾ ’ਚ ਇਕ ਨਰਸ ਵੀ ਜ਼ਖ਼ਮੀ ਹੋ ਗਈ। ਜਾਣਕਾਰੀ ਦਿੰਦੇ ਹੋਏ ਹਸਪਤਾਲ ਦੇ ਮਾਲਕ ਡਾ. ਗੁਰਮੀਤ ਸਿੰਘ ਛੀਨਾ ਨੇ ਦੱਸਿਆ ਕਿ ਉਹ ਹਸਪਤਾਲ ਤੋਂ ਬਾਹਰ ਸਨ ਤੇ ਅੱਜ ਸ਼ਾਮ ਸਮੇਂ ਮੋਟਰਸਾਈਕਲ ’ਤੇ ਸਵਾਰ ਹੋ ਕੇ 2 ਅਣਪਛਾਤੇ ਵਿਅਕਤੀ ਹਸਪਤਾਲ ਦੇ ਬਾਹਰ ਆਏ ਅਤੇ ਉਨ੍ਹਾਂ ਵੱਲੋਂ ਕਰੀਬ 4 ਰਾਊਂਡ ਫਾਇਰ ਹਸਪਤਾਲ ਦੇ ਗੇਟ ’ਤੇ ਕੀਤੇ ਗਏ, ਜਿਸ ਕਾਰਨ ਹਸਪਤਾਲ ਦਾ ਕੱਚ ਵਾਲਾ ਗੇਟ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ, ਜਦਕਿ ਗੇਟ ਦਾ ਕੱਚ ਇਕ ਨਰਸ ਦੀਆਂ ਅੱਖਾਂ ’ਚ ਪੈ ਗਿਆ ਤੇ ਉਹ ਜ਼ਖ਼ਮੀ ਹੋ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਡੀਐੱਸਪੀ ਸਿਟੀ ਸੁਖਇੰਦਰ ਸਿੰਘ, ਐੱਸਐੱਚਓ ਸਿਵਲ ਲਾਈਨ ਗੁਰਮੀਤ ਸਿੰਘ, ਸੀਆਈਏ ਸਟਾਫ ਦੇ ਇੰਚਾਰਜ ਸੁਖਰਾਜ ਸਿੰਘ ਤੇ ਅਰਬਨ ਅਸਟੇਟ ਪੁਲਿਸ ਚੌਕੀ ਦੇ ਇੰਚਾਰਜ ਏਐੱਸਆਈ ਵਿਕਰਮ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਘਟਨਾਸਥਲ ਦਾ ਜਾਇਜ਼ਾ ਲਿਆ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਮੌਕੇ ਗੱਲਬਾਤ ਕਰਦਿਆਂ ਡੀਐੱਸਪੀ ਸਿਟੀ ਸੁਖਇੰਦਰ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਆਸ-ਪਾਸ ਲੱਗੇ ਸੀ.ਸੀ.ਟੀ.ਵੀ ਕੈਮਰੇ ਵੀ ਚੈੱਕ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਸਪਤਾਲ ’ਤੇ ਗੋਲ਼ੀਆਂ ਚਲਾਉਣ ਵਾਲੇ ਵਿਅਕਤੀਆਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਪੁਲਿਸ ਵੱਲੋਂ ਹਸਪਤਾਲ ਦੇ ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਆਪਣੇ ਕਬਜ਼ੇ ’ਚ ਲੈ ਲਿਆ ਗਿਆ ਹੈ।