- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਝੋਨੇ ਦੀ ਫ਼ਸਲ ਦਾ ਚੋਖਾ ਝਾੜ ਲੈਣ ਲਈ ਕਿਸਾਨਾਂ ਵੱਲੋਂ ਲੋੜ ਤੋਂ ਵੱਧ ਪਾਈਆਂ ਜਾ ਰਹੀਆਂ ਖਾਦਾਂ

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ
ਕਲਾਨੌਰ : ਝੋਨੇ ਦੀ ਖੇਤੀ ਵਿੱਚ ਮੋਹਰੀ ਸਮਝੇ ਜਾਂਦੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਵਿੱਚ ਇਸ ਵਾਰ ਪਹਿਲੀ ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਹੋਣ ਉਪਰੰਤ ਕਿਸਾਨਾਂ ਵੱਲੋਂ ਬਿਜਾਈ ਕੀਤੇ ਝੋਨੇ ਦੀ ਫ਼ਸਲ ਦਾ ਵਧੇਰੇ ਝਾੜ ਲੈਣ ਲਈ ਲੋੜ ਤੋਂ ਵੱਧ ਮਹਿੰਗੇ ਭਾਅ ਦੀਆਂ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਵਿੱਚ ਇਸ ਸੀਜ਼ਨ ਦੌਰਾਨ ਖੇਤੀਬਾੜੀ ਵਿਭਾਗ ਵੱਲੋਂ ਕਰੀਬ 1 ਲੱਖ 70 ਹਜ਼ਾਰ ਹੈੱਕਟੇਅਰ ਜ਼ਮੀਨ ਵਿੱਚ ਝੋਨੇ ਅਤੇ ਬਾਸਮਤੀ ਦੀਆਂ ਵੱਖ-ਵੱਖ ਕਿਸਮਾਂ ਦੀ ਬਿਜਾਈ ਕਰਨ ਦਾ ਟੀਚਾ ਰੱਖਿਆ ਗਿਆ ਸੀ। ਪਰ ਕਿਸਾਨਾਂ ਵੱਲੋਂ ਆਪਣੀਆਂ ਮਾਲਕੀ ਅਤੇ ਮਹਿੰਗੇ ਭਾਅ ’ਤੇ ਠੇਕੇ ’ਤੇ ਲਈਆਂ ਜ਼ਮੀਨਾਂ ਵਿੱਚ ਬੀਜੇ ਝੋਨੇ ਅਤੇ ਬਾਸਮਤੀ ਦਾ ਵੱਧ ਝਾੜ ਲੈਣ ਲਈ ਖੇਤੀਬਾੜੀ ਵਿਭਾਗ ਦੀਆਂ ਹਦਾਇਤਾਂ ਤੋਂ ਬਿਨਾਂ ਵਧੇਰੇ ਖਾਦਾਂ ਤੇ ਦਵਾਈਆਂ ਫ਼ਸਲਾਂ ਨੂੰ ਪਾਈਆਂ ਜਾ ਰਹੀਆਂ ਹਨ। ਕਿਸਾਨਾਂ ਵੱਲੋਂ ਲੋੜ ਤੋਂ ਵੱਧ ਪਾਈਆਂ ਜਾ ਰਹੀਆਂ ਖਾਦਾਂ ਨਾਲ ਝੋਨੇ ਦੀ ਫ਼ਸਲ ’ਤੇ ਵਧੇਰੇ ਖਰਚਾ ਆ ਰਿਹਾ ਹੈ, ਜਿਸ ਕਾਰਨ ਉਨ੍ਹਾਂ ’ਤੇ ਵਾਧੂ ਆਰਥਿਕ ਬੋਝ ਪੈ ਰਿਹਾ ਹੈ। ਇਸ ਤੋਂ ਇਲਾਵਾ ਜ਼ਿਆਦਾ ਖਾਦਾਂ ਅਤੇ ਦਵਾਈਆਂ ਦਾ ਛਿੜਕਾਅ ਮਨੁੱਖੀ ਸਿਹਤ ਲਈ ਵੀ ਨੁਕਸਾਨਦੇਹ ਹੈ।
