ਅਧਿਆਪਕ ਗੁਰਪ੍ਰੀਤ ਸਿੰਘ ਦੀ ਮੌਤ 'ਤੇ ਇਨਸਾਫ਼ ਦੀ ਮੰਗ ਐੱਸਆਈਆਰ ਦੇ ਸਰਵੇ ਦੇ ਕੰਮ ਦੇ ਬੋਝ ਕਾਰਨ ਅਧਿਆਪਕ ਗੁਰਪ੍ਰੀਤ ਸਿੰਘ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ
Publish Date: Wed, 08 Jul 2026 04:50 PM (IST)
Updated Date: Wed, 08 Jul 2026 04:51 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੁਰਦਾਸਪੁਰ: ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਜ਼ਿਲ੍ਹਾ ਗੁਰਦਾਸਪੁਰ ਨੇ ਐੱਸਆਈਆਰ ਦੇ ਕੰਮ ਦੇ ਬੋਝ ਕਾਰਨ ਅਧਿਆਪਕ ਗੁਰਪ੍ਰੀਤ ਸਿੰਘ ਦੀ ਮੌਤ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ ਅਤੇ ਪੰਜਾਬ ਸਰਕਾਰ ਤੋਂ ਪਰਿਵਾਰ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ ਹੈ। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਸੋਮ ਸਿੰਘ ਅਤੇ ਜਨਰਲ ਸਕੱਤਰ ਰਜਨੀ ਪ੍ਰਕਾਸ਼ ਸਿੰਘ ਨੇ ਮੀਟਿੰਗ ਕਰਕੇ ਬਿਆਨ ਜਾਰੀ ਕੀਤਾ। ਉਨ੍ਹਾਂ ਦੱਸਿਆ ਕਿ ਐੱਸਆਈਆਰ ਸਰਵੇ ’ਚ ਡਿਊਟੀ ਕਰ ਰਹੇ ਮੁਲਾਜ਼ਮਾਂ ’ਤੇ ਪ੍ਰਸ਼ਾਸਨ ਵੱਲੋਂ ਮਾਨਸਿਕ ਦਬਾਅ ਬਣਾਇਆ ਜਾ ਰਿਹਾ ਹੈ। ਅਧਿਆਪਕ ਰਾਤ ਭਰ ਜਾਗ ਕੇ ਕੰਮ ਕਰ ਰਹੇ ਹਨ ਪਰ ਫਿਰ ਵੀ ਪ੍ਰਸ਼ਾਸਨ ਵੱਲੋਂ ਕੰਮ ਜਲਦੀ ਨਿਬੇੜਨ ਲਈ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਗਰਾਊਂਡ ਪੱਧਰ ’ਤੇ ਹਕੀਕਤ ਕੁਝ ਹੋਰ ਹੈ। ਲੋਕ ਬੀਐੱਲਓ ਨੂੰ ਲੋੜੀਂਦੇ ਦਸਤਾਵੇਜ਼ ਨਹੀਂ ਦੇ ਰਹੇ। ਅੱਤ ਦੀ ਗਰਮੀ ’ਚ ਕਰਮਚਾਰੀਆਂ ਨੂੰ ਲੋਕਾਂ ਦੇ ਦਰਵਾਜ਼ਿਆਂ ’ਤੇ 15-20 ਮਿੰਟ ਉਡੀਕ ਕਰਨ ਦੇ ਬਾਵਜੂਦ ਕੱਲ੍ਹ ਆਉਣ ਦਾ ਜਵਾਬ ਮਿਲਦਾ ਹੈ। ਜੇਕਰ ਕੋਈ ਬੀਐੱਲਓ ਵੋਟਰਾਂ ਦੇ ਘਰ ਦੋ-ਤਿੰਨ ਚੱਕਰ ਮਾਰਨ ਤੋਂ ਬਾਅਦ ਦਰਵਾਜ਼ਾ ਬੰਦ ਪਾਉਂਦਾ ਹੈ ਤਾਂ ਡਿਊਟੀ ਕਰ ਰਹੇ ਮੁਲਾਜ਼ਮਾਂ ਨੂੰ ਦਰਵਾਜ਼ਿਆਂ ’ਤੇ ਸਟਿੱਕਰ ਲਗਾਉਣੇ ਪੈਂਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਅਫ਼ਸਰਸ਼ਾਹੀ ਇਸ ਹਕੀਕਤ ਨੂੰ ਸਮਝਣ ਦੀ ਬਜਾਏ ਬੇਲੋੜਾ ਦਬਾਅ ਬਣਾ ਰਹੀ ਹੈ। ਇਸੇ ਦਬਾਅ ਦਾ ਨਤੀਜਾ ਸੀ ਕਿ ਐੱਸਆਈਆਰ ਦੇ ਕੰਮ ਦੇ ਬੇਲੋੜੇ ਬੋਝ ਕਾਰਨ ਭੈਣੀ ਮੀਆਂ ਖਾਂ ਸਕੂਲ ’ਚ ਡਿਊਟੀ ਕਰ ਰਹੇ ਅਧਿਆਪਕ ਗੁਰਪ੍ਰੀਤ ਸਿੰਘ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ। ਯੂਨੀਅਨ ਨੇ ਇਸ ਹੋਣਹਾਰ ਅਧਿਆਪਕ ਦੀ ਮੌਤ ’ਤੇ ਬੇਹੱਦ ਅਫ਼ਸੋਸ ਪ੍ਰਗਟ ਕੀਤਾ। ਪਰਿਵਾਰ ਨਾਲ ਹਮਦਰਦੀ ਜਤਾਉਂਦਿਆਂ ਯੂਨੀਅਨ ਨੇ ਪ੍ਰਸ਼ਾਸਨ ਵੱਲੋਂ ਪਾਏ ਜਾ ਰਹੇ ਬੇਲੋੜੇ ਦਬਾਅ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ। ਯੂਨੀਅਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਜਿਹੜਾ ਵੀ ਦੋਸ਼ੀ ਪਾਇਆ ਜਾਵੇ, ਉਸ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਅਧਿਆਪਕ ਗੁਰਪ੍ਰੀਤ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਅਧਿਆਪਕਾਂ ਦੀ ਲਾਮਬੰਦੀ ਕਰਕੇ ਵੱਡੇ ਪੱਧਰ ’ਤੇ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਕੌਂਸ ਰਾਜ, ਪ੍ਰਵੇਸ਼ ਕੁਮਾਰ, ਸੰਜੀਵ ਕੁਮਾਰ, ਪਵਨ ਕੁਮਾਰ, ਹਰਜੀਤ ਸਿੰਘ, ਲਖਵਿੰਦਰ ਸਿੰਘ, ਜਗਮੋਹਨ ਸਿੰਘ, ਗੁਰਿੰਦਰ ਸਿੰਘ, ਕੰਵਲਪ੍ਰੀਤ ਸਿੰਘ, ਜਸਵਿੰਦਰ ਸਿੰਘ, ਹਰਸਿਮਰਨ ਸਿੰਘ, ਜਗਜੀਤ ਸਿੰਘ, ਪਵਨ ਕੁਮਾਰ, ਰਵਿੰਦਰ ਸਿੰਘ, ਅਮਨਦੀਪ ਸਿੰਘ, ਪਿਆਰਾ ਸਿੰਘ ਆਦਿ ਸਾਥੀ ਹਾਜ਼ਰ ਸਨ।