- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਤਾ ਸੱਤਿਆਵੰਤੀ ਨੇ ਕਿਹਾ ਕਿ ਭਾਵੇਂ ਉਹ ਹੁਣ ਚੌਥੀ ਪੀੜ੍ਹੀ ਦਾ ਨਿੱਘ ਮਾਣ ਰਹੀ ਹੈ, ਪਰ 1947 ਦੀਆਂ ਯਾਦਾਂ ਅੱਜ ਵੀ ਮਨ ਨੂੰ ਝੰਜੋੜ ਦਿੰਦੀਆਂ ਹਨ। ਉਨ੍ਹਾਂ ਅਫ਼ਸੋਸ ਜਤਾਇਆ ਕਿ ਪਹਿਲਾਂ ਲੋਕਾਂ ਵਿੱਚ ਭਾਈਚਾਰਾ ਅਤੇ ਆਪਸੀ ਸਤਿਕਾਰ ਵੱਧ ਸੀ, ਜਦਕਿ ਅੱਜ ਪਰਿਵਾਰਾਂ ਵਿੱਚ ਵੀ ਉਹੋ ਜਿਹਾ ਪਿਆਰ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਬਟਵਾਰੇ ਦੇ ਜ਼ਖ਼ਮ ਸਮਾਂ ਬੀਤਣ ਦੇ ਬਾਵਜੂਦ ਅਜੇ ਵੀ ਅੱਲ੍ਹੇ ਹਨ।

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ ਕਲਾਨੌਰ : ਭਾਰਤ-ਪਾਕਿਸਤਾਨ ਦੀ ਵੰਡ ਦੀਆਂ ਦਰਦਨਾਕ ਯਾਦਾਂ ਅੱਜ ਵੀ 1947 ਦੇ ਗਵਾਹਾਂ ਦੇ ਮਨਾਂ ਵਿੱਚ ਤਾਜ਼ਾ ਹਨ। ਪਾਕਿਸਤਾਨ ਦੇ ਪਿੰਡ ਜਰਮੀਆਂ ਵਿੱਚ ਜਨਮੀ ਮਾਤਾ ਸੱਤਿਆਵੰਤੀ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦੇਸ਼ ਦੀ ਵੰਡ ਵੇਲੇ ਮੁਸਲਮਾਨਾਂ ਦੇ ਹਮਲਿਆਂ ਦੇ ਡਰ ਕਾਰਨ ਉਨ੍ਹਾਂ ਦੇ ਪਰਿਵਾਰ ਨੂੰ ਭਰੇ-ਭਰਾਏ ਘਰ, ਕਰਿਆਨੇ ਅਤੇ ਬਜਾਜੀ ਦੀਆਂ ਦੁਕਾਨਾਂ ਅਤੇ ਸਰਕਾਰੀ ਡੀਪੂ ਸਭ ਕੁਝ ਛੱਡ ਕੇ ਭਾਰਤ ਆਉਣਾ ਪਿਆ। ਉਨ੍ਹਾਂ ਕਿਹਾ ਕਿ ਬੱਚਿਆਂ ਦੀਆਂ ਜਾਨਾਂ ਬਚਾਉਣ ਦੀ ਕਾਹਲ ਵਿੱਚ ਉਨ੍ਹਾਂ ਦੇ ਪਿਤਾ ਨੂੰ ਸਿਰ 'ਤੇ ਪੱਗ ਰੱਖਣ ਦਾ ਵੀ ਸਮਾਂ ਨਹੀਂ ਮਿਲਿਆ।