ਇਸ ਮੌਕੇ ਕਿਸਾਨ ਮਨਦੀਪ ਸਿੰਘ ਭੰਗੂ, ਦਿਲਬਾਗ ਸਿੰਘ, ਅੰਮ੍ਰਿਤਪਾਲ ਸਿੰਘ, ਅਵਤਾਰ ਸਿੰਘ, ਸੁਵਿੰਦਰ ਸਿੰਘ, ਹੀਰਾ ਸਿੰਘ ਆਦਿ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਝੋਨੇ ਅਤੇ ਬਾਸਮਤੀ ਦੀ ਪਨੀਰੀ ਬਿਜਾਈ ਮੌਕੇ ਇੱਕ ਕਨਾਲ ਪਨੀਰੀ ਦੇ ਰਕਬੇ ਵਿੱਚ 20 ਕਿਲੋ ਯੂਰੀਆ ਤੇ ਡਾਇਆ ਖਾਦ ਪਾ ਕੇ ਪਨੀਰੀਆਂ ਦਾ ਪਾਲਣ-ਪੋਸ਼ਣ ਕੀਤਾ ਗਿਆ, ਜਦਕਿ ਪਨੀਰੀਆਂ ਨੂੰ ਖੇਤਾਂ ਵਿੱਚ ਲਾਉਣ ਤੋਂ ਬਾਅਦ ਕਿਸਾਨਾਂ ਵੱਲੋਂ ਇੱਕ ਬੋਰੀ ਯੂਰੀਆ ਅਤੇ ਇੱਕ ਬੋਰੀ ਪੋਟਾਸ਼, ਜਾਂ ਯੂਰੀਆ ਅਤੇ ਡਾਇਆ (ਇੱਕ-ਇੱਕ ਬੋਰੀ) ਬਿਜਾਈ ਤੋਂ 2 ਦਿਨਾਂ ਦੇ ਅੰਦਰ ਪਾਈ ਜਾਂਦੀ ਹੈ। ਇਸ ਤੋਂ ਇਲਾਵਾ ਝੋਨੇ ਵਿੱਚ ਜ਼ਿੰਕ ਦੀ ਘਾਟ ਨੂੰ ਪੂਰਾ ਕਰਨ ਲਈ ਪ੍ਰਤੀ ਏਕੜ 5 ਤੋਂ 10 ਕਿਲੋ ਜ਼ਿੰਕ ਖਾਦ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ।
ਮਨਦੀਪ ਸਿੰਘ ਨੇ ਦੱਸਿਆ ਕਿ ਜ਼ਮੀਨ ਦਾ ਪ੍ਰਤੀ ਏਕੜ ਸਾਲਾਨਾ ਠੇਕਾ 65 ਤੋਂ 70 ਹਜ਼ਾਰ ਰੁਪਏ ਤੱਕ ਹੋਣ ਕਾਰਨ ਠੇਕੇਦਾਰ ਕਿਸਾਨ ਆਪਣੀ ਫ਼ਸਲ ਦਾ ਚੰਗਾ ਝਾੜ ਲੈਣ ਲਈ ਝੋਨੇ ਨੂੰ ਤਿੰਨ ਤੋਂ ਚਾਰ ਬੋਰੀਆਂ ਯੂਰੀਆ ਖਾਦ ਪਾਉਣ ਤੋਂ ਇਲਾਵਾ ਨਦੀਨਨਾਸ਼ਕ, ਤੇਲਾ, ਸੁੰਡੀ ਆਦਿ ਦੀ ਰੋਕਥਾਮ ਲਈ ਛਿੜਕਾਅ 'ਤੇ ਵੀ ਭਾਰੀ ਖਰਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਖੇਤੀਬਾੜੀ ਮਾਹਰਾਂ ਦੀ ਸਲਾਅ ਮੁਤਾਬਕ ਨਿਰਧਾਰਤ ਖਾਦਾਂ ਹੀ ਝੋਨੇ ਦੀ ਫ਼ਸਲ ਨੂੰ ਪਾਈਆਂ ਜਾਣ, ਤਾਂ ਝਾੜ 8 ਤੋਂ 10 ਕੁਇੰਟਲ ਘੱਟ ਆ ਸਕਦਾ ਹੈ, ਇਸ ਲਈ ਕਿਸਾਨ ਵੱਧ ਝਾੜ ਲੈਣ ਲਈ ਇਹ ਜੋਖਮ ਭਰੇ ਉਪਾਅ ਕਰ ਰਹੇ ਹਨ।
- ਲੋੜ ਤੋਂ ਵੱਧ ਖਾਦਾਂ ਪਾ ਕੇ ਕਿਸਾਨ ਆ ਰਹੇ ਹਨ ਵਾਧੂ ਬੋਝ ਹੇਠ : ਜ਼ਿਲ੍ਹਾ ਖੇਤੀਬਾੜੀ ਅਫ਼ਸਰ
ਜ਼ਿਲ੍ਹਾ ਖੇਤੀਬਾੜੀ ਅਫ਼ਸਰ ਸਾਹਬਾਜ਼ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਖੇਤੀਬਾੜੀ ਮਾਹਰਾਂ ਦੀ ਸਲਾਅ ਅਨੁਸਾਰ ਹੀ ਝੋਨੇ ਅਤੇ ਬਾਸਮਤੀ ਨੂੰ ਖਾਦਾਂ ਤੇ ਕੀਟਨਾਸ਼ਕ ਦਵਾਈਆਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਰਮਲ ਦੀਆਂ ਵੱਖ-ਵੱਖ ਕਿਸਮਾਂ ਨੂੰ ਬਿਜਾਈ ਤੋਂ ਲੈ ਕੇ ਪੱਕਣ ਤੱਕ ਪ੍ਰਤੀ ਏਕੜ 90 ਕਿਲੋ ਯੂਰੀਆ ਖਾਦ ਪਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਖੇਤਾਂ ਵਿੱਚ ਦੇਸੀ ਰੂੜੀ ਜਾਂ ਹਰੀ ਖਾਦ ਦੀ ਵਰਤੋਂ ਕੀਤੀ ਗਈ ਹੋਵੇ, ਉੱਥੇ ਪ੍ਰਤੀ ਏਕੜ 80 ਕਿਲੋ ਖਾਦ ਹੀ ਕਾਫ਼ੀ ਹੈ। ਜ਼ਿਲ੍ਹਾ ਖੇਤੀਬਾੜੀ ਅਫ਼ਸਰ ਨੇ ਸਪੱਸ਼ਟ ਕਿਹਾ ਕਿ ਝੋਨੇ ਅਤੇ ਬਾਸਮਤੀ ਨੂੰ ਡਾਇਆ ਖਾਦ ਪਾਉਣ ਦੀ ਕੋਈ ਲੋੜ ਨਹੀਂ, ਕਿਉਂਕਿ ਕਿਸਾਨਾਂ ਵੱਲੋਂ ਕਣਕ ਦੀ ਫ਼ਸਲ ਲਈ ਪਹਿਲਾਂ ਹੀ ਡਾਇਆ ਖਾਦ ਪਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਝੋਨੇ ਨੂੰ ਪੋਟਾਸ਼ ਖਾਦ ਵੀ ਨਹੀਂ ਪਾਉਣੀ ਚਾਹੀਦੀ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਕਿਸਾਨ ਵੱਧ ਝਾੜ ਦੀ ਦੌੜ ਵਿੱਚ ਬੇਲੋੜੀਆਂ ਖਾਦਾਂ ਪਾ ਕੇ ਸਿਰਫ਼ ਆਪਣੇ ’ਤੇ ਵਾਧੂ ਆਰਥਿਕ ਬੋਝ ਹੀ ਪਾ ਰਹੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀਬਾੜੀ ਮਾਹਰਾਂ ਦੀ ਸਲਾਅ ਅਨੁਸਾਰ ਛੋਟੇ-ਛੋਟੇ ਪਲਾਟਾਂ ਵਿੱਚ ਖਾਦਾਂ ਅਤੇ ਦਵਾਈਆਂ ਦੀ ਵਰਤੋਂ ਕਰਕੇ ਝੋਨਾ ਬੀਜ ਕੇ ਦੇਖਣ, ਕਿਉਂਕਿ ਅਜਿਹੇ ਪਲਾਟਾਂ ਦਾ ਝਾੜ ਵਧੀਆ ਰਹੇਗਾ ਅਤੇ ਵਾਧੂ ਖਰਚੇ ਤੋਂ ਵੀ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵਧੇਰੇ ਖਾਦਾਂ ਪਾ ਕੇ ਪਾਲੀਆਂ ਫ਼ਸਲਾਂ ਦਾ ਕੱਦ ਲੰਮਾ ਹੋ ਜਾਂਦਾ ਹੈ, ਜਿਸ ਕਾਰਨ ਉਹ ਹਵਾ ਨਾਲ ਡਿੱਗਣ ਦਾ ਖ਼ਤਰਾ ਵਧ ਜਾਂਦਾ ਹੈ।
-ਖਾਦਾਂ ਮਨੁੱਖੀ ਸਿਹਤ ਲਈ ਹਾਨੀਕਾਰਕ : ਡਾ. ਸੁਖਦੀਪ ਸਿੰਘ ਭਾਗੋਵਾਲੀਆ
ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਵਿੱਚ ਤਾਇਨਾਤ ਮੈਡੀਸਨ ਸਪੈਸ਼ਲਿਸਟ ਡਾ. ਸੁਖਦੀਪ ਸਿੰਘ ਭਾਗੋਵਾਲੀਆ ਨੇ ਦੱਸਿਆ ਕਿ ਵਧੇਰੇ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਮਨੁੱਖੀ ਸਿਹਤ ਲਈ ਨੁਕਸਾਨਦੇਹ ਹਨ। ਉਨ੍ਹਾਂ ਕਿਹਾ ਕਿ ਮਨੁੱਖੀ ਸਿਹਤ ਦੀ ਤੰਦਰੁਸਤੀ ਨੂੰ ਮੁੱਖ ਰੱਖਦਿਆਂ ਖਾਦਾਂ ਦੀ ਵਰਤੋਂ ਵੀ ਖੇਤੀਬਾੜੀ ਮਾਹਰਾਂ ਦੀ ਸਲਾਅ ਨਾਲ ਹੀ ਕੀਤੀ ਜਾਵੇ।