ਸਾਬਕਾ ਸਰਪੰਚਣੀ ਦੇ ਘਰ ਦਿਨ ਚੜ੍ਹਦੇ ਲੁੱਟ, ਬੰਧਕ ਬਣਾ ਕੇ ਸੋਨੇ ਦੀਆਂ ਵਾਲੀਆਂ ਤੇ 25 ਹਜ਼ਾਰ ਰੁਪਏ ਲੈ ਗਏ ਲੁਟੇਰੇ; CCTV ਦਾ DVR ਵੀ ਨਹੀਂ ਛੱਡਿਆ
ਜਸਬੀਰ ਕੌਰ ਨੇ ਦੱਸਿਆ ਕਿ ਉਸ ਨੂੰ ਪਟਾਕੇ ਵਰਗੀ ਆਵਾਜ਼ ਵੀ ਸੁਣਾਈ ਦਿੱਤੀ। ਇਸ ਮੌਕੇ ਜਸਬੀਰ ਕੌਰ ਅਤੇ ਉਸ ਦੇ ਪਰਿਵਾਰਕ ਜੀਆਂ ਨੇ ਐੱਸਐੱਸਪੀ ਗੁਰਦਾਸਪੁਰ ਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਸ ਦੇ ਘਰ ਵਿੱਚੋਂ ਚੋਰੀ ਕਰਨ ਵਾਲੇ ਸ਼ਰਾਰਤੀ ਅਨਸਰਾਂ ਦੀ ਬਰੀਕੀ ਨਾਲ ਭਾਲ ਕੀਤੀ ਜਾਵੇ ਅਤੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।
Publish Date: Sat, 17 Oct 2026 03:51 PM (IST)
Updated Date: Sat, 17 Oct 2026 04:04 PM (IST)
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ : ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਵਡਾਲਾ ਬਾਂਗਰ ਦੀ ਸਾਬਕਾ ਸਰਪੰਚਣੀ ਜਸਬੀਰ ਕੌਰ ਕਾਹਲੋਂ ਨੂੰ ਸ਼ਨਿਚਰਵਾਰ ਤੜਕਸਾਰ ਦੋ ਅਣਪਛਾਤੇ ਵਿਅਕਤੀ ਬੰਧਕ ਬਣਾ ਕੇ ਉਸ ਦੇ ਕੰਨਾਂ 'ਚ ਪਾਈਆਂ ਸੋਨੇ ਦੀਆਂ ਵਾਲੀਆਂ ਤੋਂ ਇਲਾਵਾ ਅਲਮਾਰੀ 'ਚ ਰੱਖੀ 25 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਕੇ ਫਰਾਰ ਹੋ ਗਏ। ਇਸ ਮੌਕੇ ਚੋਰ ਘਰ 'ਚ ਲੱਗੇ ਸੀਸੀਟੀਵੀ ਕੈਮਰੇ ਦਾ ਡੀਵੀਆਰ ਵੀ ਚੋਰੀ ਕਰਕੇ ਨਾਲ ਲੈ ਗਏ। ਇਸ ਘਟਨਾ ਦੀ ਖ਼ਬਰ ਸੁਣਦਿਆਂ ਹੀ ਪੁਲਿਸ ਥਾਣਾ ਕਲਾਨੌਰ ਦੇ ਐੱਸਐੱਚਓ ਅਮਨਦੀਪ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਤੇ ਪੀੜਤ ਮਹਿਲਾ ਨਾਲ ਗੱਲਬਾਤ ਕੀਤੀ। ਇਸ ਮੌਕੇ ਜਸਬੀਰ ਕੌਰ ਸਾਬਕਾ ਸਰਪੰਚਣੀ ਪਿੰਡ ਵਡਾਲਾ ਬਾਂਗਰ ਨੇ ਦੱਸਿਆ ਕਿ ਉਸ ਦੇ ਦੋ ਬੇਟੇ, ਨੂੰਹਾਂ ਤੇ ਧੀ ਕੈਨੇਡਾ ਤੇ ਇਟਲੀ ਰਹਿੰਦੇ ਹਨ।