ਉਨ੍ਹਾਂ ਦੱਸਿਆ ਕਿ ਵੰਡ ਤੋਂ ਪਹਿਲਾਂ ਹਿੰਦੂ, ਸਿੱਖ ਅਤੇ ਮੁਸਲਮਾਨ ਆਪਸ ਵਿੱਚ ਭਾਈਚਾਰੇ ਨਾਲ ਰਹਿੰਦੇ ਸਨ। ਬੱਚੇ ਇਕੱਠੇ ਖੇਡਦੇ ਸਨ ਅਤੇ ਪਰਿਵਾਰਾਂ ਵਿੱਚ ਪਿਆਰ-ਸਤਿਕਾਰ ਸੀ, ਪਰ ਵੰਡ ਦੇ ਐਲਾਨ ਤੋਂ ਬਾਅਦ ਹਾਲਾਤ ਅਚਾਨਕ ਬਦਲ ਗਏ ਅਤੇ ਹਿੰਸਾ ਦਾ ਮਾਹੌਲ ਬਣ ਗਿਆ।
ਰਾਵੀ ਪਾਰ ਕਰਕੇ ਪਹੁੰਚੇ ਭਾਰਤ, ਰਾਹ ਵਿੱਚ ਵੇਖਿਆ ਖੂਨੀ ਮੰਜ਼ਰ
ਮਾਤਾ ਸੱਤਿਆਵੰਤੀ ਨੇ ਦੱਸਿਆ ਕਿ ਉਸ ਸਮੇਂ ਉਨ੍ਹਾਂ ਦੀ ਉਮਰ ਕਰੀਬ 9-10 ਸਾਲ ਸੀ। ਮੀਂਹ ਦੌਰਾਨ ਪਰਿਵਾਰ ਬੂਰਾ ਡੱਲਾ ਰਾਹੀਂ ਰਾਵੀ ਦਰਿਆ ਪਾਰ ਕਰਕੇ ਭਾਰਤ ਆਇਆ। ਉਨ੍ਹਾਂ ਦੇ ਦਾਦਾ ਬਜ਼ੁਰਗ ਹੋਣ ਕਾਰਨ ਪਾਕਿਸਤਾਨ ਵਿੱਚ ਹੀ ਰਹਿ ਗਏ, ਜਦਕਿ ਮਾਂ ਸਿਰਫ਼ ਆਪਣੇ ਗਹਿਣੇ ਹੀ ਨਾਲ ਲਿਆ ਸਕੀ। ਘਰ ਅਤੇ ਦੁਕਾਨਾਂ ਦਾ ਸਾਰਾ ਸਮਾਨ ਉੱਥੇ ਹੀ ਛੱਡਣਾ ਪਿਆ।
ਉਨ੍ਹਾਂ ਕਿਹਾ ਕਿ ਰਾਵੀ ਪਾਰ ਕਰਨ ਤੋਂ ਬਾਅਦ ਚੰਦੂ ਵਡਾਲਾ ਖ਼ਾਸੇ ਨੇੜੇ ਉਨ੍ਹਾਂ ਨੇ ਇੱਕ ਵਿਅਕਤੀ ਦੀ ਖ਼ੂਨ ਨਾਲ ਲੱਥਪੱਥ ਲਾਸ਼ ਆਪਣੀਆਂ ਅੱਖਾਂ ਨਾਲ ਵੇਖੀ, ਜਿਸ ਦਾ ਦ੍ਰਿਸ਼ ਅੱਜ ਵੀ ਭੁੱਲਿਆ ਨਹੀਂ। ਉਨ੍ਹਾਂ ਦੇ ਤਾਇਆ ਨਰਾਇਣ, ਜੋ ਹਕੀਮ ਸਨ, ਪਾਕਿਸਤਾਨ ਵਿੱਚ ਰਹਿ ਗਏ, ਜਦਕਿ ਤਾਏ ਦਾ ਗੂੰਗਾ ਪੁੱਤਰ ਅਮਰੂ ਵੰਡ ਦੌਰਾਨ ਵਿਛੜ ਗਿਆ ਸੀ ਅਤੇ ਬਾਅਦ ਵਿੱਚ ਮਿਲਿਆ।
'ਅੱਜ ਵੀ ਤਾਜ਼ਾ ਹੋ ਜਾਂਦਾ ਹੈ ਬਟਵਾਰੇ ਦਾ ਦਰਦ'