- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸਾਨ ਦੀ ਹੱਤਿਆ ਕਰਨ ਵਾਲੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਬੱਬਰੀ ਬਾਈਪਾਸ 'ਤੇ ਕਿਸਾਨਾਂ ਦਾ ਧਰਨਾ

ਆਕਾਸ਼, ਪੰਜਾਬੀ ਜਾਗਰਣ
ਗੁਰਦਾਸਪੁਰ: ਗੁਰਦਾਸਪੁਰ ਦੇ ਕਸਬਾ ਕਾਹਨੂੰਵਾਨ ਦੇ ਪਿੰਡ ਨਵਾਂ ਪਿੰਡ ਵਿੱਚ ਕਰੀਬ 25 ਦਿਨ ਪਹਿਲਾਂ ਜ਼ਮੀਨੀ ਵਿਵਾਦ ਕਾਰਨ ਇੱਕ ਕਿਸਾਨ ਕੁਲਵਿੰਦਰ ਸਿੰਘ ਦਾ ਅਗਵਾ ਕਰਨ ਤੋਂ ਬਾਅਦ ਹੱਤਿਆ ਕਰਨ ਵਾਲੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਗੁਰਦਾਸਪੁਰ ਦੇ ਬੱਬਰੀ ਬਾਈਪਾਸ 'ਤੇ ਧਰਨਾ ਦਿੱਤਾ। ਧਰਨਾ ਲਾਉਣ ਤੋਂ ਪਹਿਲਾਂ ਪੁਲਿਸ ਨੇ ਪਰਿਵਾਰਕ ਮੈਂਬਰਾਂ ਅਤੇ ਕਿਸਾਨਾਂ ਨੂੰ ਸਠਿਆਲੀ ਪੁਲ ਦੇ ਨੇੜੇ ਹੀ ਰਸਤੇ ਵਿੱਚ ਰੋਕ ਲਿਆ ਜਿਸ ਨੂੰ ਲੈ ਕੇ ਪੁਲਿਸ ਅਤੇ ਪਰਿਵਾਰਕ ਮੈਂਬਰਾਂ ਵਿਚਕਾਰ ਬਹਿਸਬਾਜ਼ੀ ਵੀ ਹੋਈ। ਹਾਲਾਂਕਿ ਜਿਵੇਂ-ਤਿਵੇਂ ਕਰਕੇ ਪਰਿਵਾਰਕ ਮੈਂਬਰ ਧਰਨੇ ਵਾਲੀ ਥਾਂ 'ਤੇ ਜਾਣ ਲਈ ਕਾਮਯਾਬ ਹੋ ਗਏ।
ਜ਼ਿਕਰਯੋਗ ਹੈ ਕਿ 23 ਮਈ ਨੂੰ ਪਸ਼ੂਆਂ ਦੀ ਹਵੇਲੀ ਨੂੰ ਜਾਂਦੇ ਰਸਤੇ ਅਤੇ ਖੇਤ ਦੇ ਕਿਨਾਰੇ ਨੂੰ ਲੈ ਕੇ ਕੁਝ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕਿਸਾਨ ਕੁਲਵਿੰਦਰ ਸਿੰਘ ਦਾ ਅਗਵਾ ਕਰਨ ਤੋਂ ਬਾਅਦ ਹੱਤਿਆ ਕਰ ਦਿੱਤੀ ਸੀ। ਬਾਅਦ ਵਿੱਚ ਪੁਲਿਸ ਵੱਲੋਂ ਢਿੱਲੀ ਕਾਰਵਾਈ ਕੀਤੇ ਜਾਣ ਦੇ ਵਿਰੋਧ ਵਿੱਚ ਪਰਿਵਾਰਕ ਮੈਂਬਰਾਂ ਨੇ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਉਸ ਸਮੇਂ ਸਠਿਆਲੀ ਪੁਲ 'ਤੇ ਲਾਸ਼ ਰੱਖ ਕੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਨ ਅਤੇ ਗ੍ਰਿਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਧਰਨਾ ਲਗਾਇਆ ਗਿਆ ਸੀ। ਉਸ ਸਮੇਂ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਭਰੋਸੇ ਤੋਂ ਬਾਅਦ ਧਰਨਾਕਾਰੀਆਂ ਨੇ ਆਪਣਾ ਧਰਨਾ ਚੁੱਕ ਲਿਆ ਸੀ ਜਿਸ ਤੋਂ ਬਾਅਦ ਮ੍ਰਿਤਕ ਦਾ ਸਸਕਾਰ ਕੀਤਾ ਗਿਆ। ਭਰੋਸੇ ਦੇ ਬਾਵਜੂਦ ਵੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ ਸੀ, ਜਿਸ ਕਾਰਨ ਪਰਿਵਾਰ ਅਤੇ ਇਲਾਕੇ ਦੇ ਕਿਸਾਨ ਸੰਗਠਨਾਂ ਨੇ ਪਠਾਨਕੋਟ-ਅੰਮ੍ਰਿਤਸਰ ਹਾਈਵੇ 'ਤੇ ਗੁਰਦਾਸਪੁਰ ਬੱਬਰੀ ਚੌਂਕ ਵਿੱਚ ਧਰਨਾ ਦੇਣ ਦਾ ਫੈਸਲਾ ਲਿਆ ਸੀ।
