ਕਬਾੜ ਦੀ ਦੁਕਾਨ ’ਚ ਲੱਗੀ ਅੱਗ, ਸਾਮਾਨ ਸੜਿਆ, ਘਰ ਦਾ ਬਚਾਅ
ਕਬਾੜ ਦੁਕਾਨ ਵਿੱਚ ਲੱਗੀ ਅੱਗ, ਸਮਾਨ ਸੜਿਆ, ਘਰ ਦਾ ਬਚਾਅ
Publish Date: Sun, 21 Jun 2026 03:34 PM (IST)
Updated Date: Sun, 21 Jun 2026 03:36 PM (IST)

- ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ ’ਤੇ ਸਮੇਂ ਸਿਰ ਪਾਇਆ ਗਿਆ ਕਾਬੂ ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ : ਸ਼ਹਿਰ ਦੇ ਸਰਕਾਰੀ ਕਾਲਜ ਰੋਡ ਸਥਿਤ ਸੰਤ ਨਗਰ ਦੇ ਨੇੜੇ ਇੱਕ ਕਬਾੜ ਦੀ ਦੁਕਾਨ ਵਿੱਚ ਦੇਰ ਰਾਤ ਅਚਾਨਕ ਅੱਗ ਲੱਗ ਗਈ। ਅੱਗ ਕਾਰਨ ਦੁਕਾਨ ਵਿੱਚ ਰੱਖਿਆ ਪਲਾਸਟਿਕ ਸਮੇਤ ਹੋਰ ਸਮਾਨ ਸੜ ਗਿਆ। ਹਾਲਾਂਕਿ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਗੱਡੀ ਤੁਰੰਤ ਮੌਕੇ ਤੇ ਪਹੁੰਚ ਗਈ ਅਤੇ ਅੱਗ ਤੇ ਕਾਬੂ ਪਾ ਲਿਆ ਜਿਸ ਨਾਲ ਵੱਧ ਨੁਕਸਾਨ ਨਹੀਂ ਹੋ ਸਕਿਆ। ਖੁਸ਼ਕਿਸਮਤੀ ਇਹ ਰਹੀ ਕਿ ਅੱਗ ਦੌਰਾਨ ਦੁਕਾਨ ਦਾ ਮਾਲਕ ਵਿਕਾਸ ਮਹਾਜਨ ਆਪਣੇ ਪਰਿਵਾਰ ਨਾਲ ਅੰਮ੍ਰਿਤਸਰ ਗਿਆ ਹੋਇਆ ਸੀ ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਜਾਣਕਾਰੀ ਅਨੁਸਾਰ ਦੇਰ ਰਾਤ ਅਚਾਨਕ ਦੁਕਾਨ ਵਿੱਚ ਅੱਗ ਲੱਗਣ ਦੀ ਸੂਚਨਾ ਆਸ-ਪਾਸ ਦੇ ਲੋਕਾਂ ਨੇ ਦੁਕਾਨ ਮਾਲਕ ਨੂੰ ਫੋਨ ਤੇ ਦਿੱਤੀ। ਉਸ ਸਮੇਂ ਵਿਕਾਸ ਮਹਾਜਨ ਆਪਣੇ ਪੂਰੇ ਪਰਿਵਾਰ ਨਾਲ ਅੰਮ੍ਰਿਤਸਰ ਵਿੱਚ ਸੀ। ਉਸਨੇ ਤੁਰੰਤ ਆਪਣੇ ਇੱਕ ਦੋਸਤ ਨੂੰ ਸੂਚਨਾ ਦਿੱਤੀ ਅਤੇ ਗੁਰਦਾਸਪੁਰ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ ਤੇ ਪਹੁੰਚੀ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਫਾਇਰ ਅਫਸਰ ਸੁਖਵਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਸਖ਼ਤ ਮਿਹਨਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ। ਹਾਲਾਂਕਿ ਉਦੋਂ ਤੱਕ ਦੁਕਾਨ ਵਿੱਚ ਰੱਖਿਆ ਕੁਝ ਸਮਾਨ ਸੜ ਚੁੱਕਾ ਸੀ। ਦੁਕਾਨ ਦੇ ਬਿਲਕੁਲ ਉੱਪਰ ਮਕਾਨ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਜੋ ਉਸ ਸਮੇਂ ਬਾਹਰ ਸੀ। ਜੇਕਰ ਫਾਇਰ ਬ੍ਰਿਗੇਡ ਦੇ ਪਹੁੰਚਣ ਵਿੱਚ ਥੋੜ੍ਹੀ ਜਿਹੀ ਵੀ ਦੇਰ ਹੁੰਦੀ ਤਾਂ ਅੱਗ ਉੱਪਰਲੀ ਮੰਜ਼ਿਲ ਤੱਕ ਪਹੁੰਚ ਸਕਦੀ ਸੀ ਅਤੇ ਇੱਕ ਵੱਡਾ ਹਾਦਸਾ ਵਾਪਰ ਸਕਦਾ ਸੀ। ਸਥਾਨਕ ਲੋਕਾਂ ਨੇ ਵੀ ਐਮਰਜੈਂਸੀ ਵਿੱਚ ਦੁਕਾਨ ਮਾਲਕ ਦੀ ਮਦਦ ਕੀਤੀ ਅਤੇ ਸਮਾਨ ਬਾਹਰ ਕੱਢਣ ਵਿੱਚ ਸਹਿਯੋਗ ਦਿੱਤਾ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ੁਰੂਆਤੀ ਜਾਂਚ ਵਿੱਚ ਸ਼ਾਰਟ ਸਰਕਟ ਨੂੰ ਅੱਗ ਦਾ ਕਾਰਨ ਮੰਨਿਆ ਜਾ ਰਿਹਾ ਹੈ ਪਰ ਪੁਸ਼ਟੀ ਅਜੇ ਬਾਕੀ ਹੈ। ਦੁਕਾਨ ਮਾਲਕ ਵਿਕਾਸ ਮਹਾਜਨ ਨੇ ਦੱਸਿਆ ਕਿ ਉਸਨੂੰ ਦੋਸਤ ਰਾਹੀਂ ਅੱਗ ਦੀ ਸੂਚਨਾ ਮਿਲੀ ਅਤੇ ਉਹ ਤੁਰੰਤ ਅੰਮ੍ਰਿਤਸਰ ਤੋਂ ਗੁਰਦਾਸਪੁਰ ਵਾਪਸ ਆ ਗਿਆ। ਉਸਨੇ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਦੀ ਤਤਪਰਤਾ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਜੇਕਰ ਥੋੜ੍ਹੀ ਹੋਰ ਦੇਰ ਹੁੰਦੀ ਤਾਂ ਉਸਦੀ ਪੂਰੀ ਦੁਕਾਨ ਅਤੇ ਉੱਪਰਲਾ ਮਕਾਨ ਵੀ ਸੜ ਸਕਦਾ ਸੀ।