- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਪਰਬਾਰੀ ਦੁਆਬ ਨਹਿਰ ’ਚ ਪਹਾੜਾਂ ਤੋਂ ਆਉਣ ਵਾਲੇ ਪਾਣੀ ਨੂੰ ਸ਼ੁੱਧ ਕਰਨ ਲਈ ਪੁਲ ਕੁੰਜਰ ਅਤੇ ਪਾਰੋਵਾਲ ਵਿਖੇ ਬਣਾਏ ਜਾਣ ਵਾਲੇ ਇਸ ਸਰਫਿਸ ਵਾਟਰ ਪ੍ਰੋਜੈਕਟ ਲਈ 145 ਕਰੋੜ 24 ਲੱਖ ਰੁਪਏ ਖਰਚ ਕਰ ਕੇ 150 ਪਿੰਡਾਂ ਦੇ ਲੋਕਾਂ ਨੂੰ ਹਿਮਾਚਲ ਦੀਆਂ ਪਹਾੜੀਆਂ ਤੋਂ ਆਉਣ ਵਾਲਾ ਸ਼ੁੱਧ ਪਾਣੀ ਮੁਹੱਈਆ ਕਰਵਾਇਆ ਜਾਣਾ ਸੀ ਪਰ ਇਸ ਪ੍ਰੋਜੈਕਟ ਦੇ ਪੰਜ ਸਾਲ ਬੀਤ ਜਾਣ ਦੇ ਬਾਵਜੂਦ ਵੀ ਪਿੰਡਾਂ ਦੇ ਲੋਕਾਂ ਨੂੰ ਸ਼ੁੱਧ ਪਾਣੀ ਨਸੀਬ ਨਹੀਂ ਹੋਇਆ।

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ : ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡਾਂ ’ਚ ਨਲਕਿਆਂ, ਟਿਊਬਵੈਲਾਂ ਅਤੇ ਵਾਟਰ ਸਪਲਾਈ ਦੀਆਂ ਟੈਂਕੀਆਂ ਦੇ ਪਾਣੀ ’ਚ ਆਰਸੈਨਿਕ ਤੇ ਮੈਟਲ ਤੱਤਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵੱਲੋਂ ਅੱਪਰਬਾਰੀ ਦੁਆਬ ਨਹਿਰ ਦੇ ਪੁਲ ਕੁੰਜਰ ਅਤੇ ਪਾਰੋਵਾਲ ਵਿਖੇ ਇਕ ਫਰਵਰੀ 2021 ਨੂੰ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੈਨੀਟੇਸ਼ਨ ਵਿਭਾਗ ਦੀ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਅਤੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਉਸ ਸਮੇਂ ਦੇ ਜੇਲ੍ਹ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸਰਫਿਸ ਵਾਟਰ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ ਸੀ।
