ਈ ਪੋਜ਼ ਮਸ਼ੀਨ ਦਾ ਸਰਵਰ ਡਾਊਨ, ਤਿੰਨ ਵਾਰ ਅੰਗੂਠੇ ਲਾਉਣ ਕਾਰਨ ਲਾਭਪਾਤਰੀ ਹੋ ਰਹੇ ਪਰੇਸ਼ਾਨ
ਈ ਪੋਜ਼ ਮਸ਼ੀਨ ਦਾ ਸਰਵਰ ਡਾਊਨ, ਤਿੰਨ ਵਾਰ ਅੰਗੂਠੇ ਲਾਉਣ ਕਾਰਨ ਲਾਭਪਾਤਰੀ ਹੋ ਰਹੇ ਪਰੇਸ਼ਾਨ
Publish Date: Sat, 13 Jun 2026 04:12 PM (IST)
Updated Date: Sat, 13 Jun 2026 04:15 PM (IST)

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ ਕਲਾਨੌਰ : ਇਤਿਹਾਸਕ ਕਲਾਨੌਰ ਵਿਖੇ ਸ਼ਨਿਚਰਵਾਰ ਨੂੰ ਡੀਪੂ ਹੋਲਡਰ ਵੱਲੋਂ ਗਰੀਬੀ ਰੇਖਾ ਅਧੀਨ ਆਉਂਦੇ ਲਾਭਪਾਤਰੀਆਂ ਨੂੰ ਮੁਫਤ ਕਣਕ ਵੰਡਣ ਮੌਕੇ ਈ ਪੋਜ਼ ਮਸ਼ੀਨ ਦਾ ਸਰਵਰ ਡਾਊਨ ਅਤੇ ਤਿੰਨ ਵਾਰ ਅੰਗੂਠਾ ਲਗਾਉਣ ਕਰ ਕੇ ਲਾਭਪਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਤਿੰਨ ਮਹੀਨਿਆਂ ਦੀ ਕਣਕ ਦਾ ਕੋਟਾ ਲੈਣ ਲਈ ਡਿਪੂ ’ਤੇ ਆਈਆਂ ਮਹਿਲਾਵਾਂ ਅਤੇ ਪੁਰਸ਼ਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਅਪ੍ਰੈਲ ਮਈ ਅਤੇ ਜੂਨ ਮਹੀਨੇ ਦੀ ਤਿੰਨ ਮਹੀਨਿਆਂ ਦੀ ਕਣਕ ਦਾ ਕੋਟਾ ਭੇਜਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਪਿਛਲੇ ਸਮਿਆਂ ਦੌਰਾਨ ਤਿੰਨ ਮਹੀਨੇ ਦਾ ਕੋਟੇ ਦੀ ਕਣਕ ਲੈਣ ਵਾਸਤੇ ਇੱਕ ਵਾਰ ਹੀ ਈ ਪੋਜ਼ ਮਸ਼ੀਨ ਤੇ ਅੰਗੂਠਾ ਲਗਾ ਕੇ ਕਣਕ ਦਿੱਤੀ ਜਾਂਦੀ ਸੀ ਪਰ ਇਸ ਵਾਰ ਤਿੰਨ ਮਹੀਨਿਆਂ ਦੀ ਕਣਕ ਦੇਣ ਸਮੇਂ ਤਿੰਨ ਵਾਰ ਈ ਪੋਜ਼ ਮਸ਼ੀਨ ਤੇ ਅੰਗੂਠਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਜਿੱਥੇ ਪਹਿਲਾਂ ਪੰਜ ਮਿੰਟ ਵਿੱਚ ਹੀ ਅੰਗੂਠਾ ਲਗਾ ਕੇ ਕਣਕ ਦਾ ਕੋਟਾ ਪ੍ਰਾਪਤ ਕਰ ਲਿਆ ਜਾਂਦਾ ਸੀ ਉੱਥੇ ਇਸ ਵਾਰ 20 ਤੋਂ 25 ਮਿੰਟ ਤੱਕ ਵਾਰ ਵਾਰ ਅੰਗੂਠਾ ਲਗਾਉਣ ਦੀ ਪ੍ਰਕਿਰਿਆ ਤੋਂ ਬਾਅਦ ਉਨ੍ਹਾਂ ਨੂੰ ਕਣਕ ਮਿਲਣ ਦਾ ਕੂਪਨ ਕੱਟ ਕੇ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਈ ਪੋਜ਼ ਮਸ਼ੀਨ ਦਾ ਸਰਵਰ ਡਾਊਨ ਹੋ ਜਾਂਦਾ ਹੈ ਤਾਂ ਲੰਮਾ ਸਮਾਂ ਦੀ ਤੋਂ ਬਾਅਦ ਉਹਨਾਂ ਦਾ ਅੰਗੂਠਾ ਮਸ਼ੀਨ ਤੇ ਲੱਗਦਾ ਹੈ ਅਤੇ ਉਹ ਅੱਜ ਕਈ ਘੰਟਿਆਂ ਤੋਂ ਪਰਚੀ ਕੱਟਣ ਦੀ ਉਡੀਕ ਵਿੱਚ ਬੈਠੇ ਹੋਏ ਹਨ। ਇਸ ਮੌਕੇ ਲਾਭਪਾਤਰੀਆਂ ਨੇ ਪੰਜਾਬ ਸਰਕਾਰ ਅਤੇ ਫੂਡ ਸਪਲਾਈ ਵਿਭਾਗ ਤੋਂ ਮੰਗ ਕੀਤੀ ਹੈ ਕਿ ਪਹਿਲਾਂ ਵਾਂਗ ਹੀ ਤਿੰਨ ਮਹੀਨੇ ਦਾ ਕੋਟਾ ਦੇਣ ਮੌਕੇ ਇੱਕੋ ਵਾਰ ਈ ਪੋਜ਼ ਮਸ਼ੀਨ ਤੇ ਲਾਭਪਾਤਰੀ ਦਾ ਅੰਗੂਠਾ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ। ਇਸ ਮੌਕੇ ਸਬੰਧਿਤ ਡਿਪੂ ਹੋਲਡਰ ਜੋਸ਼ੀ ਨੇ ਦੱਸਿਆ ਕਿ ਇਸ ਵਾਰ ਲਾਭਪਾਤਰੀ ਦਾ ਲੜੀਵਾਰ ਤਿੰਨ ਮਹੀਨਿਆਂ ਦਾ ਅੰਗੂਠਾ ਲਗਾਉਣ ਉਪਰੰਤ ਈ ਪੋਜ਼ ਮਸ਼ੀਨ ਵਿੱਚੋਂ ਪਰਚੀ ਕੱਢੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਸਰਵਰ ਡਾਊਨ ਹੋ ਜਾਂਦਾ ਹੈ ਤਾਂ ਲੰਮਾ ਸਮਾਂ ਅੰਗੂਠਾ ਲਗਾਉਣ ਲਈ ਜੱਦੋ-ਜਹਿਦ ਕਰਨੀ ਪੈ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਪਹਿਲਾਂ ਨਾਲੋਂ ਚਾਰ ਗੁਣਾ ਵੱਧ ਸਮਾਂ ਲੱਗ ਰਿਹਾ ਹੈ। ਇਸ ਮੌਕੇ ਜੋਸ਼ੀ ਨੇ ਦੱਸਿਆ ਕਿ 30 ਜੂਨ ਤੱਕ ਲਾਭਪਾਤਰੀਆਂ ਨੂੰ ਕਣਕ ਦਾ ਕੋਟਾ ਮੁਹੱਈਆ ਕਰਵਾਉਣਾ ਹੈ।