
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਇੱਕ ਪੰਪ ਦੀ ਸਪਰੇਅ ਦੇ 50 ਰੁਪਏ ਮਿਲਦੇ ਹਨ ਅਤੇ ਇੱਕ ਵਿਅਕਤੀ ਰੋਜ਼ਾਨਾ 20 ਤੋਂ 25 ਪੰਪ ਤੱਕ ਸਪਰੇਅ ਕਰ ਲੈਂਦਾ ਹੈ। ਕਿਸਾਨਾਂ ਵੱਲੋਂ ਕਈ ਦਿਨ ਪਹਿਲਾਂ ਹੀ ਸਪਰੇਅ ਲਈ ਬੁਕਿੰਗ ਕਰਵਾਈ ਜਾ ਰਹੀ ਹੈ।

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ : ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਵਿੱਚ ਝੋਨੇ ਦੀ ਫ਼ਸਲ ’ਤੇ ਹਲਦੀ ਰੋਗ ਅਤੇ ਪੱਤਾ ਲਪੇਟ ਸੁੰਡੀ ਦੀ ਰੋਕਥਾਮ ਲਈ ਕਿਸਾਨਾਂ ਵੱਲੋਂ ਵੱਡੇ ਪੱਧਰ ’ਤੇ ਕੀਟਨਾਸ਼ਕ ਦਵਾਈਆਂ ਦੀ ਸਪਰੇਅ ਕਰਵਾਈ ਜਾ ਰਹੀ ਹੈ। ਇਸ ਕਾਰਨ ਪੰਪਾਂ ਨਾਲ ਸਪਰੇਅ ਕਰਨ ਵਾਲੇ ਮਜ਼ਦੂਰਾਂ ਅਤੇ ਨੌਜਵਾਨਾਂ ਨੂੰ ਵੀ ਲਗਾਤਾਰ ਕੰਮ ਮਿਲ ਰਿਹਾ ਹੈ।
ਜ਼ਿਲ੍ਹੇ ਵਿੱਚ ਇਸ ਵਾਰ ਕਰੀਬ 1.70 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਅਤੇ ਬਾਸਮਤੀ ਦੀ ਬਿਜਾਈ ਕੀਤੀ ਗਈ ਹੈ। ਕਿਸਾਨਾਂ ਮਲਕੀਤ ਸਿੰਘ, ਕੁਲਵੰਤ ਸਿੰਘ ਅਤੇ ਲਖਵਿੰਦਰ ਸਿੰਘ ਨੇ ਦੱਸਿਆ ਕਿ ਗਰਮੀ ਅਤੇ ਹੁੰਮਸ ਕਾਰਨ ਫ਼ਸਲ ’ਤੇ ਪੱਤਾ ਲਪੇਟ ਸੁੰਡੀ, ਹਲਦੀ ਰੋਗ ਅਤੇ ਉੱਲੀ ਰੋਗ ਦਾ ਖ਼ਤਰਾ ਬਣਿਆ ਹੋਇਆ ਹੈ। ਇਸ ਲਈ ਉਹ ਮਹਿੰਗੀਆਂ ਦਵਾਈਆਂ ਅਤੇ ਮਜ਼ਦੂਰੀ ’ਤੇ ਖਰਚ ਕਰਕੇ ਫ਼ਸਲ ਦੀ ਸੁਰੱਖਿਆ ਲਈ ਸਪਰੇਅ ਕਰਵਾ ਰਹੇ ਹਨ।