ਅਪਰਬਾਰੀ ਦੁਆਬ ਨਹਿਰ ’ਚ ਪਹਾੜਾਂ ਤੋਂ ਆਉਣ ਵਾਲੇ ਪਾਣੀ ਨੂੰ ਸ਼ੁੱਧ ਕਰਨ ਲਈ ਪੁਲ ਕੁੰਜਰ ਅਤੇ ਪਾਰੋਵਾਲ ਵਿਖੇ ਬਣਾਏ ਜਾਣ ਵਾਲੇ ਇਸ ਸਰਫਿਸ ਵਾਟਰ ਪ੍ਰੋਜੈਕਟ ਲਈ 145 ਕਰੋੜ 24 ਲੱਖ ਰੁਪਏ ਖਰਚ ਕਰ ਕੇ 150 ਪਿੰਡਾਂ ਦੇ ਲੋਕਾਂ ਨੂੰ ਹਿਮਾਚਲ ਦੀਆਂ ਪਹਾੜੀਆਂ ਤੋਂ ਆਉਣ ਵਾਲਾ ਸ਼ੁੱਧ ਪਾਣੀ ਮੁਹੱਈਆ ਕਰਵਾਇਆ ਜਾਣਾ ਸੀ ਪਰ ਇਸ ਪ੍ਰੋਜੈਕਟ ਦੇ ਪੰਜ ਸਾਲ ਬੀਤ ਜਾਣ ਦੇ ਬਾਵਜੂਦ ਵੀ ਪਿੰਡਾਂ ਦੇ ਲੋਕਾਂ ਨੂੰ ਸ਼ੁੱਧ ਪਾਣੀ ਨਸੀਬ ਨਹੀਂ ਹੋਇਆ।
ਇਥੇ ਦੱਸਣਯੋਗ ਹੈ ਕਿ ਭਾਵੇਂ ਸੈਨੀਟੇਸ਼ਨ ਵਿਭਾਗ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੀ ਕੌਮਾਂਤਰੀ ਸਰਹੱਦ ਨਾਲ ਲੱਗਦੇ ਬਲਾਕ ਡੇਰਾ ਬਾਬਾ ਨਾਨਕ, ਕਲਾਨੌਰ, ਧਾਰੀਵਾਲ, ਫਤਿਹਗੜ੍ਹ ਚੂੜੀਆਂ ਅਤੇ ਗੁਰਦਾਸਪੁਰ ਦੇ ਪਿੰਡਾਂ ਦੇ ਲੋਕਾਂ ਨੂੰ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਲਈ ਸੈਨੀਟੇਸ਼ਨ ਵਿਭਾਗ ਵੱਲੋਂ ਪਿੰਡਾਂ ਵਿਚ ਆਰਸੈਨਿਕ ਪਲਾਂਟ ਲਾਏ ਗਏ ਹਨ ਪਰ ਕੁੰਜਰ ਅਤੇ ਪਾਰੋਵਾਲ ਸਰਫਿਸ ਵਾਟਰ ਪ੍ਰੋਜੈਕਟ ਤੋਂ ਮਿਲਣ ਵਾਲੇ ਸ਼ੁੱਧ ਪਾਣੀ ਨੂੰ ਉਕਤ ਪਿੰਡਾਂ ਦੇ ਲੋਕ ਬੇਸਬਰੀ ਨਾਲ ਉਡੀਕ ਰਹੇ ਹਨ। ਜਾਣਕਾਰੀ ਅਨੁਸਾਰ ਪਹਾੜਾਂ ਤੋਂ ਅੱਪਰਬਾਰੀ ਦੁਆਬ ਨਹਿਰ ’ਚ ਆਉਣ ਵਾਲੇ ਪਾਣੀ ਨੂੰ ਸ਼ੁੱਧ ਬਣਾਉਣ ਲਈ ਅਪਰਬਾਰੀ ਦੁਆਬ ਨਹਿਰ ਦੇ ਪੁਲ ਕੁੰਜਰ ਤੇ 84 ਕਰੋੜ 10 ਲੱਖ ਅਤੇ ਅਪਰਬਾਰੀ ਦੁਆਬ ਨਹਿਰ ਦੇ ਕੰਢੇ ’ਤੇ ਸਥਿਤ ਪਾਰੋਵਾਲ ਪੁਲ ਤੇ 61 ਕਰੋੜ 14 ਲੱਖ ਰੁਪਏ ਦੀ ਲਾਗਤ ਨਾਲ ਤਕਰੀਬਨ 150 ਪਿੰਡਾਂ ਨੂੰ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਲਈ ਅੰਡਰਗਰਾਊਂਡ ਪਾਈਪਾਂ ਲਾਈਨ ਜੰਗੀ ਪੱਧਰ ’ਤੇ ਪਾਈਆਂ ਜਾ ਰਹੀਆਂ ਹਨ। ਪਿਛਲੇ ਸਮੇਂ ਦੌਰਾਨ ਵਰਲਡ ਬੈਂਕ ਦੇ ਸਹਿਯੋਗ ਨਾਲ ਸਰਹੱਦੀ ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡਾਂ ਵਿੱਚ 30 ਦੇ ਕਰੀਬ ਡੇਰਾ ਬਾਬਾ ਨਾਨਕ ਬਲਾਕ ’ਚ 48 ਦੇ ਕਰੀਬ ਵਾਟਰ ਸਪਲਾਈ ਦੀਆ ਟੈਂਕੀਆਂ ਬਣਾਈਆਂ ਗਈਆਂ ਸਨ, ਪਰ ਵਾਟਰ ਸਪਲਾਈ ਦੀਆਂ ਟੈਂਕੀਆਂ ਦਾ ਵੀ ਪਾਣੀ ਦੂਸ਼ਿਤ ਹੋਣ ਤੋਂ ਬਾਅਦ ਸੈਨੀਟੇਸ਼ਨ ਵਿਭਾਗ ਵੱਲੋਂ ਮੁੜ ਪਿੰਡਾਂ ਦੇ ਲੋਕਾਂ ਨੂੰ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਲਈ ਕਰੋੜਾਂ ਰੁਪਏ ਦੀ ਲਾਗਤ ਨਾਲ ਅਪਰਬਾਰੀ ਦੁਆਬ ਨਹਿਰ ਤੇ ਪੁਲ ਕੁੰਜਰ ’ਤੇ ਬਣਾਏ ਜਾ ਰਹੇ ਸਰਫਿਸ ਵਾਟਰ ਪ੍ਰਾਜੈਕਟ ਰਾਹੀਂ ਬਲਾਕ ਕਲਾਨੌਰ ਧਾਰੀਵਾਲ ਅਤੇ ਗੁਰਦਾਸਪੁਰ ਬਲਾਕ ਅਧੀਨ ਆਉਂਦੇ 102 ਪਿੰਡਾਂ ਨੂੰ ਪਾਣੀ ਪੁੱਜਦਾ ਕਰਨ ਤੋਂ ਇਲਾਵਾ ਪਾਰੋਵਾਲ ਸਰਫਿਸ ਵਾਟਰ ਪ੍ਰਾਜੈਕਟ ਡੇਰਾ ਬਾਬਾ ਨਾਨਕ, ਬਲਾਕ ਤੇ ਤੇ ਫਤਿਹਗੜ੍ਹ ਚੂੜੀਆਂ ਦੇ 48 ਦੇ ਕਰੀਬ ਪਿੰਡਾਂ ਨੂੰ ਮੁਹੱਈਆ ਕਰਵਾਉਣ ਲਈ ਅੰਡਰਗਰਾਊਂਡ ਪਾਈਪ ਲਾਈਨਾਂ ਜੰਗੀ ਪੱਧਰ ’ਤੇ ਪਾਉਣ ਤੋਂ ਇਲਾਵਾ ਪਿੰਡਾਂ ’ਚ ਵਾਟਰ ਸਪਲਾਈ ਦੀਆਂ ਨਵੀਆਂ ਟੈਂਕੀਆਂ ਦਾ ਵੀ ਨਿਰਮਾਣ ਕਰਵਾਇਆ ਗਿਆ ਹੈ ਜਿਸ ਰਾਹੀਂ ਪਿੰਡਾਂ ਦੇ ਲੱਖਾ ਲੋਕਾਂ ਨੂੰ ਸ਼ੁੱਧ ਪਾਣੀ ਮੁਹੱਈਆ ਹੋਵੇਗਾ।
ਇੱਥੇ ਦੱਸਣ ਯੋਗ ਹੈ ਕਿ 2023 ’ਚ ਸੈਨੀਟੇਸ਼ਨ ਵਿਭਾਗ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਬਲਾਕ ਕਲਾਨੌਰ ’ਚ ਆਰਸੈਨਿਕ ਪਲਾਂਟ 32 ਪਿੰਡਾਂ, ਡੇਰਾ ਬਾਬਾ ਨਾਨਕ ਬਲਾਕ ਵਿੱਚ 33 ਦੇ ਕਰੀਬ ਆਰ ਸੈਨਿਕ ਪਲਾਂਟ ਪਿੰਡਾਂ ’ਚ ਲਾਏ ਜਾ ਚੁੱਕੇ ਹਨ ਅਤੇ ਆਰਸੈਨਿਕ ਪਲਾਂਟ ਤੋਂ ਹਰੇਕ ਪਰਿਵਾਰ ਦੇ ਮੈਂਬਰ ਨੂੰ ਏਟੀਐੱਮ ਕਾਰਡ ਜਾਰੀ ਕੀਤਾ ਗਿਆ ਹੈ ਜਿਸ ਤੇ ਰੋਜ਼ਾਨਾ 40 ਲੀਟਰ ਪਾਣੀ ਪ੍ਰਾਪਤ ਕੀਤਾ ਜਾ ਸਕਦਾ ਹੈ ਪਰ ਜ਼ਿਆਦਾਤਰ ਪਿੰਡਾਂ ’ਚ ਅਜੇ ਵੀ ਲੋਕ ਕੁੰਜਰ ਅਤੇ ਪਾਰੋਵਾਲ ਵਿਖੇ ਬਣਾਏ ਗਏ ਸਰਫਿਸ ਵਾਟਰ ਪ੍ਰੋਜੈਕਟ ਦੇ ਸ਼ੁੱਧ ਪਾਣੀ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।
---
ਐੱਨਓਸੀ ਪ੍ਰਾਪਤ ਹੋ ਚੁੱਕੀਆਂ, ਲੋਕਾਂ ਨੂੰ ਜਲਦ ਮਿਲੇਗਾ ਸ਼ੁੱਧ ਪਾਣੀ : ਐੱਸਡੀਓ
ਸਰਫਿਸ ਵਾਟਰ ਪ੍ਰੋਜੈਕਟ ਕੁੰਜਰ ਦਾ ਨਿਰਮਾਣ ਕਰਵਾ ਰਹੇ ਐੱਸਡੀਓ ਅਨਿਲ ਕੁਮਾਰ ਨੇ ਦੱਸਿਆ ਕਿ ਇਸ ਪ੍ਰੋਜੈਕਟ ਅਧੀਨ ਆਉਂਦੇ ਬਾਰਡਰ ਏਰੀਏ ਦੇ ਪਿੰਡਾਂ ਨੂੰ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਲਈ ਅੰਡਰਗਰਾਊਂਡ ਪੈਣ ਵਾਲੀਆਂ ਪਾਇਪਾਂ ਦੀ ਜੰਗਲਾਤ ਵਿਭਾਗ ਅਤੇ ਨੈਸ਼ਨਲ ਹਾਈਵੇ ਅਥਾਰਟੀ ਕੋਲੋਂ ਐੱਨਓਸੀ ਪ੍ਰਾਪਤ ਕਰਨੀ ਸੀ ਜੋ ਪ੍ਰਾਪਤ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ 102 ਪਿੰਡਾਂ ਨੂੰ 132 ਕਿਲੋਮੀਟਰ ਏਰੀਏ ਵਿੱਚ ਪਾਈਆਂ ਜਾਣ ਵਾਲੀਆਂ ਅੰਡਰਗਰਾਉਂਡ ਪਾਇਪਾਂ ਵਿੱਚੋਂ ਕਰੀਬ 25 ਕਿਲੋਮੀਟਰ ਅੰਡਰ ਗਰਾਊਂਡ ਪਾਈਪਾਂ ਪਾਉਣ ਵਾਲੀਆਂ ਸਨ, ਉਨ੍ਹਾਂ ਦਾ ਵੀ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਜਦਕਿ ਸਰਫਿਸ ਵਾਟਰ ਪ੍ਰੋਜੈਕਟ ਕੁੰਜਰ ਦਾ ਨਿਰਮਾਣ ਵੀ 80 ਫ਼ੀਸਦੀ ਹੋ ਚੁੱਕਾ ਹੈ ਅਤੇ ਇਸ ਪ੍ਰੋਜੈਕਟ ਵਿੱਚ ਲੱਗਣ ਵਾਲੀ 50 ਫ਼ੀਸਦੀ ਦੀ ਮਸ਼ੀਨਰੀ ਵੀ ਪਹੁੰਚ ਗਈ ਹੈ। ਜੇਕਰ ਕੰਮ ਚੱਲਦਾ ਰਿਹਾ ਤਾਂ ਗਰਮੀਆਂ ਦੇ ਮੌਸਮ ਦੌਰਾਨ ਉਕਤ ਪਿੰਡਾਂ ਦੇ ਲੋਕਾਂ ਨੂੰ ਪਹਾੜਾ ਦਾ ਸ਼ੁੱਧ ਪਾਣੀ ਪੀਣ ਲਈ ਮੁਹੱਈਆ ਕਰਵਾ ਦਿੱਤਾ ਜਾਵੇਗਾ।