ਧਰਨੇ ਵਿੱਚ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਕਾਦੀਆਂ ਦੇ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਅਤੇ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਦੇਸ਼ ਪ੍ਰਧਾਨ ਰਾਜੂ ਔਲਖ ਨੇ ਦੱਸਿਆ ਕਿ ਕਿਸਾਨ ਕੁਲਵਿੰਦਰ ਸਿੰਘ ਦਾ ਕੁਝ ਲੋਕਾਂ ਨੇ ਅਗਵਾ ਕਰਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਪਹਿਲਾਂ ਤਾਂ ਪੁਲਿਸ ਮਾਮਲਾ ਦਰਜ ਨਹੀਂ ਕਰ ਰਹੀ ਸੀ, ਜਿਸ ਕਾਰਨ ਉਸ ਸਮੇਂ ਸਠਿਆਲੀ ਪੁਲ 'ਤੇ ਧਰਨਾ ਦੇਣ ਲਈ ਮਜ਼ਬੂਰ ਹੋਣਾ ਪਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਕੁਲਵੰਤ ਸਿੰਘ, ਸਤਨਾਮ ਸਿੰਘ, ਜਨਕਾਰ ਸਿੰਘ, ਰਾਕੇਸ਼ ਮਸੀਹ, ਨਰੇਸ਼ ਮਸੀਹ, ਮੈਨਯੁਅਲ ਮਸੀਹ, ਕੁਲਦੀਪ ਸਿੰਘ, ਜਸ਼ਨਪ੍ਰੀਤ ਸਿੰਘ ਤੋਂ ਇਲਾਵਾ ਤਿੰਨ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕੀਤਾ, ਪਰ ਮਾਮਲਾ ਦਰਜ ਹੋਣ ਤੋਂ ਬਾਅਦ ਵੀ ਪੁਲਿਸ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਢਿੱਲੀ ਕਾਰਵਾਈ ਕਰ ਰਹੀ ਸੀ। ਇਸ ਦੌਰਾਨ ਐੱਸਐੱਸਪੀ ਗੁਰਦਾਸਪੁਰ ਨਾਲ ਵੀ ਕਈ ਵਾਰ ਮੀਟਿੰਗਾਂ ਹੋਈਆਂ ਅਤੇ ਹਰ ਵਾਰ ਛੇਤੀ ਗ੍ਰਿਫ਼ਤਾਰੀ ਦਾ ਭਰੋਸਾ ਮਿਲਿਆ। ਜੇਕਰ ਪੁਲਿਸ ਚਾਹੇ ਤਾਂ ਮੁਲਜ਼ਮਾਂ ਨੂੰ ਲੱਭ ਸਕਦੀ ਹੈ, ਪਰ ਮਾਮਲੇ ਵਿੱਚ ਮੁਲਜ਼ਮਾਂ ਨੂੰ ਜਾਣ-ਬੁੱਝ ਕੇ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ। ਧਰਨਾਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਪੁਲਿਸ ਪ੍ਰਸ਼ਾਸਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰਦਾ ਜਾਂ ਫਿਰ ਕੋਈ ਲਿਖਤੀ ਵਾਅਦਾ ਨਹੀਂ ਕਰਦਾ, ਉਦੋਂ ਤੱਕ ਧਰਨਾ-ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ। ਉਨ੍ਹਾਂ ਮੰਗ ਕੀਤੀ ਕਿ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਮੁਲਜ਼ਮਾਂ ਨੂੰ ਬਿਨਾਂ ਕਿਸੇ ਦੇਰੀ ਦੇ ਤੁਰੰਤ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਿਆ ਜਾਵੇ।
ਦੂਜੇ ਧਰਨਾ ਸਥਾਨ 'ਤੇ ਪਹੁੰਚੇ ਡੀਐੱਸਪੀ ਰਜਿੰਦਰ ਮਨਹਾਸ ਵੱਲੋਂ ਧਰਨਾਕਾਰੀਆਂ ਨੂੰ ਸਮਝਾਉਣ ਦਾ ਯਤਨ ਕੀਤਾ ਜਾ ਰਿਹਾ ਹੈ, ਪਰ ਧਰਨਾਕਾਰੀ ਆਪਣੀ ਮੰਗ 'ਤੇ ਅੜ੍ਹੇ ਹਨ। ਖਬਰ ਲਿਖੇ ਜਾਣ ਤੱਕ ਧਰਨਾਕਾਰੀ ਧਰਨੇ 'ਤੇ ਡਟੇ ਹੋਏ ਹਨ।