ਜਸਬੀਰ ਕੌਰ ਨੇ ਦੱਸਿਆ ਕਿ ਘਰ 'ਚ ਇਕੱਲੀ ਹੋਣ ਕਰਕੇ ਉਹ ਅੱਜ ਰਾਤ ਆਪਣੇ ਗੁਆਂਢੀਆਂ ਦੇ ਘਰ ਸੁੱਤੀ ਸੀ ਤੇ ਸਵੇਰੇ 6 ਵਜੇ ਦੇ ਕਰੀਬ ਜਦੋਂ ਉਹ ਆਪਣੇ ਘਰ ਆਈ ਤਾਂ ਦੋ ਵਿਅਕਤੀ ਉਸ ਦੇ ਘਰ ਦੇ ਗੇਟ ਮੂਹਰੇ ਖੜ੍ਹੇ ਸਨ, ਜੋ ਸ਼ੁੱਕਰਵਾਰ ਸ਼ਾਮ ਨੂੰ ਵੀ ਆਏ ਸਨ। ਉਨ੍ਹਾਂ ਕਿਹਾ ਕਿ ਉਹ ਜੇਲ੍ਹ 'ਚੋਂ ਆਏ ਹਨ ਤੇ ਉਨ੍ਹਾਂ ਨੇ ਮੇਰੇ ਪਤੀ ਬਾਰੇ ਗੱਲਬਾਤ ਕੀਤੀ ਤੇ ਉਹ ਮੇਰੇ ਨਾਲ ਹੀ ਘਰ ਦੀ ਦੂਜੀ ਮੰਜ਼ਿਲ 'ਤੇ ਚੜ੍ਹ ਗਏ। ਇਸ ਦੌਰਾਨ ਜਦੋਂ ਮੈਂ ਉਨ੍ਹਾਂ ਲਈ ਚਾਹ ਬਣਾ ਰਹੀ ਸੀ ਤਾਂ ਉਕਤ ਦੋਵਾਂ ਨੌਜਵਾਨਾਂ ਨੇ ਮੇਰੇ ਕੰਨਾਂ ਦੀਆਂ ਵਾਲੀਆਂ ਲਾਹ ਕੇ ਬੰਧਕ ਬਣਾ ਕੇ ਮੈਨੂੰ ਕਮਰੇ 'ਚ ਬੰਦ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਉਕਤ ਵਿਅਕਤੀਆਂ ਵੱਲੋਂ ਦੂਜੇ ਕਮਰੇ ਦੀ ਅਲਮਾਰੀ 'ਚ ਪਏ 25 ਹਜ਼ਾਰ ਰੁਪਏ ਜੋ ਉਸ ਨੇ ਕਮੇਟੀ ਪਾਈ ਸੀ, ਕੱਢ ਕੇ ਲੈ ਗਏ।
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਉਕਤ ਵਿਅਕਤੀਆਂ ਨੇ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਡੀਵੀਆਰ ਬਾਰੇ ਪੁੱਛਿਆ ਅਤੇ ਇਸ ਦੌਰਾਨ ਉਹ ਸੀਸੀਟੀਵੀ ਕੈਮਰੇ ਦਾ ਡੀਵੀਆਰ ਵੀ ਲੈ ਗਏ। ਜਸਬੀਰ ਕੌਰ ਨੇ ਦੱਸਿਆ ਕਿ ਉਸ ਨੂੰ ਪਟਾਕੇ ਵਰਗੀ ਆਵਾਜ਼ ਵੀ ਸੁਣਾਈ ਦਿੱਤੀ। ਇਸ ਮੌਕੇ ਜਸਬੀਰ ਕੌਰ ਅਤੇ ਉਸ ਦੇ ਪਰਿਵਾਰਕ ਜੀਆਂ ਨੇ ਐੱਸਐੱਸਪੀ ਗੁਰਦਾਸਪੁਰ ਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਸ ਦੇ ਘਰ ਵਿੱਚੋਂ ਚੋਰੀ ਕਰਨ ਵਾਲੇ ਸ਼ਰਾਰਤੀ ਅਨਸਰਾਂ ਦੀ ਬਰੀਕੀ ਨਾਲ ਭਾਲ ਕੀਤੀ ਜਾਵੇ ਅਤੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਪਹੁੰਚੇ ਐੱਸਐੱਚਓ ਅਮਨਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਮੌਕੇ 'ਤੇ ਪਹੁੰਚ ਕੇ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਆਸਪਾਸ ਦੇ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ ਜਾ ਰਹੇ ਹਨ।