- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਲੋਕ ਦਰਬਾਰ ਲਗਾ ਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ

ਕਮਲਜੀਤ ਸਿੰਘ ਫੁੱਲ, ਪੰਜਾਬੀ ਜਾਗਰਣ
ਤਾਰਾਗੜ੍ਹ : ਹਲਕਾ ਭੋਆ ਦੇ ਵੱਖ-ਵੱਖ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਾਬਕਾ ਵਿਧਾਇਕ ਜੋਗਿੰਦਰ ਪਾਲ ਵੱਲੋਂ ਆਪਣੀ ਜਨਸੰਪਰਕ ਮੁਹਿੰਮ ਤਹਿਤ ਲੋਕ ਦਰਬਾਰ ਲਗਾਇਆ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਆਪਣੀਆਂ ਨਿੱਜੀ, ਸਮਾਜਿਕ ਅਤੇ ਆਰਥਿਕ ਸਮੱਸਿਆਵਾਂ ਲੈ ਕੇ ਪਹੁੰਚੇ। ਸਾਬਕਾ ਵਿਧਾਇਕ ਨੇ ਹਰ ਇੱਕ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਸੁਣਿਆ, ਸਬੰਧਿਤ ਅਧਿਕਾਰੀਆਂ ਨਾਲ ਸੰਪਰਕ ਕੀਤਾ ਅਤੇ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ। ਲੋਕ ਦਰਬਾਰ ਦੌਰਾਨ ਪਿੰਡ ਜੰਗਲ ਦੇ ਸਾਬਕਾ ਸਰਪੰਚ ਠਾਕੁਰ ਸ਼ਮਸ਼ੇਰ ਸਿੰਘ ਸ਼ੇਰੂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੀ ਗਾਂ ਅਚਾਨਕ ਬਿਮਾਰ ਹੋ ਗਈ ਸੀ ਅਤੇ ਉਸ ਦੀ ਮੌਤ ਹੋ ਗਈ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ। ਉਨ੍ਹਾਂ ਦੀ ਗੱਲ ਸੁਣਨ ਉਪਰੰਤ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਤੁਰੰਤ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਅਤੇ ਕਿਹਾ ਕਿ ਉਹ ਇਸ ਸਬੰਧੀ ਇੱਕ ਅਰਜ਼ੀ ਤਿਆਰ ਕਰ ਕੇ ਡਿਪਟੀ ਕਮਿਸ਼ਨਰ ਕੋਲ ਪੇਸ਼ ਕਰਨ ਤਾਂ ਜੋ ਸਰਕਾਰੀ ਨਿਯਮਾਂ ਅਨੁਸਾਰ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਸਕੇ।
ਇਸੇ ਦੌਰਾਨ ਪਿੰਡ ਸੁੰਦਰਚੱਕ ਦੇ ਰਹਿਣ ਵਾਲੇ ਮੁਕੇਸ਼ ਕੁਮਾਰ, ਪੁੱਤਰ ਹੰਸ ਰਾਜ, ਜੋ ਇਨ੍ਹਾਂ ਦਿਨਾਂ ਕਾਲੇ ਪੀਲੀਆ (ਲੀਵਰ ਦੀ ਬਿਮਾਰੀ) ਦੇ ਇਲਾਜ ਲਈ ਪੀਜੀਆਈ ਚੰਡੀਗੜ੍ਹ ਵਿੱਚ ਦਾਖਲ ਹਨ, ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਲੋਕ ਦਰਬਾਰ ਵਿੱਚ ਪਹੁੰਚੇ। ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਤੁਰੰਤ ਮੁਕੇਸ਼ ਕੁਮਾਰ ਨਾਲ ਫੋਨ ’ਤੇ ਗੱਲਬਾਤ ਕਰ ਕੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਅਤੇ ਹੌਸਲਾ ਅਫਜ਼ਾਈ ਕੀਤੀ। ਉਨ੍ਹਾਂ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਮਰੀਜ਼ ਦੇ ਇਲਾਜ ਲਈ ਸੰਸਦ ਮੈਂਬਰ ਫੰਡ (ਐੱਮਪੀ ਫੰਡ) ਅਤੇ ਹੋਰ ਸਰਕਾਰੀ ਸਕੀਮਾਂ ਰਾਹੀਂ ਆਰਥਿਕ ਮਦਦ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਤਾਂ ਜੋ ਇਲਾਜ ਵਿੱਚ ਪੈਸਿਆਂ ਦੀ ਕੋਈ ਰੁਕਾਵਟ ਨਾ ਆਵੇ। ਇਸ ਮੌਕੇ ਜੋਗਿੰਦਰ ਪਾਲ ਨੇ ਕਿਹਾ ਕਿ ਇੱਕ ਲੋਕ ਪ੍ਰਤਿਨਿਧੀ ਦੀ ਜ਼ਿੰਮੇਵਾਰੀ ਸਿਰਫ਼ ਚੋਣਾਂ ਤੱਕ ਸੀਮਿਤ ਨਹੀਂ ਹੁੰਦੀ, ਸਗੋਂ ਲੋਕਾਂ ਦੇ ਸੁੱਖ-ਦੁੱਖ ਵਿੱਚ ਉਨ੍ਹਾਂ ਦੇ ਨਾਲ ਖੜ੍ਹਾ ਰਹਿਣਾ ਹੀ ਅਸਲ ਜਨਸੇਵਾ ਹੈ। ਲੋਕ ਦਰਬਾਰ ਵਿੱਚ ਪਹੁੰਚੇ ਲੋਕਾਂ ਨੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਤੁਰੰਤ ਰਾਹਤ ਦੇਣ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਸਾਬਕਾ ਬਲਾਕ ਸੰਮਤੀ ਮੈਂਬਰ ਨਰਿੰਦਰ ਕੁਮਾਰ ਚਿੰਟਾ, ਮੋਹਿਤ ਕੁਮਾਰ, ਸੁਮਿਤਰਾ ਦੇਵੀ, ਸੰਤੋਸ਼ ਕੁਮਾਰੀ, ਅੰਜੂ ਬਾਲਾ, ਕਮਲੇਸ਼, ਰਾਜਰਾਣੀ, ਜਗੀਰੋ ਦੇਵੀ, ਮੋਹਿਤ ਕੁਮਾਰ ਗੌਤਮ, ਭਗਵਾਨ ਸਰ, ਜੌਨੀ ਕੁਮਾਰ, ਲਵਲੀ ਕੁਮਾਰ, ਦਵਿੰਦਰ ਕੁਮਾਰ, ਜੋਗਿੰਦਰ ਪਾਲ ਅਤੇ ਹੋਰ ਹਾਜ਼ਰ ਸਨ।