ਕਿਸਾਨਾਂ ਨੇ ਦੱਸਿਆ ਕਿ ਪਿਛਲੇ ਸਾਲਾਂ ਵਿੱਚ ਪੱਤਾ ਲਪੇਟ ਸੁੰਡੀ, ਗੋਭ ਸੁੰਡੀ ਅਤੇ ਚਾਈਨਾ ਵਾਇਰਸ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ। ਇਸ ਵਾਰ ਵੀ ਫ਼ਸਲ ਨੂੰ ਨੁਕਸਾਨ ਤੋਂ ਬਚਾਉਣ ਲਈ ਉਹ ਪਹਿਲਾਂ ਹੀ ਸਪਰੇਅ ਕਰਵਾ ਰਹੇ ਹਨ।
ਸਪਰੇਅ ਦੇ ਕੰਮ ’ਚ ਮਜ਼ਦੂਰਾਂ ਨੂੰ ਮਿਲ ਰਹੀ ਚੰਗੀ ਦਿਹਾੜੀ
ਸਪਰੇਅ ਕਰਨ ਵਾਲੇ ਮਜ਼ਦੂਰ ਸੋਨ ਮਸੀਹ, ਸਤਨਾਮ ਮਸੀਹ, ਵਿੱਕੀ ਮਸੀਹ ਅਤੇ ਵਿਕਰਮ ਨੇ ਦੱਸਿਆ ਕਿ ਉਹ ਸੱਤ ਸਾਥੀਆਂ ਨਾਲ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿੱਚ ਰੋਜ਼ਾਨਾ ਝੋਨੇ ਦੀ ਸਪਰੇਅ ਕਰ ਰਹੇ ਹਨ। ਇੱਕ ਮਜ਼ਦੂਰ ਨੂੰ ਰੋਜ਼ਾਨਾ 1000 ਤੋਂ 1200 ਰੁਪਏ ਦਿਹਾੜੀ ਮਿਲ ਰਹੀ ਹੈ। ਇੱਕ ਪੰਪ ਦੀ ਸਪਰੇਅ ਦੇ 50 ਰੁਪਏ ਮਿਲਦੇ ਹਨ ਅਤੇ ਇੱਕ ਵਿਅਕਤੀ ਰੋਜ਼ਾਨਾ 20 ਤੋਂ 25 ਪੰਪ ਤੱਕ ਸਪਰੇਅ ਕਰ ਲੈਂਦਾ ਹੈ। ਕਿਸਾਨਾਂ ਵੱਲੋਂ ਕਈ ਦਿਨ ਪਹਿਲਾਂ ਹੀ ਸਪਰੇਅ ਲਈ ਬੁਕਿੰਗ ਕਰਵਾਈ ਜਾ ਰਹੀ ਹੈ।
ਵੇਖੋ-ਵੇਖੀ ਸਪਰੇਅ ਨਾ ਕਰਨ ਕਿਸਾਨ
ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ. ਸ਼ਹਿਬਾਜ਼ ਸਿੰਘ ਨੇ ਕਿਹਾ ਕਿ ਬਾਰਿਸ਼ ਹੋਣ ਨਾਲ ਪੱਤਾ ਲਪੇਟ ਸੁੰਡੀ ਕਾਫ਼ੀ ਹੱਦ ਤੱਕ ਝੜ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਈ ਕਿਸਾਨ ਵੇਖੋ-ਵੇਖੀ ਮਹਿੰਗੀਆਂ ਦਵਾਈਆਂ ਦੀ ਸਪਰੇਅ ਕਰਵਾ ਰਹੇ ਹਨ। ਕਿਸਾਨ ਪਹਿਲਾਂ ਸਬੰਧਤ ਬਲਾਕ ਖੇਤੀਬਾੜੀ ਅਫ਼ਸਰ ਨੂੰ ਸਮੱਸਿਆ ਬਾਰੇ ਸੂਚਿਤ ਕਰਨ ਅਤੇ ਖੇਤੀਬਾੜੀ ਮਾਹਰਾਂ ਦੀ ਸਲਾਹ ਤੋਂ ਬਾਅਦ ਹੀ ਦਵਾਈ ਦੀ ਵਰਤੋਂ ਕਰਨ। ਉਨ੍ਹਾਂ ਬੇਲੋੜੀ ਸਪਰੇਅ ਤੋਂ ਬਚ ਕੇ ਖਰਚਾ ਘਟਾਉਣ ਦੀ ਅਪੀਲ ਕੀਤੀ।